For the best experience, open
https://m.punjabitribuneonline.com
on your mobile browser.
Advertisement

ਰਾਹੁਲ ਗਾਂਧੀ ਵੱਲੋਂ ਚੋਣ ਬਾਂਡ ਸਕੀਮ ‘ਜਬਰੀ ਵਸੂਲੀ’ ਕਰਾਰ

07:11 AM Apr 17, 2024 IST
ਰਾਹੁਲ ਗਾਂਧੀ ਵੱਲੋਂ ਚੋਣ ਬਾਂਡ ਸਕੀਮ ‘ਜਬਰੀ ਵਸੂਲੀ’ ਕਰਾਰ
ਕੋਜ਼ੀਕੋੜ ਜ਼ਿਲ੍ਹੇ ਦੇ ਕੋਡੀਆਧਥੁਰ ’ਚ ਚੋਣ ਪ੍ਰਚਾਰ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਰਾਇਟਰਜ਼
Advertisement

ਕੋਜ਼ੀਕੋੜ/ਵਾਇਨਾਡ, 16 ਅਪਰੈਲ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਚੋਣ ਬਾਂਡ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਇਸ ਨੂੰ ‘‘ਜਬਰੀ ਵਸੂਲੀ ਦਾ ਰੂਪ’’ ਕਰਾਰ ਦਿੱਤਾ ਅਤੇ ਕੁਝ ਚੋਣਵੇਂ ਕਾਰੋਬਾਰੀਆਂ ਖ਼ਿਲਾਫ਼ ‘ਧਮਕਾਉਣ ਵਾਲੇ ਹੱਥਕੰਡੇ’ ਵਰਤਣ ਦਾ ਦੋਸ਼ ਲਾਇਆ। ਰਾਹੁਲ ਨੇ ਦੋਸ਼ ਲਾਇਆ, ‘‘ਹਰ ਛੋਟੇ ਕਸਬੇ ਜਾਂ ਪਿੰਡ ’ਚ ਕੁਝ ਲੋਕ ਹੁੰਦੇ ਹਨ ਜਿਹੜੇ ਸੜਕਾਂ ’ਤੇ ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦਾ ਡਰਾਵਾ ਦੇ ਕੇ ਜਬਰੀ ਪੈਸਾ ਵਸੂਲੀ ਕਰਦੇ ਹਨ। ਮਲਿਆਲਮ (ਭਾਸ਼ਾ) ’ਚ ਤੁਸੀ ਇਸ ਨੂੰ ‘ਕੋਲਾ ਅਦਿੱਕਲ’ (ਲੁੱਟ) ਆਖਦੇ ਹੋ ਪਰ ਮੋਦੀ ਇਸ ਨੂੰ ਚੋਣ ਬਾਂਡ ਕਹਿੰਦੇ ਹਨ। ਆਮ ਚੋਰ ਜੋ ਸੜਕਾਂ ’ਤੇ ਕਰ ਰਹੇ ਹਨ, ਪ੍ਰਧਾਨ ਮੰਤਰੀ ਮੋਦੀ ਉਹ ਕੌਮਾਂਤਰੀ ਪੱਧਰ ’ਤੇ ਕਰ ਰਹੇ ਹਨ।’’
ਵਾਇਨਾਡ ਲੋਕ ਸਭਾ ਹਲਕੇ ’ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਕੁਝ ਚੋਣਵੇਂ ਕਾਰੋਬਾਰੀਆਂ ਨੂੰ ਧਮਕਾਉਣ ਲਈ ਵਿਸ਼ੇਸ਼ ਰਣਨੀਤੀ ਵਰਤਣ ਅਤੇ ਮੋਦੀ ’ਤੇ ਕੁਝ ਚੋਣਵੇਂ ਅਮੀਰ ਕਾਰੋਬਾਰੀਆਂ ਦੀ ਮਦਦ ਕਰਨ ਦਾ ਦੋਸ਼ ਵੀ ਲਾਇਆ। ਵਾਇਨਾਡ ਤੋਂ ਮੌਜੂਦਾ ਲੋਕ ਸਭਾ ਮੈਂਬਰ ਰਾਹੁਲ ਗਾਧੀ ਨੇ ਦੋਸ਼ ਲਾਇਆ, ‘‘ਚੋਣ ਬਾਂਡ ਪੱਧਰ ’ਤੇ ਧਮਕੀਆਂ ਬਹੁਤ ਜ਼ਿਆਦਾ ਵਿਸ਼ੇਸ਼ ਹਨ। ਈਡੀ, ਸੀਬੀਆਈ ਤੇ ਆਮਦਨ ਕਰ (ਆਈਟੀ) ਦੇ ਲੋਕ ਆਉਣਗੇ, ਉਹ ਪੁੱਛ-ਪੜਤਾਲ ਕਰਨਗੇ ਅਤੇ ਇਸ ਦੇ ਅੰਤ ਵਿੱਚ ਕਹਿਣਗੇ ਤੁਸੀਂ (ਇਹ ਕਾਰੋਬਾਰ) ਅਡਾਨੀ (ਕਾਰੋਬਾਰੀ) ਨੂੰ ਕਿਉਂ ਨਹੀਂ ਦੇ ਦਿੰਦੇ।’’ ਉਨ੍ਹਾਂ ਦੋਸ਼ ਲਾਇਆ ਕਿ ਇਸੇ ਤਰ੍ਹਾਂ ਅਡਾਨੀ ਨੂੰ ਪਿਛਲੇ ਮਾਲਕ ਤੋਂ ਮੁੰਬਈ ਹਵਾਈ ਅੱਡਾ ਮਿਲ ਗਿਆ। ਕਾਂਗਰਸੀ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਹੋਰ ਮਾਮਲਿਆਂ ਵਿੱਚ ਅਜਿਹੀ ਹੀ ‘‘ਡਰਾਉਣ ਵਾਲੀ ਰਣਨੀਤੀ’’ ਕਾਰਨ ਕਾਰੋਬਾਰੀਆਂ ਵੱਲੋਂ ਚੋਣ ਬਾਂਡ ਦੇ ਰੂਪ ਵਿੱਚ ਭਾਜਪਾ ਨੂੰ ਅਦਾਇਗੀ ਕਰਨੀ ਪਈ। ਉਨ੍ਹਾਂ ਨੇ ਮੋਦੀ ਦੀ ਹਾਲੀਆ ਇੰਟਰਵਿਊ ਦਾ ਹਵਾਲਾ ਦਿੰਦਿਆਂ ਚੋਣ ਬਾਂਡ ਦਾ ਮੁੱਦਾ ਉਠਾਇਆ। ਕੋਜ਼ੀਕੋੜ ਦੇ ਕੋਡੀਆਧਥੁਰ ਵਿੱਚ ਰੋਡ ਸ਼ੋਅ ਦੌਰਾਨ ਪਾਰਟੀ ਸਮਰਥਕਾਂ, ਵਰਕਰਾਂ ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ, ‘‘ਮੋਦੀ ਆਪਣੀ ਇੰਟਰਵਿਊੁ ਵਿੱਚ ਇਸ ਗ੍ਰਹਿ ਦੇ ਸਭ ਤੋਂ ਘੁਟਾਲੇ ਚੋਣ ਬਾਂਡ ਸਕੀਮ ਦਾ ਬਚਾਅ ਕਰ ਰਹੇ ਸਨ, ਜਿਸ ਰਾਹੀਂ ਭਾਜਪਾ ਨੇ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਹਜ਼ਾਰਾਂ ਕਰੋੜ ਰੁਪਏ ਵਸੂਲੇ ਹਨ।’’ -ਪੀਟੀਆਈ

Advertisement

ਮੋਦੀ ਦੇਸ਼ ਨੂੰ ਚਲਾਉਣਾ ਨਹੀਂ ਜਾਣਦੇ

ਵਾਇਨਾਡ ’ਚ ਰੋਡ ਸ਼ੋਅ ਦੌਰਾਨ ਗਾਂਧੀ ਨੇ ਦੋਸ਼ ਲਾਇਆ, ‘‘ਮੋਦੀ ਨੂੰ ਦੇਸ਼ ਚਲਾਉਣ ਦੀ ਸਮਝ ਨਹੀਂ ਹੈ।’’ ਉਨ੍ਹਾਂ ਨੇ ਕਰੋਨਾ ਮਹਾਮਾਰੀ ਦੌਰਾਨ ਭਾਂਡੇ ਖੜਕਾਉਣ ਅਤੇ ਮੋਬਾਈਲਾਂ ਦੀਆਂ ਟਾਰਚਾਂ ਜਗਾਉਣ ਸਬੰਧੀ ਮੋਦੀ ਦੇ ਬਿਆਨਾਂ ’ਤੇ ਵੀ ਵਿਅੰਗ ਕੱਸਿਆ। ਪਹਿਲਾਂ ਕੋਡੀਆਥੁਰ ’ਚ ਗਾਂਧੀ ਨੇ ਇਹ ਦੋਸ਼ ਲਾਇਆ ਕਿ ਮੋਦੀ ਦਾ ਕੰਮ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ, ਦੇਸ਼ ਵਿੱਚ ਅਮੀਰ ਕਾਰੋਬਾਰੀਆਂ ਦੀ ਸੁਰੱਖਿਆ ਕਰਨਾ ਅਤੇ ਉਨ੍ਹਾਂ ਦੇ ‘‘ਬੈਂਕ ਕਰਜ਼ੇ ਮੁਆਫ਼ ਕਰਨਾ’’ ਹੈ। ਕੋਜ਼ੀਕੋੜ ਤੇ ਮੱਲਾਪੁਰਮ ਜ਼ਿਲ੍ਹਿਆਂ ’ਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਆਖਿਆ ਕਿ ਮੋਦੀ ਭਾਰਤ ਵਿੱਚ ‘‘ਪੰਜ ਜਾਂ ਛੇ ਵੱਡੇ, ਅਮੀਰ ਕਾਰੋਬਾਰੀਆਂ’’ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦੇਸ਼ ’ਚ 20-25 ਲੋਕਾਂ ਨੂੰ ਲਗਪਗ 16 ਲੱਖ ਕਰੋੜ ਰੁਪਏ ਦਿੱਤੇ ਹਨ ਪਰ ਉਹ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ, ਬੇਰੁਜ਼ਗਾਰੀ ਤੇ ਮਹਿੰਗਾਈ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ।

ਅਗਨੀਪਥ ਸਕੀਮ ਨੌਜਵਾਨਾਂ ਦੀ ਤੌਹੀਨ

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਫੌਜ ’ਚ ਭਰਤੀ ਸਬੰਧੀ ਅਗਨੀਪਥ ਸਕੀਮ ਨੂੰ ਲੈ ਕੇ ਮੋਦੀ ਸਰਕਾਰ ’ਤੇ ਵਰ੍ਹਦਿਆਂ ਅੱਜ ਦੋਸ਼ ਲਾਇਆ ਕਿ ਇਹ ਸਕੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵਿੱਚ ਘੜੀ ਗਈ ਅਤੇ ਹਥਿਆਰਬੰਦ ਬਲਾਂ ’ਤੇ ਥੋਪ ਦਿੱਤੀ ਗਈ। ਉਨ੍ਹਾਂ ਆਖਿਆ ਕਿ ਕੇਂਦਰ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦਿਆਂ ਹੀ ਅਗਨੀਪਥ ਸਕੀਮ ਖਤਮ ਕੀਤੀ ਜਾਵੇਗੀ ਅਤੇ ਪੁਰਾਣੀ ਪੱਕੀ ਭਰਤੀ ਪ੍ਰਕਿਰਿਆ ਬਹਾਲ ਕੀਤੀ ਜਾਵੇਗੀ। ‘ਐਕਸ’ ਉੱਤੇ ਇੱਕ ਪੋਸਟ ’ਚ ਰਾਹੁਲ ਨੇ ਕਿਹਾ, ‘‘ਅਗਨੀਪਥ ਸਕੀਮ ਭਾਰਤੀ ਫੌਜ ਅਤੇ ਦੇਸ਼ ਦੀ ਰੱਖਿਆ ਦਾ ਸੁਫ਼ਨਾ ਦੇਖਣ ਵਾਲੇ ਨੌਜਵਾਨਾਂ ਦੀ ਤੌਹੀਨ ਹੈ। ਇਹ ਭਾਰਤੀ ਫੌਜ ਦੀ ਸਕੀਮ ਨਹੀਂ ਹੈ ਬਲਕਿ ਇਹ ਉਹ ਸਕੀਮ ਹੈ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵਿੱਚ ਘੜੀ ਗਈ ਅਤੇ ਹਥਿਆਰਬੰਦ ਬਲਾਂ ’ਤੇ ਥੋਪੀ ਗਈ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×