ਸਕੂਲੀ ਬੱਚੀਆਂ ਦੇ ਜਿਨਸੀ ਸ਼ੋਸ਼ਣ ਖ਼ਿਲਾਫ਼ ਰੋਹ ਭਖ਼ਿਆ
ਬਦਲਾਪੁਰ/ਠਾਣੇ, 20 ਅਗਸਤ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਦੇ ਇੱਕ ਨਾਮੀ ਸਕੂਲ ਵਿੱਚ ਸਫ਼ਾਈ ਕਰਮੀ ਵੱਲੋਂ ਦੋ ਬੱਚੀਆਂ ਨਾਲ ਜਿਨਸੀ ਛੇੜਛਾੜ ਕੀਤੇ ਜਾਣ ਦੇ ਰੋਸ ਵਜੋਂ ਅੱਜ ਵਿਦਿਆਰਥੀਆਂ ਦੇ ਮਾਪਿਆਂ ਸਮੇਤ ਵੱਡੀ ਗਿਣਤੀ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ ਤੇ ਰੇਲਵੇ ਟਰੈਕ ਜਾਮ ਕਰ ਦਿੱਤੇ। ਘਟਨਾ ਦੇ ਸਬੰਧ ਵਿੱਚ ਸਕੂਲ ਪ੍ਰਿੰਸੀਪਲ ਤੇ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਇਸ ਮਾਮਲੇ ’ਚ ਫਾਸਟ ਟਰੈਕ ਅਦਾਲਤ ’ਚ ਮੁਕੱਦਮਾ ਚਲਾਉਣ ਤੇ ਜਲਦੀ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਂਕੜਿਆਂ ਦੀ ਗਿਣਤੀ ’ਚ ਵਿਦਿਆਰਥੀਆਂ ਦੇ ਮਾਪੇ ਤੇ ਸਥਾਨਕ ਨਾਗਰਿਕ ਅੱਜ ਸਵੇਰੇ ਅੱਠ ਵਜੇ ਬਦਲਾਪੁਰ ਰੇਲਵੇ ਸਟੇਸ਼ਨ ਦੀਆਂ ਪਟੜੀਆਂ ’ਤੇ ਆ ਗਏ ਅਤੇ ਆਪਣੀ ਮੰਗ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਲਈ ਰੇਲ ਆਵਾਜਾਈ ਠੱਪ ਕਰ ਦਿੱਤੀ। ਸਥਿਤੀ ਕਾਬੂ ਹੇਠ ਕਰਨ ਲਈ ਪੁਲੀਸ ਨੂੰ ਸਖ਼ਤ ਮੁਸ਼ੱਕਤ ਕਰਨੀ ਪਈ। ਲੋਕਾਂ ਦੇ ਰੋਸ ਮੁਜ਼ਾਹਰੇ ਕਾਰਨ ਕਈ ਰੇਲ ਗੱਡੀਆਂ ਦੇ ਰਾਹ ਤਬਦੀਲ ਕਰਨੇ ਪਏ ਹਨ। ਪੁਲੀਸ ਨੇ 17 ਅਗਸਤ ਨੂੰ ਬਦਲਾਪੁਰ ਦੇ ਇੱਕ ਸਕੂਲ ਅਟੈਂਡੈਂਟ ਨੂੰ ਤਿੰਨ ਤੇ ਚਾਰ ਸਾਲ ਦੀਆਂ ਦੋ ਵਿਦਿਆਰਥਣਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਸ਼ਿਕਾਇਤ ਅਨੁਸਾਰ ਉਸ ਨੇ ਸਕੂਲ ਦੇ ਪਖਾਨੇ ’ਚ ਬੱਚੀਆਂ ਦਾ ਜਿਨਸੀ ਸ਼ੋਸ਼ਣ ਕੀਤਾ। ਘਟਨਾ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਲੰਘੀ ਦੇਰ ਸ਼ਾਮ ਕਿਹਾ ਕਿ ਉਨ੍ਹਾਂ ਪ੍ਰਿੰਸੀਪਲ, ਇੱਕ ਅਧਿਆਪਕਾ ਤੇ ਇੱਕ ਮਹਿਲਾ ਅਟੈਂਡੈਂਟ ਨੂੰ ਇਸ ਲਈ ਜ਼ਿੰਮੇਵਾਰ ਮੰਨਦਿਆਂ ਮੁਅੱਤਲ ਕਰ ਦਿੱਤਾ ਹੈ। ਸਕੂਲ ਮੈਨੇਜਮੈਂਟ ਨੇ ਇਸ ਘਟਨਾ ਲਈ ਮੁਆਫ਼ੀ ਵੀ ਮੰਗੀ ਹੈ। ਮੈਨੇਜਮੈਂਟ ਨੇ ਕਿਹਾ ਕਿ ਉਸ ਨੇ ਉਸ ਫਰਮ ਨੂੰ ਵੀ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ ਜਿਸ ਨੂੰ ਸਾਂਭ ਸੰਭਾਲ ਸਬੰਧੀ ਕੰਮਾਂ ਦਾ ਠੇਕਾ ਦਿੱਤਾ ਗਿਆ ਸੀ। ਦੂਜੇ ਪਾਸੇ ਇੱਕ ਅਧਿਕਾਰੀ ਨੇ ਦੱਸਿਆ ਕਿ ਡਿਊਟੀ ’ਚ ਕੁਤਾਹੀ ਵਰਤਣ ਦੇ ਦੋਸ਼ ਹੇਠ ਤਿੰਨ ਪੁਲੀਸ ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ ਹਨ ਜਦਕਿ ਥਾਣਾ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਸ਼ਿਵ ਸੈਨਾ (ਯੂਬੀਟੀ) ਊਧਵ ਠਾਕਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਇੱਕ ਪਾਸੇ ਮਹਾਯੁਤੀ ਸਰਕਾਰ ਮਹਿਲਾਵਾਂ ਲਈ ‘ਮੁੱਖ ਮੰਤਰੀ ਲਾਡਕੀ ਬਹਿਨ’ ਯੋਜਨਾ ਚਲਾ ਰਹੀ ਤੇ ਪਰ ਭੈਣਾਂ ਦੀਆਂ ਧੀਆਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਕੂਲ ਦਾ ਸਬੰਧ ਭਾਜਪਾ ਆਗੂਆਂ ਨਾਲ ਹੈ। ਉਨ੍ਹਾਂ ਕਿਹਾ, ‘ਮਾਮਲੇ ਦੀ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ ਤੇ ਪੀੜਤਾਂ ਨੂੰ ਜਲਦੀ ਇਨਸਾਫ ਮਿਲਣਾ ਚਾਹੀਦਾ ਹੈ।’ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਖਦੇੜਨ ਲਈ ਪੁਲੀਸ ਨੇ ਲਾਠੀਚਾਰਜ ਵੀ ਕੀਤਾ। ਇਸੇ ਦੌਰਾਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਹਾਰਾਸ਼ਟਰ ਦੀਆਂ ਅਥਾਰਿਟੀਆਂ ਤੋਂ ਘਟਨਾ ਬਾਰੇ ਰਿਪੋਰਟ ਮੰਗ ਲਈ ਹੈ। -ਪੀਟੀਆਈ
ਮਹਾਰਾਸ਼ਟਰ ਸਰਕਾਰ ਨੇ ਘਟਨਾ ਦੀ ਜਾਂਚ ਲਈ ਸਿਟ ਬਣਾਈ
ਮੁੰਬਈ:
ਮਹਾਰਾਸ਼ਟਰ ਸਰਕਾਰ ਨੇ ਬਦਲਾਪੁਰ ਸਕੂਲ ’ਚ ਦੋ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੀ ਜਾਂਚ ਲਈ ਅੱਜ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਗਠਨ ਦਾ ਹੁਕਮ ਦਿੱਤਾ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਕਸ ’ਤੇ ਕਿਹਾ ਕਿ ਸਿਟ ਦੀ ਅਗਵਾਈ ਪੁਲੀਸ ਦੇ ਆਈਜੀ ਰੈਂਕ ਦੀ ਅਫਸਰ ਆਰਤੀ ਸਿੰਘ ਕਰੇਗੀ। ਫੜਨਵੀਸ ਗ੍ਰਹਿ ਵਿਭਾਗ ਦੇ ਮੁਖੀ ਹਨ। ਉਨ੍ਹਾਂ ਕਿਹਾ ਕਿ ਠਾਣੇ ਪੁਲੀਸ ਦੇ ਕਮਿਸ਼ਨਰ ਨੂੰ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ’ਚ ਕਰਨ ਲਈ ਤਜਵੀਜ਼ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸੇ ਦੌਰਾਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਖ਼ਿਲਾਫ਼ ਜਬਰ ਜਨਾਹ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਜਾਵੇ। ਉਨ੍ਹਾਂ ਕਿਹਾ ਇਸ ਮਾਮਲੇ ’ਚ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ