For the best experience, open
https://m.punjabitribuneonline.com
on your mobile browser.
Advertisement

ਰਾਹੁਲ ਗਾਂਧੀ ਦੇਸ਼ ਦਾ ਨੰਬਰ ਇੱਕ ਅਤਿਵਾਦੀ: ਬਿੱਟੂ

07:11 AM Sep 16, 2024 IST
ਰਾਹੁਲ ਗਾਂਧੀ ਦੇਸ਼ ਦਾ ਨੰਬਰ ਇੱਕ ਅਤਿਵਾਦੀ  ਬਿੱਟੂ
ਭਾਗਲਪੁਰ ਵਿੱਚ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ। -ਫੋਟੋ: ਪੀਟੀਆਈ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 15 ਸਤੰਬਰ
ਕੇਂਦਰੀ ਮੰਤਰੀ ਅਤੇ ਭਾਜਪਾ ਆਗੂੁ ਰਵਨੀਤ ਸਿੰਘ ਬਿੱਟੂ ਨੇ ਅੱਜ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ‘ਦੇਸ਼ ਨੰਬਰ ਇੱਕ ਅਤਿਵਾਦੀ’ ਕਰਾਰ ਦਿੰਦਿਆਂ ਨਵਾਂ ਵਿਵਾਦ ਛੇੜ ਦਿੱਤਾ ਹੈ। ਬਿੱਟੂ ਨੇ ਇਹ ਟਿੱਪਣੀ ਰਾਹੁਲ ਵੱਲੋਂ ਅਮਰੀਕਾ ’ਚ ਪਿਛਲੇ ਹਫ਼ਤੇ ਸਿੱਖ ਭਾਈਚਾਰੇ ਸਬੰਧੀ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕੀਤੀ। ਭਾਗਲਪੁਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ‘ਦੇਸ਼ ਦਾ ਨੰਬਰ ਇੱਕ ਅਤਿਵਾਦੀ’ ਕਰਾਰ ਦਿੱਤਾ ਅਤੇ ਕਿਹਾ ਕਿ ‘ਉਹ ਭਾਰਤੀ ਨਹੀਂ ਹੈ।’’ ਦੂਜੇ ਪਾਸੇ ਕਾਂਗਰਸ ਨੇ ਬਿੱਟੂ ਦੀ ਟਿੱਪਣੀ ਦੀ ਨਿਖੇਧੀ ਕੀਤੀ ਹੈ। ਰਾਹੁਲ ਗਾਂਧੀ ਦੀਆਂ ਅਮਰੀਕਾ ਵਿੱਚ ਸਿੱਖ ਭਾਈਚਾਰੇ ਬਾਰੇ ਟਿੱਪਣੀਆਂ ਸਬੰਧੀ ਸਵਾਲ ’ਤੇ ਬਿੱਟੂ ਨੇ ਆਖਿਆ ਕਿ ‘ਉਹ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ।’’ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਬਿੱਟੂ ਨੇ ਕਿਹਾ, ‘‘ਪਹਿਲਾਂ ਉਨ੍ਹਾਂ (ਕਾਂਗਰਸ) ਨੇ ਮੁਸਲਮਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋਇਆ ਅਤੇ ਹੁਣ ਉਹ ਸਿੱਖਾਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਹੁਲ ਗਾਂਧੀ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਲੋਕਾਂ ਨੇ ਅਜਿਹੇ ਬਿਆਨ ਦਿੱਤੇ ਸਨ। ਇੱਥੋਂ ਤੱਕ ਕਥਿਤ ਅਤਿਵਾਦੀਆਂ ਨੇ ਵੀ ਰਾਹੁਲ ਦੀ ਟਿੱਪਣੀ ਦੀ ਸ਼ਲਾਘਾ ਕੀਤੀ ਹੈ। ਜਦੋਂ ਅਜਿਹੇ ਲੋਕ ਰਾਹੁਲ ਗਾਂਧੀ ਦਾ ਸਮਰਥਨ ਕਰ ਰਹੇ ਹਨ ਤਾਂ ਉਹ ਦੇਸ਼ ਦਾ ਨੰਬਰ ਇਕ ਅਤਿਵਾਦੀ ਹੈ।’’ ਮੰਤਰੀ ਨੇ ਕਿਹਾ, ‘‘ਮੇਰੇ ਖਿਆਲ ਨਾਲ ਜੇਕਰ ਕਿਸੇ ਨੂੰ ਫੜਨ ਲਈ ਇਨਾਮ ਮਿਲਣਾ ਚਾਹੀਦਾ ਹੈ ਜਾਂ ਕੋਈ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤਾਂ ਉਹ ਰਾਹੁਲ ਗਾਂਧੀ ਹੈ।’’ ਬਿੱਟੂ ਨੇ ਦਾਅਵਾ ਕੀਤਾ, ‘‘ਰਾਹੁਲ ਗਾਂਧੀ ਭਾਰਤੀ ਨਹੀਂ ਹਨ ਕਿਉਂਕਿ ਉਹ ਬਹੁਤਾ ਸਮਾਂ ਭਾਰਤ ਤੋਂ ਬਾਹਰ ਗੁਜ਼ਾਰਦੇ ਹਨ। ਉਨ੍ਹਾਂ ਦਾ ਪਰਿਵਾਰ ਅਤੇ ਮਿੱਤਰ ਉੱਥੇ ਹਨ। ਇਸ ਕਰਕੇ ਮੇਰਾ ਮੰਨਣਾ ਹੈ ਕਿ ਉਹ ਭਾਰਤ ਨੂੰ ਪਿਆਰ ਨਹੀਂ ਕਰਦੇ ਤੇ ਵਿਦੇਸ਼ ਜਾ ਕੇ ਭਾਰਤ ਬਾਰੇ ਅਜਿਹੀਆਂ ਨਾਂਹਪੱਖੀ ਗੱਲਾਂ ਕਰਦੇ ਹਨ।’’ ਕਾਂਗਰਸ ਆਗੂ ’ਤੇ ਤਨਜ਼ ਕਸਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਗੂ ਅਜਿਹੇ ਸਮਾਗਮਾਂ ’ਚ ਸਿਰਫ਼ ਤਸਵੀਰਾਂ ਖਿਚਵਾਉਣ ਲਈ ਹੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਗਰੀਬਾਂ ਦਾ ਦਰਦ ਨਹੀਂ ਸਮਝਦੇ ਜਦਕਿ ਉਹ ਪੰਜ ਵਾਰ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ। ਉਨ੍ਹਾਂ ਕਿਹਾ, ‘ਉਹ ਓਬੀਸੀ ਤੇ ਜਾਤਾਂ ਬਾਰੇ ਗੱਲ ਕਰਦੇ ਹਨ। ਉਹ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਚੁਣੇ ਜਾਣ ਦੇ ਬਾਵਜੂਦ ਹੁਣ ਤੱਕ ਮੋਚੀ, ਤਰਖਾਣ ਜਾਂ ਮਕੈਨਿਕਾਂ ਦਾ ਦਰਦ ਨਹੀਂ ਸਮਝ ਸਕੇ। ਉਹ ਅਜਿਹੇ ਲੋਕਾਂ ਨਾਲ ਮਿਲਦੇ ਰਹਿੰਦੇ ਹਨ ਪਰ ਇਹ ਸਿਰਫ਼ ਤਸਵੀਰ ਖਿਚਵਾਉਣ ਤੱਕ ਹੀ ਸੀਮਤ ਹੈ। ਇਹ ਕੋਝਾ ਮਜ਼ਾਕ ਹੈ।’

Advertisement

ਬਿੱਟੂ ਦੀਆਂ ਟਿੱਪਣੀਆਂ ਜਮਹੂਰੀਅਤ ਦਾ ਅਪਮਾਨ

ਚੰਡੀਗੜ੍ਹ (ਟਨਸ): ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ‘ਅਪਮਾਨਜਨਕ ਤੇ ਗ਼ੈਰਸੰਵਿਧਾਨਕ’ ਹੈ। ਬਾਜਵਾ ਮੁਤਾਬਕ, ‘‘ਬਿੱਟੂ ਵੱਲੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ‘ਅਤਿਵਾਦੀ’ ਆਖਣਾ ਨਾ ਸਿਰਫ਼ ਇੱਕ ਸਾਥੀ ਸੰਸਦ ਮੈਂਬਰ ਪ੍ਰਤੀ ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ ਬਲਕਿ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਪ੍ਰਤੀ ਚਿੰਤਾਜਨਕ ਅਗਿਆਨਤਾ ਨੂੰ ਵੀ ਉਜਾਗਰ ਕਰਦਾ ਹੈ। ਇਹ ਟਿੱਪਣੀਆਂ ਜਮਹੂਰੀਅਤ ਦਾ ਅਪਮਾਨ ਹਨ।’’ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਸਦੀ ਨੈਤਿਕਤਾ ਦੀ ਇਸ ਸ਼ਰ੍ਹੇਆਮ ਉਲੰਘਣਾ ਦਾ ਨੋਟਿਸ ਲਵੇ ਅਤੇ ਇਹ ਯਕੀਨੀ ਬਣਾਏ ਕਿ ਅਹੁਦਿਆਂ ’ਤੇ ਬੈਠੇ ਲੋਕ ਸੰਵਿਧਾਨ ਅਤੇ ਅਹੁਦੇ ਦੀ ਮਰਿਆਦਾ ਦਾ ਸਨਮਾਨ ਕਰਦੇ ਰਹਿਣ।

Advertisement

Advertisement
Author Image

sukhwinder singh

View all posts

Advertisement