ਪ੍ਰਸ਼ਨੋਤਰੀ ਮੁਕਾਬਲੇ: ਸਰਕਾਰੀ ਸਕੂਲ ਰੁਪਾਲੋਂ ਦੇ ਵਿਦਿਆਰਥੀ ਅੱਵਲ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੁਲਾਈ
ਭਾਰਤ ਸਰਕਾਰ, ਰਿਜ਼ਰਵ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਵਿੱਚ ਕੁਇਜ਼ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਲੁਧਿਆਣਾ ਦੀਆਂ ਤਹਿਸੀਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਸੱਤ ਟੀਮਾਂ ਨੇ ਹਿੱਸਾ ਲਿਆ। ਮੁਕਾਬਲੇ ਦੌਰਾਨ ਦਿੱਤੇ ਗਏ ਸਾਰੇ ਹੀ ਪ੍ਰਸ਼ਨਾਂ ਦੀ ਰੂਪਰੇਖਾ ਜੀ-20 ਸੰਮੇਲਨ ਅਤੇ ਬੈਂਕਿੰਗ ਪ੍ਰਣਾਲੀ ਨਾਲ ਸਬੰਧਤ ਸੀ। ਇਸ ਸਾਂਝੇ ਕੁਇੱਜ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਲੋਂ ਦੇ ਵਿਦਿਆਰਥੀ ਪ੍ਰਿੰਸ ਕੁਮਾਰ ਅਤੇ ਜਗਜੀਵਨ ਸਿੰਘ ਨੂੰ ਇੱਕ ਟਰਾਫੀ ਅਤੇ 10,000 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਬਾ ਜੱਟਪੁਰਾ ਦੇ ਵਿਦਿਆਰਥੀਆਂ ਹਰਮਨਪ੍ਰੀਤ ਸਿੰਘ ਅਤੇ ਪ੍ਰਭਦੀਪ ਸਿੰਘ ਨੂੰ ਟਰਾਫੀ ਅਤੇ 7500 ਰੁਪਏ ਜਦਕਿ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਦੀਆਂ ਵਿਦਿਆਰਥਣਾਂ ਅੰਜੂ ਕੁਮਾਰੀ ਅਤੇ ਜਸ਼ਨਦੀਪ ਕੌਰ ਨੂੰ ਟਰਾਫੀ ਅਤੇ 5000 ਰੁਪਏ ਅਤੇ ਮੈਰਿਟ ਸਰਟੀਫਿਕੇਟ ਇਨਾਮ ਵਜੋਂ ਦਿੱਤੇ ਗਏ। ਹੁਣ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਲੁਧਿਆਣਾ ਵੱਲੋਂ ਸਟੇਟ ਵਿੱਚ ਹਿੱਸਾ ਲਵੇਗੀ।