For the best experience, open
https://m.punjabitribuneonline.com
on your mobile browser.
Advertisement

ਰਾਹੁਲ ਨੇ ਦੂਜੇ ਦਨਿ ਵੀ ਕੀਤੀ ਗੁਰੂਘਰ ਵਿੱਚ ਸੇਵਾ

08:43 AM Oct 04, 2023 IST
ਰਾਹੁਲ ਨੇ ਦੂਜੇ ਦਨਿ ਵੀ ਕੀਤੀ ਗੁਰੂਘਰ ਵਿੱਚ ਸੇਵਾ
ਸ੍ਰੀ ਦਰਬਾਰ ਸਾਹਿਬ ਵਿਖੇ ਮੰਗਲਵਾਰ ਨੂੰ ਪਾਲਕੀ ਸਾਹਿਬ ਲਿਜਾਣ ਦੀ ਸੇਵਾ ਨਿਭਾਉਂਦੇ
Advertisement

ਜਗਤਾਰ ਸਿੰੰਘ ਲਾਂਬਾ
ਅੰਮ੍ਰਿਤਸਰ , 3 ਅਕਤੂਬਰ
ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਦੂਜੇ ਦਨਿ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਆਮ ਸ਼ਰਧਾਲੂਆਂ ਵਾਂਗ ਲੰਗਰ ਘਰ ਅਤੇ ਜੋੜਾ ਘਰ ਵਿੱਚ ਸੇਵਾ ਨਿਭਾਈ। ਰਾਹੁਲ ਗਾਂਧੀ ਅੱਜ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਸਮੇਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਗਏ, ਜਿੱਥੇ ਆਮ ਸ਼ਰਧਾਲੂਆਂ ਵਾਂਗ ਸੇਵਾ ਕੀਤੀ। ਸ਼ਰਧਾਲੂਆਂ ਨਾਲ ਬੈਠ ਕੇ ਸਬਜ਼ੀ ਕੱਟੀ ਅਤੇ ਬਾਅਦ ਵਿੱਚ ਸੰਗਤ ਦੇ ਜੂਠੇ ਬਰਤਨ ਸਾਫ ਕੀਤੇ। ਇਸ ਦੌਰਾਨ ਉਹ ਸ਼ਰਧਾਲੂਆਂ ਨਾਲ ਗੱਲਾਂ ਵੀ ਕਰਦੇ ਰਹੇ। ਬਾਅਦ ਵਿੱਚ ਲੰਗਰ ਘਰ ਵਿਚ ਪ੍ਰਸ਼ਾਦੇ ਵਰਤਾਉਣ ਦੀ ਸੇਵਾ ਕੀਤੀ ਅਤੇ ਪੰਗਤ ਵਿੱਚ ਬੈਠ ਕੇ ਸੰਗਤ ਦੇ ਨਾਲ ਲੰਗਰ ਵੀ ਛਕਿਆ। ਪਰਿਕਰਮਾ ਕਰਦਿਆਂ ਉਨ੍ਹਾਂ ਅੱਜ ਮੁੜ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਮੱਥਾ ਟੇਕਿਆ ਅਤੇ ਵਾਪਸ ਚਲੇ ਗਏ।

Advertisement

ਗੁਰੂ ਰਾਮਦਾਸ ਲੰਗਰ ਵਿੱਚ ਸੇਵਾ ਕਰਦੇ ਹੋਏ ਰਾਹੁਲ ਗਾਂਧੀ। -ਫੋਟੋਆਂ: ਵਿਸ਼ਾਲ ਕੁਮਾਰ

ਉਹ ਕੱਲ੍ਹ ਦੁਪਹਿਰੇ ਗੁਰੂ ਘਰ ਨਤਮਸਤਕ ਹੋਣ ਲਈ ਆਏ ਸਨ। ਉਸ ਵੇਲੇ ਉਨ੍ਹਾਂ ਮੱਥਾ ਟੇਕਿਆ ਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਗੁਰੂ ਘਰ ਵਿੱਚ ਰੁਮਾਲਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਭੇਟ ਕੀਤੀ। ਸ੍ਰੀ ਅਕਾਲ ਤਖਤ ’ਤੇ ਮੱਥਾ ਟੇਕਿਆ ਤੇ ਵਾਪਸੀ ਵੇਲੇ ਲਗਪਗ ਘੰਟਾ ਛਬੀਲ ਦੌਰਾਨ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਉਹ ਦੇਰ ਸ਼ਾਮ ਨੂੰ ਮੁੜ ਸ੍ਰੀ ਦਰਬਾਰ ਸਾਹਿਬ ਪੁੱਜੇ ਅਤੇ ਜਲ ਵਰਤਾਉਣ ਦੀ ਸੇਵਾ ਨਿਭਾਈ। ਉਹ ਰਾਤ ਤਕ ਸ੍ਰੀ ਦਰਬਾਰ ਸਾਹਿਬ ਵਿੱਚ ਰਹੇ ਅਤੇ ਸਮਾਪਤੀ ਵੇਲੇ ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਸੇਵਾ ਨਿਭਾਈ। ਰਾਤ ਵੇਲੇ ਉਨ੍ਹਾਂ ਦਰਸ਼ਨੀ ਡਿਉਢੀ ਦੇ ਅੰਦਰ ਪੁਲ ’ਤੇ ਲੱਗੇ ਸੁਨਹਿਰੀ ਜੰਗਲਿਆਂ ਨੂੰ ਸਾਫ ਕੀਤਾ। ਰਾਤ ਨੂੰ ਉਨ੍ਹਾਂ ਗੁਰੂ ਘਰ ਲਈ ਚੰਦੋਆ ਭੇਟ ਕੀਤਾ। ਇਥੇ ਉਨ੍ਹਾਂ ਇੱਕ ਬੱਚੇ ਨਾਲ ਮੁਲਾਕਾਤ ਕੀਤੀ ਅਤੇ ਉਸ ਕੋਲੋਂ ਉਸ ਦੇ ਮਾਪਿਆਂ ਅਤੇ ਪੜ੍ਹਾਈ ਬਾਰੇ ਪੁੱਛਿਆ। ਛੇਵੀਂ ਜਮਾਤ ਵਿੱਚ ਪੜ੍ਹਦੇ ਏਕਨੂਰ ਸਿੰਘ ਨੇ ਕਿਹਾ ਕਿ ਉਹ ਚੰਗੇ ਇਨਸਾਨ ਹਨ ਅਤੇ ਸਭ ਨੂੰ ਬਰਾਬਰੀ ਦਾ ਦਰਜਾ ਦਿੰਦੇ ਹਨ। ਅੱਜ ਸ੍ਰੀ ਦਰਬਾਰ ਸਾਹਿਬ ਆਉਣ ਸਮੇਂ ਉਨ੍ਹਾਂ ਨਾਲ ਕੋਈ ਕਾਂਗਰਸੀ ਆਗੂ ਨਹੀਂ ਸੀ। ਇਸ ਦੌਰਾਨ ਪੁਲੀਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ ਸਨ। ਸ਼ਾਮ ਵੇਲੇ ਰਾਹੁਲ ਗਾਂਧੀ ਮੁੜ ਸ੍ਰੀ ਦਰਬਾਰ ਸਾਹਿਬ ਪੁੱਜੇ ਅਤੇ ਘੰਟਾ ਘਰ ਵਾਲੇ ਪਾਸੇ ਜੋੜਾਘਰ ਵਿੱਚ ਸੰਗਤ ਦੇ ਜੋੜੇ ਸੰਭਾਲਣ ਦੀ ਸੇਵਾ ਕੀਤੀ।

ਰਾਹੁਲ ਗਾਂਧੀ ਨੇ ਸ਼ਾਮ ਵੇਲੇ ਜੋੜਾਘਰ ਵਿਚ ਕੀਤੀ ਸੇਵਾ

ਜੋੜਾਘਰ ਵਿੱਚ ਸੇਵਾ ਕਰਦੇ ਹੋਏ ਰਾਹੁਲ ਗਾਂਧੀ।

ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਸਵੇਰੇ ਦੋ ਘੰਟੇ ਗੁਰੂਘਰ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਕਰੀਬ ਅੱਧਾ ਘੰਟਾ ਗੁਰੂ ਰਾਮਦਾਸ ਲੰਗਰ ਵਿੱਚ ਸਬਜ਼ੀ ਕੱਟਣ ਅਤੇ ਅੱਧਾ ਘੰਟਾ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਅੱਧਾ ਘੰਟਾ ਲੰਗਰ ਵਰਤਾਉਣ ਅਤੇ ਖੁਦ ਛਕਣ ਵਿੱਚ ਬਿਤਾਇਆ। ਉਪਰੰਤ ਪਰਿਕਰਮਾ ਕਰਦਿਆਂ ਸ੍ਰੀ ਅਕਾਲ ਤਖ਼ਤ ਵਿਖੇ ਮੱਥਾ ਟੇਕਿਆ। ਉਨ੍ਹਾਂ ਸ਼ਾਮੀਂ ਮੁੜ ਦੋ ਘੰਟੇ ਗੁਰੂਘਰ ਵਿੱਚ ਬਿਤਾਏ। ਇਸ ਦੌਰਾਨ ਉਨ੍ਹਾਂ ਪੌਣਾ ਘੰਟਾ ਜੋੜਾਘਰ ਵਿੱਚ ਸੇਵਾ ਕੀਤੀ ਅਤੇ ਬਾਅਦ ਵਿੱਚ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਭਲਕੇ ਤੜਕਸਾਰ ਉਨ੍ਹਾਂ ਦੇ ਮੁੜ ਮੱਥਾ ਟੇਕਣ ਆਉਣ ਦੀ ਸੰਭਾਵਨਾ ਹੈ। ਉਪਰੰਤ ਉਹ ਦਿੱਲੀ ਵਾਪਸ ਜਾ ਸਕਦੇ ਹਨ।

Advertisement
Author Image

sukhwinder singh

View all posts

Advertisement
Advertisement
×