ਭਾਰਤ ਛੱਡੋ ਦਿਵਸ: ਭਾਜਪਾ ਤੇ ਕਾਂਗਰਸ ਨੇ ਇਕ-ਦੂਜੇ ’ਤੇ ਨਿਸ਼ਾਨਾ ਸੇਧਿਆ
ਨਵੀਂ ਦਿੱਲੀ/ਝਾਰਗਰਾਮ, 9 ਅਗਸਤ
ਮਹਾਤਮਾ ਗਾਂਧੀ ਵੱਲੋਂ 1942 ਵਿਚ ਅੱਜ ਦੇ ਦਿਨ ਬ੍ਰਿਟਿਸ਼ ਰਾਜ ਵਿਰੁੱਧ ਵਿੱਢੇ ਗਏ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਮੌਕੇ ਭਾਜਪਾ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਿਆ। ਇਕ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ, ‘ਵੰਸ਼ਵਾਦ, ਭ੍ਰਿਸ਼ਟਾਚਾਰ ਤੇ ਤੁਸ਼ਟੀਕਰਨ ਜਿਹੀਆਂ ਬਿਮਾਰੀਆਂ ਨੂੰ ਭਾਰਤ ਛੱਡਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਹਿੱਤ ਵਿਚ ਹੋਵੇਗਾ। ਪ੍ਰਸਾਦ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਤੁਸ਼ਟੀਕਰਨ ਦੀ ਸਿਆਸਤ ਵੰਸ਼ਵਾਦ ਦੀ ਰਾਜਨੀਤੀ ਵਿਚੋਂ ਹੀ ਨਿਕਲੀ ਹੈ। ਭਾਜਪਾ ਆਗੂ ਨੇ ਇਸ ਮੌਕੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ, ਤੇ ਵੱਖ-ਵੱਖ ਰਾਜਾਂ ਵਿਚ ਟੀਐਮਸੀ, ਆਰਜੇਡੀ, ਡੀਐਮਕੇ ਤੇ ਟੀਆਰਐੱਸ ਸਰਕਾਰਾਂ ਦੇ ਸ਼ਾਸਨ ਵਿਚ ਹੋਏ ‘ਘੁਟਾਲਿਆਂ ਦਾ ਮੁੱਦਾ’ ਉਠਾਇਆ। ਇਸੇ ਦੌਰਾਨ ਅੱਜ ਭਾਜਪਾ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿਚ ਰੋਸ ਮੁਜ਼ਾਹਰਾ ਵੀ ਕੀਤਾ ਤੇ ਵੰਸ਼ਵਾਦ ਦੀ ਸਿਆਸਤ, ਤੁਸ਼ਟੀਕਰਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਸਾਦ ਨੇ ਕਿਹਾ ਕਿ ਭਾਜਪਾ ਵੰਸ਼ਵਾਦ ਦੀ ਸਿਆਸਤ ਦੇ ਖਿਲਾਫ਼ ਹੈ, ਪਰ ਕਿਸੇ ਸਿਆਸਤਦਾਨ ਦੇ ਪੁੱਤਰ ਜਾਂ ਧੀ ਵੱਲੋਂ ਸਿਆਸਤ ਵਿਚ ਆ ਕੇ ਚੋਣਾਂ ਲੜਨ ਦੇ ਖ਼ਿਲਾਫ਼ ਨਹੀਂ ਹੈ। ‘ਅਗਸਤ ਕ੍ਰਾਂਤੀ ਦਿਵਸ’ ਮੌਕੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਭਾਜਪਾ ‘ਵੰਡ ਪਾਓ ਤੇ ਰਾਜ ਕਰੋ’ ਦੀ ਨੀਤੀ ਉਤੇ ਚੱਲ ਰਹੀ ਹੈ। ਕਾਂਗਰਸ ਆਗੂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ‘ਨਫ਼ਰਤ, ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਭਾਰਤ ਛੱਡਣ ਲਈ ਕਹਿਣ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਮੌਕੇ ਭਾਜਪਾ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਿਹਾ ਕਿ, ‘ਜਿਨ੍ਹਾਂ ਕਦੇ ਵੀ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਨਹੀਂ ਲਿਆ ਜਾਂ ਭਾਰਤ ਛੱਡੋ ਅੰਦੋਲਨ ਦੀ ਹਮਾਇਤ ਨਹੀਂ ਕੀਤੀ, ਉਹ ਇਸ ਬਾਰੇ ਗੱਲ ਕਰ ਰਹੇ ਹਨ।’ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਦੇ ਕਈ ਮੈਂਬਰਾਂ ਨੇ ਅੱਜ ਸੰਸਦ ਵਿਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਨੇ ‘ਭਾਰਤ ਛੱਡੋ ਦਿਵਸ’ ਮੌਕੇ ਕਿਹਾ ਕਿ ਭਾਜਪਾ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ। -ਪੀਟੀਆਈ
ਤੁਸ਼ਾਰ ਗਾਂਧੀ ਤੇ ਸੀਤਲਵਾੜ ਨੂੰ ਰੈਲੀ ’ਚ ਹਿੱਸਾ ਲੈਣ ਤੋਂ ਰੋਕਿਆ ਗਿਆ
ਮੁੰਬਈ: ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪੁਲੀਸ ਨੇ ਉਨ੍ਹਾਂ ਨੂੰ ਅੱਜ ਉਸ ਵੇਲੇ ਹਿਰਾਸਤ ’ਚ ਲੈ ਲਿਆ ਜਦ ਉਹ ਘਰੋਂ ‘ਭਾਰਤ ਛੱਡੋ ਦਿਵਸ’ ਮੌਕੇ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਵੱਲ ਜਾ ਰਹੇ ਸਨ। ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਘਰੋਂ ਨਿਕਲਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਏ ਜੀਜੀ ਪਾਰਿਖ ਨੂੰ ਵੀ ਮੈਦਾਨ ਵੱਲ ਨਹੀਂ ਜਾਣ ਦਿੱਤਾ ਗਿਆ। ਤੁਸ਼ਾਰ ਗਾਂਧੀ, ਸੀਤਲਵਾੜ ਤੇ ਪਾਰਿਖ ਨੇ ਗਿਰਗਾਓਂ ਚੌਪਾਟੀ ਤੋਂ ਅਗਸਤ ਕ੍ਰਾਂਤੀ ਮੈਦਾਨ ਤੱਕ ਹੋਣ ਵਾਲੇ ‘ਸ਼ਾਂਤੀ ਮਾਰਚ’ ਵਿਚ ਹਿੱਸਾ ਲੈਣਾ ਸੀ। ਪੁਲੀਸ ਨੇ ਹਾਲਾਂਕਿ ਮਗਰੋਂ ਤੁਸ਼ਾਰ ਗਾਂਧੀ ਨੂੰ ਮੈਦਾਨ ਵੱਲ ਜਾਣ ਦਿੱਤਾ। ਤੁਸ਼ਾਰ ਨੇ ਦੋਸ਼ ਲਾਇਆ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਉਨ੍ਹਾਂ ਨੂੰ ਪਹਿਲੀ ਵਾਰ ਇਸ ਤਰ੍ਹਾਂ ਰੋਕਿਆ ਗਿਆ ਹੈ। -ਪੀਟੀਆਈ