ਰਾਹੁਲ ਗਾਂਧੀ ਨੇ ਜ਼ਖ਼ਮੀ ਕਿਸਾਨ ਦੀ ਫੋਨ ਉੱਤੇ ਲਈ ਖ਼ਬਰਸਾਰ
ਦਰਸ਼ਨ ਿਸੰਘ ਮਿੱਠਾ
ਰਾਜਪੁਰਾ, 14 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਦਿੱਲੀ ਚਲੋ’ ਮਾਰਚ ਦੌਰਾਨ ਸ਼ੰਭੂ ਬਾਰਡਰ ’ਤੇ ਹਰਿਆਣਾ ਪੁਲੀਸ ਦੀ ਕਾਰਵਾਈ ਵਿਚ ਜ਼ਖ਼ਮੀ ਹੋਏ ਕਿਸਾਨ ਨਾਲ ਫੋਨ ’ਤੇ ਗੱਲਬਾਤ ਕਰਕੇ ਉਸ ਦੀ ਖ਼ਬਰਸਾਰ ਲਈ। ਗਾਂਧੀ ਨੇ ਮੋਦੀ ਸਰਕਾਰ ਉੱਤੇ ਦੇਸ਼ ਦੇ ਅੰਨਦਾਤੇ ਪ੍ਰਤੀ ‘ਤਾਨਾਸ਼ਾਹੀ ਰਵੱਈਆ’ ਅਖ਼ਤਿਆਰ ਕਰਨ ਦਾ ਦੋਸ਼ ਲਾਇਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਮੰਗਲਵਾਰ ਰਾਤ ਨੂੰ ਜ਼ਖ਼ਮੀ ਕਿਸਾਨ ਗੁਰਮੀਤ ਸਿੰਘ ਦੀ ਗਾਂਧੀ ਨਾਲ ਫੋਨ ’ਤੇ ਗੱਲਬਾਤ ਕਰਵਾਈ। ਵੜਿੰਗ ਹਰਿਆਣਾ ਪੁਲੀਸ ਨਾਲ ਝੜਪ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਦੀ ਖ਼ਬਰਸਾਰ ਲੈਣ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਪੁੱਜੇ ਸਨ।
ਗਾਂਧੀ ਨੇ ਮਗਰੋਂ ਆਪਣੇ ਵੱਟਸਐਪ ਚੈਨਲ ’ਤੇ ਹਿੰਦੀ ਵਿਚ ਪਾਈ ਪੋਸਟ ਵਿਚ ਕਿਹਾ, ‘‘ਸਾਬਕਾ ਫੌਜੀ ਗੁਰਮੀਤ ਸਿੰਘ ਜੀ, ਜੋ ਕਿਸਾਨ ਅੰਦੋਲਨ ਦੌਰਾਨ ਪੁਲੀਸ ਵੱਲੋਂ ਕੀਤੇ ਅੱਤਿਆਚਾਰ ਵਿਚ ਜ਼ਖ਼ਮੀ ਹੋ ਗਏ ਸਨ, ਨਾਲ ਫੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਤੇ ਹੱਕਾਂ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸ਼ਾਂਤਪੂਰਨ ਅੰਦੋਲਨ ਲਈ ਹਮਾਇਤ ਜਤਾਈ।’’ ਗਾਂਧੀ ਨੇ ਕਿਹਾ , ‘‘ਉਹ ਜਵਾਨ ਵੀ ਸਨ ਤੇ ਕਿਸਾਨ ਵੀ ਹਨ, ਉਨ੍ਹਾਂ ਦੀ ਜੈ ਕਰਨ ਦੀ ਥਾਂ ਦੇਸ਼ ਦੇ ਰਕਸ਼ਕ ਤੇ ਅੰਨਦਾਤਿਆਂ ਨਾਲ ਮੋਦੀ ਸਰਕਾਰ ਦਾ ਇਹ ਤਾਨਾਸ਼ਾਹੀ ਰਵੱਈਆ ਲੋਕਤੰਤਰ ਨੂੰ ਸ਼ਰਮਸਾਰ ਕਰ ਰਿਹਾ ਹੈ।’’ ਕਾਂਗਰਸ ਆਗੂ ਨੇ ਜ਼ਖ਼ਮੀ ਕਿਸਾਨ ਨੂੰ ਪੁੱਛਿਆ ਕਿ ਉਸ ਦੇ ਕਿੱਥੇ ਸੱਟ ਲੱਗੀ ਹੈ ਤਾਂ ਕਿਸਾਨ ਨੇ ਜਵਾਬ ਦਿੱਤਾ ਕਿ ਉਸ ਦੇ ਹੱਥਾਂ ਤੇ ਅੱਖ ਨੇੜੇ ਜ਼ਖ਼ਮ ਹਨ। ਰਾਹੁਲ ਕਿਸਾਨ ਨੂੰ ਇਹ ਵੀ ਪੁੱਛਿਆ ਕਿ ਪੁਲੀਸ ਕਾਰਵਾਈ ਦੌਰਾਨ ਕਿੰਨੇ ਕੁ ਕਿਸਾਨ ਜ਼ਖ਼ਮੀ ਹੋਏ ਹਨ। ਕਿਸਾਨ ਨੇ ਜਦੋਂ ਪੁਲੀਸ ਕਾਰਵਾਈ ਦੀ ਗੱਲ ਕੀਤੀ ਤਾਂ ਗਾਂਧੀ ਨੇ ਕਿਹਾ, ‘‘ਇਹ ਸਰਾਸਰ ਗ਼ਲਤ ਹੈ। ਅਸੀਂ ਤੁਹਾਡੇ ਨਾਲ ਹਾਂ, ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਿਸ ਚੀਜ਼ ਲਈ ਲੜ ਰਹੇ ਹੋ, ਉਹ ਦੇਸ਼ ਲਈ ਅਹਿਮ ਹੈ। ਤੁਸੀਂ ਪਹਿਲਾਂ ਦੇਸ਼ ਲਈ ਕੰਮ ਕੀਤਾ ਤੇ ਹੁਣ ਵੀ ਤੁਸੀਂ ਇਹੀ ਕਰ ਰਹੇ ਹੋ। ‘ਸਾਬਾਸ਼’, ਬੈਸਟ ਆਫ ਲੱਕ।’’