ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਕਾਰਨ ਪੈਨਸ਼ਨਰਾਂ ’ਚ ਰੋਸ
ਪੱਤਰ ਪ੍ਰੇਰਕ
ਧਾਰੀਵਾਲ, 9 ਅਕਤੂਬਰ
ਪਾਵਰਕੌਮ ਤੇ ਟਰਾਂਸਕੋ ਪੈਨਸਨਰਜ਼ ਯੂਨੀਅਨ ਪੰਜਾਬ ਮੰਡਲ ਯੂਨਿਟ ਧਾਰੀਵਾਲ ਦੀ ਮੀਟਿੰਗ ਹਰਕਿਰਪਾਲ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਯੂਨੀਅਨ ਦੇ ਸਰਕਲ ਪ੍ਰਧਾਨ ਹਜ਼ਾਰਾ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸਰਕਲ ਪ੍ਰਧਾਨ ਹਜਾਰਾ ਸਿੰਘ ਗਿੱਲ ਅਤੇ ਸਕੱਤਰ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ/ ਪੈਨਸ਼ਨਰਾਂ ਦੇ ਹੱਕ ਵਿੱਚ ਕੀਤੇ ਗਏ ਉੱਚ ਅਦਾਲਤਾਂ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਟਾਲਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸੂਬਾ ਸਰਕਾਰ ਪੰਜਾਬ ਦੇ ਖ਼ਜ਼ਾਨੇ ਨੂੰ ਲੋਕਾਂ ਦੀ ਭਲਾਈ ਲਈ ਖਰਚ ਕਰਨ ਦੀ ਬਜਾਏ ਕੇਜਰੀਵਾਲ ਦੇ ਕੂੜ ਪ੍ਰਚਾਰ ਅਤੇ ਵੱਖ ਵੱਖ ਰਾਜਾਂ ਦੇ ਚੋਣ ਪ੍ਰਚਾਰ ਅਤੇ ਚੋਣ ਸਮੱਗਰੀ ’ਤੇ ਖਰਚ ਕਰਕੇ ਧੜਾਧੜ ਲੁਟਾ ਰਹੀ ਹੈ, ਜਦਕਿ ਪੰਜਾਬ ਦੀ ਜਨਤਾ, ਮੁਲਾਜ਼ਮ ਅਤੇ ਪੈਨਸਨਰਜ ਬੁਨਿਆਦੀ ਸਹੂਲਤਾਂ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ।
ਮੀਟਿੰਗ ਵਿੱਚ ਹਰਦੀਪ ਸਿੰਘ ਖਹਿਰਾ, ਹਰਪਾਲ ਸਿੰਘ, ਵਰਿੰਦਰ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ ਸੱਗੂ ਅਤੇ ਵਜੀਰ ਸਿੰਘ ਹਾਜ਼ਰ ਸਨ।