ਰਾਹੁਲ ਗਾਂਧੀ ਸਿਆਸਤ ਦੇ ‘ਅਸਫ਼ਲ ਉਤਪਾਦ’: ਨੱਢਾ
ਨਵੀਂ ਦਿੱਲੀ, 19 ਸਤੰਬਰ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਸਿਆਸਤ ਦਾ ‘ਅਸਫ਼ਲ ਉਤਪਾਦ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਡਿਆਉਣਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮਜਬੂਰੀ ਹੈ। ਨੱਢਾ ਨੇ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਦੇ ਜਵਾਬ ’ਚ ਇਹ ਗੱਲਾਂ ਆਖੀਆਂ ਜਿਸ ’ਚ ਕਾਂਗਰਸ ਪ੍ਰਧਾਨ ਨੇ ਮੰਗ ਕੀਤੀ ਸੀ ਕਿ ਉਹ ਰਾਹੁਲ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਅਤੇ ਵਿਵਾਦਤ ਬਿਆਨ ਦੇਣ ਵਾਲੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨ। ਨੱਢਾ ਨੇ ਤਿੰਨ ਪੰਨਿਆਂ ਦੇ ਪੱਤਰ ’ਚ ਕਿਹਾ ਕਿ ਕਈ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਖ਼ਿਲਾਫ਼ ਮੰਦਭਾਗੇ ਅਤੇ ਸ਼ਰਮਨਾਕ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਖੜਗੇ ਵੱਲੋਂ ਲਿਖਿਆ ਗਿਆ ਪੱਤਰ ਯਥਾਰਥ ਤੋਂ ਕੋਹਾਂ ਦੂਰ ਹੈ। ਇਸ ਦੌਰਾਨ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌੜੀ ਸਿਆਸਤ ਤੋਂ ਉਪਰ ਉੱਠ ਕੇ ਹੁਕਮਰਾਨ ਗੱਠਜੋੜ ਦੇ ਆਗੂਆਂ ਦੇ ਬਿਆਨਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ, ਜੋ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾ ਰਹੇ ਹਨ।
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਲਿਖੇ ਪੱਤਰ ’ਚ ਕਿਹਾ ਕਿ ਪੂਰਾ ਮੁਲਕ ਦੇਖ ਰਿਹਾ ਹੈ ਕਿ ਕਿਵੇਂ ਹੁਕਮਰਾਨ ਭਾਜਪਾ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਦਗੀ ਖ਼ਤਰੇ ’ਚ ਪਾ ਰਹੀ ਹੈ। -ਪੀਟੀਆਈ