ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਅਧਿਆਪਕਾਂ ਵਿੱਚ ਰੋਹ
ਪੱਤਰ ਪ੍ਰੇਰਕ
ਯਮੁਨਾਨਗਰ, 7 ਜੂਨ
ਹਰਿਆਣਾ ਸਕੂਲ ਟੀਚਰਜ਼ ਐਸੋਸੀਏਸ਼ਨ ਦੇ ਸੱਦੇ ‘ਤੇ ਹਰਿਆਣਾ ਸਰਕਾਰ ਦੀਆਂ ਸਿੱਖਿਆ, ਅਧਿਆਪਕ ਵਿਰੋਧੀ ਅਤੇ ਵਿਦਿਆਰਥੀ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਹਰਿਆਣਾ ਸਕੂਲ ਟੀਚਰਜ਼ ਐਸੋਸੀਏਸ਼ਨ ਦੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਅੱਜ 46ਵੇਂ ਦਿਨ ਵੀ ਜਾਰੀ ਰਹੀ । ਜ਼ਿਲ੍ਹਾ ਪ੍ਰਧਾਨ ਸੰਜੇ ਕੰਬੋਜ ਨੇ ਦੱਸਿਆ ਕਿ ਅੱਜ ਹਿਸਾਰ ਜ਼ਿਲ੍ਹੇ ਦੇ ਅਧਿਆਪਕ ਸੁਭਾਸ਼ ਚੰਦਰ ਬਲਾਕ ਪ੍ਰਧਾਨ ਆਦਮਪੁਰ ਦੀ ਅਗਵਾਈ ਹੇਠ ਰਾਮ ਸੂਰਤ, ਲੀਲੂ ਰਾਮ, ਘੀਸਾ ਰਾਮ ਅਤੇ ਨਿਰੰਜਨ ਸੈਣੀ ਸਮੇਤ ਪੰਜ ਅਧਿਆਪਕ ਭੁੱਖ ਹੜਤਾਲ ‘ਤੇ ਬੈਠੇ । ਭੁੱਖ ਹੜਤਾਲੀ ਵਰਕਰਾਂ ਦਾ ਮਨੋਬਲ ਵਧਾਉਣ ਅਤੇ ਜਥੇਬੰਦੀ ਦੀਆਂ ਮੰਗਾਂ ਦੀ ਹਮਾਇਤ ਕਰਨ ਲਈ ਸਰਵ ਕਰਮਚਾਰੀ ਸੰਘ, ਕਿਸਾਨ ਸੰਗਠਨ ਅਤੇ ਹੋਰ ਸਿੱਖਿਆ ਪ੍ਰੇਮੀ ਹਰ ਰੋਜ਼ ਭੁੱਖ ਹੜਤਾਲ ਵਾਲੀ ਥਾਂ ‘ਤੇ ਪਹੁੰਚ ਰਹੇ ਹਨ ।
ਅਧਿਆਪਕ ਆਗੂਆਂ ਸੰਜੇ ਕੰਬੋਜ, ਰਾਜੇਸ਼ ਕੰਬੋਜ, ਰਾਕੇਸ਼ ਕੁਮਾਰ, ਗੋਵਿੰਦ ਸਿੰਘ ਨੇ ਹਾਰ ਪਾ ਕੇ ਭੁੱਖ ਹੜਤਾਲ ‘ਤੇ ਬੈਠੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਸ਼ੁਰੂ ਤੋਂ ਹੀ ਸਿੱਖਿਆ ਨੂੰ ਅਣਗੌਲਿਆਂ ਕਰਦੀਆਂ ਆ ਰਹੀਆਂ ਹਨ। ਮੌਜੂਦਾ ਸਰਕਾਰ ਵੀ ਤਾਨਾਸ਼ਾਹੀ ਵਾਲਾ ਵਤੀਰਾ ਅਪਣਾ ਰਹੀ ਹੈ। ਸਰਕਾਰ ਵੱਲੋਂ ਮਸਲੇ ਹੱਲ ਕਰਨ ਦੀ ਥਾਂ ਸਿਰਫ਼ ਬਿਆਨਬਾਜ਼ੀ ਹੀ ਕੀਤੀ ਜਾਂਦੀ ਹੈ । ਨਵੇਂ ਸਕੂਲ ਖੋਲ੍ਹਣ ਦੀ ਬਜਾਏ ਹਰਿਆਣਾ ਵਿਚ ਸਿੱਖਿਆ ਸੁਧਾਰ ਦੇ ਨਾਂ ‘ਤੇ ਮਾਡਲ ਕਲਚਰ ਸਕੂਲ ਸਥਾਪਿਤ ਕੀਤੇ ਜਾ ਰਹੇ ਹਨ, ਬੱਚਿਆਂ ਦੇ ਦਾਖ਼ਲਿਆਂ ਵਿੱਚ ਕਈ ਤਕਨੀਕੀ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਸੰਨ 2017 ਵਿੱਚ ਨਿਯੁਕਤ ਕੀਤੇ ਅਧਿਆਪਕਾਂ ਨੂੰ ਅੱਜ ਤੱਕ ਪੱਕੇ ਜ਼ਿਲ੍ਹੇ ਅਲਾਟ ਨਹੀਂ ਕੀਤੇ ਗਏ, ਜਿਸ ਕਰਕੇ ਅਧਿਆਪਕ ਅਦਾਲਤਾਂ ਵਿੱਚ ਖੁਆਰ ਹੋ ਰਹੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਭੁੱਖ ਹੜਤਾਲ ਜਾਰੀ ਰਹੇਗੀ ।