For the best experience, open
https://m.punjabitribuneonline.com
on your mobile browser.
Advertisement

ਕੁਲਦੀਪ ਧਾਲੀਵਾਲ ਵੱਲੋਂ ਤੁੰਗ ਢਾਬ ਡਰੇਨ ਦੇ ਸਫਾਈ ਕਾਰਜਾਂ ਦਾ ਜਾਇਜ਼ਾ

08:01 AM Jul 04, 2024 IST
ਕੁਲਦੀਪ ਧਾਲੀਵਾਲ ਵੱਲੋਂ ਤੁੰਗ ਢਾਬ ਡਰੇਨ ਦੇ ਸਫਾਈ ਕਾਰਜਾਂ ਦਾ ਜਾਇਜ਼ਾ
ਡਰੇਨ ਦੇ ਸਫਾਈ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਕੁਲਦੀਪ ਸਿੰਘ ਧਾਲੀਵਾਲ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਜੁਲਾਈ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ ਮਿਲਕ ਪਲਾਂਟ ਦੇ ਨੇੜੇ ਤੁੰਗ ਢਾਬ ਡਰੇਨ ਦੀ ਸਫ਼ਾਈ ਦੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡਰੇਨ ਦੀ ਸਫਾਈ ਦਾ ਕੰਮ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਡਰੇਨ ਦੀ ਸਫ਼ਾਈ ਨਾਲ ਇਲਾਕਾ ਗੰਦਗੀ ਤੋਂ ਮੁਕਤ ਹੋ ਜਾਵੇਗਾ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਇਥੋਂ ਦੀ ਸਫਾਈ ਕਰਨ ਉਪਰੰਤ ਫਤਿਹਗੜ੍ਹ ਚੂੜੀਆਂ ਰੋਡ ’ਤੇ ਪੈਂਦੀ ਤੁੰਗ ਢਾਬ ਡਰੇਨ ਦੀ ਸਫਾਈ ਦੇ ਕੰਮਾਂ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਡਰੇਨ ਦੀ ਸਫਾਈ ਦਾ ਕੰਮ 15 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਤੱਕ ਕਾਫੀ ਸਫਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸਾਫ ਕਰਨ ਉਪਰੰਤ ਨਾਲੇ ਨੂੰ ਢੱਕ ਕੇ ਸੜਕ ਉਪਰ ਸਾਈਕਲ ਟਰੈਕ ਅਤੇ ਗਰੀਨ ਬੈਲਟ ਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ ਅਤੇ ਸੈਰ ਕਰਨ ਤੇ ਕਸਰਤ ਕਰਨ ਲਈ ਲੰਮੇ ਸਾਈਕਲ ਟਰੈਕ ਮਿਲਣਗੇ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਅੰਮ੍ਰਿਤਸਰ ਸ਼ਹਿਰ ਜੋ ਕਿ ਵਿਸ਼ਵ ਭਰ ਵਿੱਚ ਆਪਣੀ ਪਛਾਣ ਕਰਕੇ ਜਾਣਿਆ ਜਾਂਦਾ ਹੈ, ਵਿੱਚੋਂ ਲੰਘਦੇ ਇਸ ਗੰਦੇ ਨਾਲੇ ਦੀ ਪਿਛਲੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ, ਜਿਸ ਕਾਰਨ ਇਹ ਨਾਲਾ ਵੱਡੇ ਇਲਾਕੇ ਨੂੰ ਬਿਮਾਰੀਆਂ ਵੰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ‘ਆਪ’ ਸਰਕਾਰ ਨੇ ਇਸ ਨਾਲੇ ਨੂੰ ਖਤਮ ਕਰਕੇ ਵਿਕਸਿਤ ਕਰਨ ਦਾ ਅਹਿਦ ਲਿਆ ਹੈ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ, ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Advertisement

ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰਵਾਈ

ਅਜਨਾਲਾ (ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਾਤਾਵਰਨ ਬਚਾਉਣ ਦੇ ਉਦੇਸ਼ ਨਾਲ ਅਜਨਾਲਾ ਦੀਆਂ ਸੜਕਾਂ ’ਤੇ ਲਗਪਗ 5 ਹਜ਼ਾਰ ਬੂਟੇ ਲਗਾਉਣ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਲਕਾ ਅਜਨਾਲਾ ਵਿੱਚ ਜੋ ਕੌਮੀ ਮਾਰਗ ਬਣਿਆ ਹੈ ਉਸ ਦੇ ਦੋਵੇਂ ਪਾਸੇ ਪੁਰਾਣੇ ਰੁੱਖ ਕੱਟਣੇ ਪਏ ਅਤੇ ਹੁਣ ਨਵੇਂ ਬਣੇ ਕੌਮੀ ਮਾਰਗ ਦੇ ਭਲਾ ਪਿੰਡ ਤੋਂ ਕਸਬਾ ਰਮਦਾਸ ਤੱਕ ਦੋਵਾਂ ਪਾਸਿਆਂ ’ਤੇ ਬੂਟੇ ਲਗਾਏ ਜਾਣਗੇ ਤਾਂ ਜੋ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਉਨ੍ਹਾਂ ਸਪਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਜੋ ਜਨਤਕ ਥਾਵਾਂ ਉੱਤੇ ਲੱਗੇ ਬੂਟਿਆਂ ਦਾ ਨੁਕਸਾਨ ਕਰੇਗਾ ਉਸ ਵਿਅਕਤੀ ਵਿਰੁੱਧ ਜੰਗਲਾਤ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Author Image

Advertisement
Advertisement
×