ਰਾਹੁਲ ਵੱਲੋਂ ਰਾਏਬਰੇਲੀ ’ਚ ਸੁੰਦਰੀਕਰਨ ਪ੍ਰਾਜੈਕਟ ਦਾ ਉਦਘਾਟਨ
ਰਾਏਬਰੇਲੀ (ਉੱਤਰ ਪ੍ਰਦੇਸ਼), 5 ਨਵੰਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਇੱਥੇ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ (ਦਿਸ਼ਾ) ਦੀ ਮੀਟਿੰਗ ’ਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪਣੇ ਹਲਕੇ ’ਚ ਸੁੰਦਰੀਕਰਨ ਪ੍ਰਾਜੈਕਟ ਤੇ ਸੜਕਾਂ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਹਾਲਾਂਕਿ ਇਸ ਦੌਰਾਨ ਰਾਹੁਲ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਪਰ ਬਾਅਦ ’ਚ ਫੇਸਬੁਕ ਪੋਸਟ ’ਚ ਉਨ੍ਹਾਂ ਆਖਿਆ ਕਿ ਰਏਬਰੇਲੀ ਦੇ ਲੋਕ ਪੂਰੇ ਅਧਿਕਾਰ ਨਾਲ ਮੈਨੂੰ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ। ਰਾਏਬਰੇਲੀ ਪਹੁੰਚਣ ਤੋਂ ਪਹਿਲਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਰਸਤੇ ’ਚ ਚੁਰਵਾ ਦੇ ਹਨੂਮਾਨ ਮੰਦਰ ’ਚ ਮੱਥਾ ਟੇਕਿਆ ਤੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਵੀ ਕੀਤੀ। ਇਸ ਪਹੁੰਚਣ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ ਨੇ ਰਾਏਬਰੇਲੀ ਦੇ ਡਿਗਰੀ ਕਾਲਜ ਚੌਕ ’ਚ ਮਿਉਂਸਿਪਲ ਕਾਰਪੋਰੇਸ਼ਨ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਮਗਰੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਸੜਕ ਉਸਾਰੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ‘ਦਿਸ਼ਾ’ ਦੀ ਮੀਟਿੰਗ ’ਚ ਸ਼ਾਮਲ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੀਟਿੰਗ ਮਨਰੇਗਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਸਣੇ ਲੋਕ ਭਲਾਈ ਦੇ ਕਈ ਅਹਿਮ ਮੁੱਦਿਆਂ ’ਤੇ ਕੇਂਦਰਤ ਸੀ। ਮੀਟਿੰਗ ’ਚ ਜ਼ਿਲ੍ਹੇ ਦੇ ਵਿਕਾਸ ਦਾ ਖਾਕਾ ਤਿਆਰ ਕੀਤਾ ਗਿਆ ਅਤੇ ਕੇਂਦਰ ਸਕੀਮਾਂ ਦੀ ਸਮੀਖਿਆ ਕੀਤੀ ਗਈ। ਸੰਸਦ ਮੈਂਬਰ ਬਣਨ ਤੋਂ ਬਾਅਦ ਰਾਹੁਲ ਗਾਂਧੀ ਦੀ ਸਥਾਨਕ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਸੀ। ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਲਖਨਊ ਲਈ ਰਵਾਨਾ ਹੋ ਗਏ। ਪੋਸਟ ’ਚ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਮਾਇਨੇ ਨਹੀਂ ਰੱਖਦਾ ਕਿ ਰਾਏਬਰੇਲੀ ਨਾਲ ਮੇਰਾ ਰਿਸ਼ਤਾ ਕਿੰਨਾ ਪੁਰਾਣਾ ਹੈ। ਮੇਰੇ ਹਰ ਵਾਰ ਇੱਥੇ ਆਉਣ ਨਾਲ ਇਹ ਹੋਰ ਗੂੜ੍ਹਾ ਹੁੰਦਾ ਹੈ। ਇੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਹ ਪੂਰੇ ਹੱਕ ਨਾਲ ਮੈਨੂੰ ਆਪਣੀਆਂ ਮੁਸ਼ਕਲਾਂ ਦੱਸ ਸਕਦੇ ਹਨ।’’ -ਪੀਟੀਆਈ
‘ਰਾਹੁਲ ਨੇ ਆਪਣੇ ਹਲਕੇ ’ਚ ਇਕ ਰਾਤ ਵੀ ਨਹੀਂ ਗੁਜ਼ਾਰੀ’
ਉੱਤਰ ਪ੍ਰਦੇਸ਼ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨੂੰ ‘ਰਾਏਬਰੇਲੀ ਕਾ ਰਾਹੁਲ’ ਦੇ ਟਾਈਟਲ ਵਾਲਾ ਪੋਸਟਰ ਦਿਖਾਇਆ। ਪੋਸਟਰ ’ਚ ਭਾਜਪਾ ਆਗੂ ਹਲਕੇ ’ਚ ਘੱਟ ਸਮਾਂ ਬਿਤਾਉਣ ਕਾਰਨ ਰਾਹੁਲ ਗਾਂਧੀ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਆਖਿਆ, ‘‘ਛੇ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਸੰਸਦ ਮੈਂਬਰ (ਰਾਹੁਲ ਗਾਂਧੀ) ਨੇ ਆਪਣੇ ਹਲਕੇ ’ਚ ਇੱਕ ਰਾਤ ਵੀ ਨਹੀਂ ਗੁਜ਼ਾਰੀ। ਦਿਨੇਸ਼ ਨੇ ਕਾਂਗਰਸੀ ਆਗੂੁ ਨੂੰ ਰਾਏਬਰੇਲੀ ’ਚ ਰਾਤ ਗੁਜ਼ਾਰਨ ਦੀ ਅਪੀਲ ਕਰਦਿਆਂ ਆਖਿਆ, ‘‘ਪਿਛਲੇ ਛੇ ਮਹੀਨਿਆਂ ’ਚ ਰਾਹੁਲ ਨੇ ਇੱਥੇ ਸਿਰਫ ਛੇ ਘੰਟੇ ਬਿਤਾਏ ਹਨ। ਇਸ ਤਰ੍ਹਾਂ ਪੰਜ ਸਾਲਾਂ ’ਚ ਇਹ 50 ਘੰਟੇ ਹੋਣਗੇ। ਇਹ ਸਮਾਂ ਸਿਰਫ ਦੋ ਦਿਨ ਬਣਦਾ ਹੈ।’’
ਜਾਤੀ ਜਨਗਣਨਾ ਕਰਵਾਉਣ ਲਈ ਵਚਨਬੱਧ ਹਾਂ: ਰਾਹੁਲ
ਹੈਦਰਾਬਾਦ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਤਿਲੰਗਾਨਾ ’ਚ ਜਾਤੀ ਜਨਗਣਨਾ ਯਕੀਨੀ ਬਣਾਉਣ ਅਤੇ ਸੂੁਬੇ ਨੂੰ ਦੇਸ਼ ’ਚ ਜਾਤੀ ਜਨਗਣਨਾ ਲਈ ਇੱਕ ਆਦਰਸ਼ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਸੂਬਾ ਸਰਕਾਰ ਵੱਲੋਂ 6 ਨਵੰਬਰ ਤੋਂ ਸ਼ੁੁਰੂ ਹੋਣ ਵਾਲੇ ਜਾਤੀ ਸਰਵੇਖਣ ਤੋਂ ਪਹਿਲਾਂ ਤਿੰਲਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਭੇਦਭਾਵ ਦੀ ਹੱਦ ਅਤੇ ਪ੍ਰਕਿਰਤੀ ਦਾ ਮੁਲਾਂਕਣ ਕਰਨ ਲਈ ਜਾਤੀ ਜਨਗਨਣਾ ਪਹਿਲੀ ਪ੍ਰਕਿਰਿਆ ਹੈ। -ਪੀਟੀਆਈ