ਸਰੋਤਿਆਂ ਦੀ ਲਿਵ ਲਾਉਣ ਵਾਲਾ ਰਾਗੀ ਮੋਹਣ ਸਿੰਘ ਝੰਡੇਰ
ਹਰਦਿਆਲ ਸਿੰਘ ਥੂਹ
ਤੂੰਬੇ ਅਲਗੋਜ਼ੇ ਦੀ ਗਾਇਕੀ ਦੇ ਭੰਡਾਰ ਨੂੰ ਪ੍ਰਫੁੱਲਤ ਕਰਨ ਲਈ ਦੁਆਬੇ ਵਾਲੇ ਰਾਗੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦੁਆਬਾ ਖੇਤਰ ਵਿਚੋਂ ਇਸ ਗਾਇਨ ਵੰਨਗੀ ਨਾਲ ਸਬੰਧਤ ਅਨੇਕਾਂ ਨਾਮੀ ਗਾਇਕ ਹੋਏ ਹਨ। ਇਨ੍ਹਾਂ ਵਿਚੋਂ ਹੀ ਇਕ ਜਾਣਿਆ ਪਛਾਣਿਆ ਨਾਂ ਹੈ ਮੋਹਣਾ ਰਾਗੀ ਝੰਡੇਰਾਂ ਆਲਾ।
ਮੋਹਣ ਸਿੰਘ ਦਾ ਜਨਮ ਪਿਤਾ ਬੂਝਾ ਸਿੰਘ ਤੇ ਮਾਤਾ ਜਵਾਲੀ ਦੇ ਘਰ ਜ਼ਿਲ੍ਹਾ ਜਲੰਧਰ ਦੇ ਕਸਬੇ ਬੰਗਾ ਦੇ ਨੇੜਲੇ ਪਿੰਡ ਝੰਡੇਰ ਕਲਾਂ ਵਿਖੇ 1934 ਵਿਚ ਹੋਇਆ। ਅੱਜਕੱਲ੍ਹ ਇਹ ਪਿੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਚ ਪੈਂਦਾ ਹੈ। ਉਹ ਸ਼ੇਰਗਿੱਲ ਗੋਤ ਦਾ ਜ਼ਿਮੀਂਦਾਰ ਸੀ। ਉਹ ਸਕੂਲ ਗਿਆ ਤੇ ਉਰਦੂ ਦੀਆਂ ਚਾਰ ਜਮਾਤਾਂ ਪੜ੍ਹ ਕੇ ਪ੍ਰਾਇਮਰੀ ਪਾਸ ਕੀਤੀ। ਅੱਗੇ ਪੜ੍ਹਨ ਦੀ ਥਾਂ ਘਰ ਦੇ ਕੰਮਾਂ ਕਾਰਾਂ ਵਿਚ ਹੱਥ ਵਟਾਉਣ ਲੱਗ ਪਿਆ। ਗਵੰਤਰੀ ‘ਗੌਣ’ ਸੁਣਨ ਦਾ ਉਸ ਨੂੰ ਬਚਪਨ ਤੋਂ ਹੀ ਸ਼ੌਕ ਸੀ ਕਿਉਂਕਿ ਪਿੰਡਾਂ ਵਿੱਚ ਲੱਗਦੇ ਮੇਲਿਆਂ ਅਤੇ ਪੈਂਦੀਆਂ ਛਿੰਝਾਂ ’ਤੇ ਇਨ੍ਹਾਂ ਦੇ ਅਖਾੜੇ ਆਮ ਹੀ ਲੱਗਦੇ ਸਨ। ਹੌਲੀ ਹੌਲੀ ਉਸ ਦਾ ਸ਼ੌਕ ਜਨੂਨ ਦੀ ਹੱਦ ਤੱਕ ਪਹੁੰਚ ਗਿਆ। ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਉਹ ਪ੍ਰਸਿੱਧ ਗਵੰਤਰੀ ਖੇੜੇ ਵਾਲੇ ਸ਼ਿੰਗਾਰੇ ਦੇ ਲੜ ਲੱਗ ਗਿਆ। ਕੁਝ ਸਮੇਂ ਬਾਅਦ ਉਸ ਨੇ ਉਸਤਾਦ ਦੀ ਅਗਵਾਈ ਹੇਠ ਅਖਾੜਿਆਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਆਮ ਲੋਕਾਂ ਵਿਚ ਉਸ ਦੀ ਪਛਾਣ ‘ਝੰਡੇਰਾਂ ਆਲਾ ਮੋਹਣਾ ਰਾਗੀ’ ਵਜੋਂ ਬਣ ਗਈ। ਇਸ ਗਾਇਕੀ ਦੇ ਖੇਤਰ ਵਿਚ ਭਾਵੇਂ ਉਸ ਦੀ ਚੰਗੀ ਪਛਾਣ ਬਣ ਗਈ ਸੀ, ਪ੍ਰੰਤੂ ਅਜੇ ਵੀ ਉਹ ਆਪਣੇ ਆਪ ਨੂੰ ਅਧੂਰਾ ਸਮਝਦਾ ਸੀ। ਇਸ ਅਧੂਰੇਪਣ ਨੂੰ ਪੂਰਾ ਕਰਨ ਲਈ ਉਹ ਇਸ ਗਾਇਕੀ ਦੇ ਬਾਬਾ ਬੋਹੜ ਕਾਕਾ ਰਾਵਾਂ ਖੇਲਾ ਵਾਲੇ ਦੇ ਚਰਨੀਂ ਜਾ ਪਿਆ। ਉਸਤਾਦ ਦਾ ਪੁੱਤਰ ਦਰਸ਼ਨ ਦਾ ਹਮਉਮਰ ਹੋਣ ਕਾਰਨ ਉਸ ਦਾ ਜੋੜੀਦਾਰ ਬਣ ਗਿਆ। ਇਸ ਤਰ੍ਹਾਂ ਦੋਵਾਂ ਪਿਉ ਪੁੱਤਰਾਂ ਤੋਂ ਇਸ ਗਾਇਕੀ ਦੀਆਂ ਬਾਰੀਕੀਆਂ ਬਾਰੇ ਗਿਆਨ ਹਾਸਲ ਕੀਤਾ।
ਉਸਤਾਦ ਤੋਂ ਥਾਪੜਾ ਹਾਸਲ ਕਰ ਕੇ ਮੋਹਣ ਸਿੰਘ ਨੇ ਆਪਣਾ ਗਰੁੱਪ ਬਣਾ ਲਿਆ। ਪਰੋਜ਼ਪੁਰ ਵਾਲੇ ਖੁਸ਼ੀਏ ਨੂੰ ਤੂੰਬੇ ਅਤੇ ਕਰਨਾਣੇ ਵਾਲੇ ਦਿਲਬਰ ਨੂੰ ‘ਜੋੜੀ’ ’ਤੇ ਲਾ ਕੇ ਆਪ ਆਗੂ ਬਣ ਕੇ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਲੰਮਾ ਸਮਾਂ ਇਸ ਗਰੁੱਪ ਨੇ ਮੇਲਿਆਂ ਅਤੇ ਛਿੰਝਾਂ ਦੇ ਅਖਾੜਿਆਂ ਵਿਚ ਆਪਣੇ ਜੌਹਰ ਦਿਖਾਏ। ਆਪਣੀ ਮਿਹਨਤ ਸਦਕਾ ਮੋਹਣ ਸਿੰਘ ਆਮ ਖੁੱਲ੍ਹੇ ਪੇਂਡੂ ਅਖਾੜਿਆਂ ਤੋਂ ਰੇਡੀਓ ਸਟੇਸ਼ਨ ਤੱਕ ਜਾ ਪਹੁੰਚਿਆ। ਉਹ ਆਲ ਇੰਡੀਆ ਰੇਡੀਓ ਦੇ ਜਲੰਧਰ ਕੇਂਦਰ ਦਾ ਰਜਿਸਟਰਡ ਕਲਾਕਾਰ ਬਣ ਗਿਆ। ਉਸ ਦੇ ਗਰੁੱਪ ਵੱਲੋਂ ਗਾਈਆਂ ਲੋਕ ਗਾਥਾਵਾਂ ਪ੍ਰੋਗਰਾਮ ‘ਰੰਗਲੀ ਧਰਤੀ’ ਵਿਚ ਪ੍ਰਸਾਰਿਤ ਹੋਣ ਲੱਗੀਆਂ। ਇਨ੍ਹਾਂ ਵਿਚ ਪੂਰਨ ਭਗਤ, ਕੌਲਾਂ, ਦੁੱਲਾ ਤੇ ਮਿਰਜ਼ਾ ਸ਼ਾਮਲ ਸਨ। ਕਦੇ ਕਦਾਈਂ ਹੁਣ ਵੀ ਕੇਂਦਰ ਵੱਲੋਂ ਇਨ੍ਹਾਂ ਗਾਥਾਵਾਂ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ। ਇੱਕ ਆਡੀਓ ਕੈਸੇੇਟ ਵੀ ਇਨ੍ਹਾਂ ਦੀ ਆਵਾਜ਼ ਵਿਚ ਰਿਕਾਰਡ ਹੋਈ।
ਮੋਹਣ ਸਿੰਘ ਦੇ ਗਰੁੱਪ ਵਿਚ ਸਮੇਂ ਸਮੇਂ ’ਤੇ ਸਾਥੀ ਸ਼ਾਮਲ ਹੁੰਦੇ ਤੇ ਨਿੱਖੜਦੇ ਰਹੇ। ਇਨ੍ਹਾਂ ਵਿਚ ਪ੍ਰੀਤੂ ਬੁੰਡਾਲਾ, ਕੁੱਕੂ ਭਾਰਸਿੰਘ ਪੁਰੇ ਵਾਲਾ, ਪਰਗਣ ਚੱਕ ਰਾਮੂ ਵਾਲਾ, ਤਲਵਾੜੇ ਵਾਲਾ ਬਚਨਾ ਆਦਿ ਸ਼ਾਮਲ ਸਨ। ਆਮ ਤੂੰਬੇ ਵਾਲੇ ਰਾਗੀਆਂ ਵਾਂਗ ਇਹ ਪੂਰਨ, ਕੌਲਾਂ, ਹੀਰ, ਸੱਸੀ, ਮਲਕੀ, ਮਿਰਜ਼ਾ, ਦੁੱਲਾ ਆਦਿ ਲੜੀਬੱਧ ਰਾਗ ਗਾਉਣ ਦੇ ਸਮਰੱਥ ਸਨ। ਇਸ ਗਾਇਕੀ ਵਿਚ ਪ੍ਰਸੰਗ ਦੀ ਪੇਸ਼ਕਾਰੀ ਬੜੀ ਭਾਵੁਕਤਾ ਨਾਲ ਕੀਤੀ ਜਾਂਦੀ ਹੈ। ਜਿਹੜਾ ਰਾਗੀ ਸਰੋਤਿਆਂ ਨੂੰ ਭਾਵਨਾਵਾਂ ਦੇ ਵਹਿਣ ਵਿਚ ਵਹਾਅ ਕੇ ਲਿਜਾਣ ਦੇ ਸਮਰੱਥ ਹੁੰਦਾ ਹੈ, ਉਹ ਹੀ ਸਫਲ ਰਾਗੀ ਮੰਨਿਆ ਜਾਂਦਾ ਹੈ। ਮੋਹਣ ਸਿੰਘ ਵਿਚ ਇਹ ਗੁਣ ਸੀ, ਉਸ ਦਾ ਵਿਖਿਆਨ ਢੰਗ ਪ੍ਰਭਾਵਸ਼ਾਲੀ ਸੀ। ਉਹ ਸਰੋਤਿਆਂ ਦੀ ਉਂਗਲ ਫੜ ਕੇ ਉਨ੍ਹਾਂ ਨੂੰ ਆਪਣੇ ਨਾਲ ਤੋਰਨ ਦੀ ਪਹੁੰਚ ਰੱਖਦਾ ਸੀ। ਸ਼ਾਹਣੀ ਕੌਲਾਂ ਦੀ ਗਾਥਾ ਵਿਚੋਂ ਜਦੋਂ ਬੀਜੇ ਵੱਲੋਂ ਲਾਈ ਸ਼ਰਤ ਅਧੀਨ ਕੌਲਾਂ ਚਿਖਾ ਵਿਚ ਬੈਠਣ ਲੱਗਦੀ ਹੈ ਤਾਂ ਉਸ ਦਾ ਪਿਤਾ ਪਹੌੜ ਮੱਲ ਕਿਵੇਂ ਵਿਰਲਾਪ ਕਰਦਾ ਹੈ:
ਜਨਮ ਦੇ ਲਿਆ ਕਰਮ ਕੀਹਦਾ ਲਾਵਾਂ,
ਜਲ ਗਏ ਨਸੀਬ ਨੀਂ ਧੀਏ।
ਤੈਨੂੰ ਲਿਆ ਮੈਂ ਦੁੱਖਾਂ ਦੇ ਨਾਲ ਪਾਲ ਨੀਂ ਧੀਏ।
ਦੁੱਧ ਮੱਖਣਾ ਨਾਲ ਧੋਤੇ ਤੇਰੇ ਵਾਲ ਨੀਂ ਧੀਏ।
ਅੱਗ ਚੰਦਰੀ ਨੇ ਦੇਣਾ ਤੈਨੂੰ ਜਾਲ ਨੀਂ ਧੀਏ।
ਮੇਲ ਹੋਣਾ ਨ੍ਹੀਂ ਤੇਰਾ ਭਾਈਆਂ ਨਾਲ ਨੀਂ ਧੀਏ।
ਤੇਰੀ ਮਾਤਾ ਹੋਊ ਸ਼ੁਦਾਇਣ, ਭਰਕੇ ਢਾਬਾਂ ਵਰਗੇ ਨੈਣ,
ਲੱਭਣੀ ਨਹੀਂ ਭਾਈਆਂ ਨੂੰ ਭੈਣ,
ਰੋਂਦਾ ਪਿੱਟਦਾ ਸਿਆਲ ਕੋਟੋਂ ਜਾਵਾਂ।
ਜਲ ਗਏ ਨਸੀਬ ਨੀਂ ਧੀਏ।
ਜਨਮ ਦੇ ਲਿਆ, ਕਰਮ ਕੀਹਦੇ ਲਾਵਾਂ।
ਇਸੇ ਤਰ੍ਹਾਂ ਮਲਕੀ ਕੀਮਾ ਦੀ ਗਾਥਾ ਵਿਚੋਂ ਇੱਕ ਨਮੂਨਾ ਪੇਸ਼ ਹੈ:
ਘੋੜੀ ਵਾਲਿਆ ਰਾਹੀਆ ਗੱਲ ਸੁਣ ਮੇਰੀ ਵੇ।
ਖੜ੍ਹੀ ਅਵਾਜ਼ਾਂ ਮਾਰਾਂ ਨੌਕਰ ਤੇਰੀ ਵੇ।
ਚੁੱਪ ਕੀਤਾ ਕਿਉਂ ਜਾਵੇਂ ਘੋੜੀ ਛੇੜੀ ਵੇ।
ਖੜ੍ਹੀ ਅਵਾਜ਼ਾਂ ਮਾਰਾਂ ਨੌਕਰ ਤੇਰੀ ਵੇ।
ਵਾਗਾਂ ਮੋੜ ਪਿਛਾਂਹ ਨੂੰ ਮੇਰਿਆ ਮਾਹੀਆ ਵੇ।
ਕਿੱਥੇ ਨੂੰ ਤੁਰਿਆ ਜਾਨਾਂ ਬੰਨ੍ਹ ਕੇ ਧਾਹੀਆ ਵੇ।
ਹੱਥ ਜੋੜ ਕੇ ਆਖਾਂ ਗੱਲ ਸੁਣ ਰਾਹੀਆ ਵੇ।
ਮੈਂ ਤੇਰੀ ਤੂੰ ਮੇਰਾ ਢੋਲ ਸਿਪਾਹੀਆ ਵੇ।
ਇਸ਼ਕ ਤੇਰੇ ਨੇ ਮੇਰੀ ਜਿੰਦੜੀ ਘੇਰੀ ਵੇ।
ਖੜ੍ਹੀ ਅਵਾਜ਼ਾਂ ਮਾਰਾਂ ਨੌਕਰ ਤੇਰੀ ਵੇ।
ਉਸ ਨੇ ਆਪਣੇ ਸਾਥੀਆਂ ਨਾਲ 2001 ਤੱਕ ਅਖਾੜਿਆਂ ’ਚ ਗਾਇਆ। ਮੋਹਣ ਸਿੰਘ ਦਾ ਵਿਆਹ ਖਾਨਪੁਰ ਨਿਵਾਸੀ ਪਾਖਰ ਸਿੰਘ ਦੀ ਧੀ ਮਹਿੰਦਰ ਕੌਰ ਨਾਲ ਹੋਇਆ। ਇਨ੍ਹਾਂ ਦੇ ਪੁੱਤਰ ਹਰਜਿੰਦਰ ਸਿੰਘ ਦਾ ਰੁਝਾਨ ਗਾਇਕੀ ਵੱਲ ਨਾ ਹੋ ਕੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਵੱਲ ਹੀ ਰਿਹਾ, ਪ੍ਰੰਤੂ ਉਸ ਨੂੰ ‘ਗੌਣ’ ਸੁਣਨ ਦਾ ਸ਼ੌਕ ਜ਼ਰੂਰ ਸੀ। 1990 ’ਚ ਸਕੂਟਰ ਤੋਂ ਡਿੱਗਣ ਕਾਰਨ ਉਸ ਦੇ ਸਿਰ ਵਿਚ ਸੱਟ ਲੱਗੀ। ਕੁਝ ਸਮੇਂ ਬਾਅਦ ਸੱਟ ਤਾਂ ਠੀਕ ਹੋ ਗਈ, ਦਿਮਾਗ਼ੀ ਸੰਤੁਲਨ ਖੋ ਬੈਠਾ ਤੇ 1991 ’ਚ ਮੌਤ ਹੋ ਗਈ।
ਮੋਹਣ ਸਿੰਘ ਨੇ ਭਾਵੇਂ 2001 ਵਿਚ ਗਾਉਣਾ ਛੱਡ ਦਿੱਤਾ ਸੀ, ਪ੍ਰੰਤੂ ਨੇੜੇ ਤੇੜੇ ਦੇ ਮੇਲਿਆਂ ਅਤੇ ਛਿੰਝਾਂ ’ਤੇ ਲੱਗਦੇ ਅਖਾੜੇ ਸੁਣਨ ਉਹ ਜ਼ਰੂਰ ਪਹੁੰਚਦਾ ਸੀ। 2008 ਵਿਚ ਸਮਰਾਵਾਂ ਦੀ ਛਿੰਝ ਦੇ ਪ੍ਰੋਗਰਾਮ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਸਕੂਟਰੀ ਤੋਂ ਡਿੱਗ ਪਿਆ। ਸੱਟਾਂ ਲੱਗੀਆਂ ਅਤੇ ਲੱਤ ਟੁੱਟ ਗਈ। ਫਿਰ ਕੁਝ ਦਿਨਾਂ ਬਾਅਦ ਮੌਤ ਹੋ ਗਈ। ਮੋਹਣ ਸਿੰਘ ਦੇ ਪੋਤੇ ਜਤਿੰਦਰ ਸਿੰਘ ਦਾ ਗਾਇਕੀ ਵੱਲ ਰੁਝਾਨ ਨਹੀਂ ਹੈ। ਉਹ ਖੇਤੀਬਾੜੀ ਦੇ ਨਾਲ ਨਾਲ ਡੇਅਰੀ ਦਾ ਕੰਮ ਕਰਦਾ ਹੈ।
ਸੰਪਰਕ: 84271-00341