ਰਾਹੁਲ ਗਾਂਧੀ ਨੇ ਊਬਰ ਕੈਬ ਦੀ ਕੀਤੀ ਸਵਾਰੀ
ਨਵੀਂ ਦਿੱਲੀ, 19 ਅਗਸਤ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਾਂਗਰਸ ਦੀਆਂ ਸੂਬਾ ਸਰਕਾਰਾਂ ‘ਗਿਗ ਵਰਕਰਾਂ’ ਲਈ ਠੋਸ ਨੀਤੀਆਂ ਬਣਾ ਕੇ ਉਨ੍ਹਾਂ ਲਈ ਨਿਆਂ ਯਕੀਨੀ ਬਣਾਉਣਗੀਆਂ ਅਤੇ ਵਿਰੋਧੀ ਗੱਠਜੋੜ ‘ਇੰਡੀਆ’ ਇਨ੍ਹਾਂ ਨੀਤੀਆਂ ਦਾ ਦੇਸ਼ ਪੱਧਰ ’ਤੇ ਪਸਾਰ ਯਕੀਨੀ ਬਣਾਏਗਾ। ‘ਗਿਗ ਵਰਕਰਜ਼’ ਉਨ੍ਹਾਂ ਕਿਰਤੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਕੋਲ ਆਰਜ਼ੀ ਕੰਮ ਹੁੰਦਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਊਬਰ ਕੈਬ ਦੀ ਸਵਾਰੀ ਦੀ ਇੱਕ ਵੀਡੀਓ ‘ਐਕਸ’ ’ਤੇ ਸਾਂਝੀ ਕੀਤੀ ਜਿਸ ਵਿੱਚ ਉਹ ਵਾਹਨ ਚਾਲਕ ਸੁਨੀਲ ਉਪਾਧਿਆਏ ਤੋਂ ਉਨ੍ਹਾਂ ਦੇ ਤਜਰਬਿਆਂ ਤੇ ਪ੍ਰੇਸ਼ਾਨੀਆਂ ਬਾਰੇ ਜਾਣਕਾਰੀ ਲੈਂਦੇ ਦਿਖਾਈ ਦੇ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ, ‘ਆਮਦਨ ਕਮ (ਘੱਟ) ਤੇ ਮਹਿੰਗਾਈ ਨਾਲ ਨਿਕਲਦਾ ਦਮ। ਇਹ ਹੈ ਭਾਰਤ ਦੇ ਗਿਗ ਵਰਕਰਾਂ ਦੀ ਹਾਲਤ। ਸੁਨੀਲ ਉਪਾਧਿਆਏ ਜੀ ਨਾਲ ਇੱਕ ਊਬਰ ਯਾਤਰਾ ਦੌਰਾਨ ਚਰਚਾ ਵਿੱਚ ਅਤੇ ਫਿਰ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਦੇਸ਼ ਦੇ ਕੈਬ ਡਰਾਈਵਰ ਤੇ ਡਿਲੀਵਰੀ ਏਜੰਟ ਜਿਹੇ ਗਿਗ ਵਰਕਰਾਂ ਦੀਆਂ ਸਮੱਸਿਆਵਾਂ ਸੁਣੀਆਂ।’ ਉਨ੍ਹਾਂ ਕਿਹਾ, ‘‘ਹੈਂਡ ਟੂ ਮਾਊਥ ਇਨਕਮ’ ’ਚ ਇਨ੍ਹਾਂ ਦਾ ਗੁਜ਼ਾਰਾ ਤੰਗੀ ਨਾਲ ਚਲ ਰਿਹਾ ਹੈ ਅਤੇ ਨਾ ਕੋਈ ਬਚਤ ਹੁੰਦੀ ਹੈ ਤੇ ਨਾ ਹੀ ਪਰਿਵਾਰ ਦੇ ਭਵਿੱਖ ਦਾ ਕੋਈ ਆਧਾਰ ਹੈ।’ ਕਾਂਗਰਸ ਆਗੂ ਨੇ ਕਿਹਾ, ‘ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਂਗਰਸ ਦੀਆਂ ਸੂਬਾ ਸਰਕਾਰਾਂ ਠੋਸ ਨੀਤੀਆਂ ਬਣਾ ਕੇ ਨਿਆਂ ਕਰਨਗੀਆਂ ਅਤੇ ਇੰਡੀਆ ਗੱਠਜੋੜ ਪੂਰੇ ਸੰਘਰਸ਼ ਨਾਲ ਇਹ ਨੀਤੀਆਂ ਦੇਸ਼ ਭਰ ’ਚ ਲਿਜਾਣਾ ਯਕੀਨੀ ਬਣਾਏਗੀ।’ -ਪੀਟੀਆਈ