For the best experience, open
https://m.punjabitribuneonline.com
on your mobile browser.
Advertisement

ਦਰਿਆ ’ਚ ਬਣਾਏ ਚੋਰ ਲਾਂਘੇ ਨਾਲ ਸੁਰੱਖਿਆ ਵਿਵਸਥਾ ’ਤੇ ਉੱਠੇ ਸਵਾਲ

07:57 AM May 03, 2024 IST
ਦਰਿਆ ’ਚ ਬਣਾਏ ਚੋਰ ਲਾਂਘੇ ਨਾਲ ਸੁਰੱਖਿਆ ਵਿਵਸਥਾ ’ਤੇ ਉੱਠੇ ਸਵਾਲ
ਰਾਵੀ ਦਰਿਆ ਵਿੱਚ ਪੁੱਟੇ ਗਏ ਟੋਏ ਨੂੰ ਪੂਰ ਕੇ ਟਰੱਕਾਂ ਤੇ ਟਿੱਪਰਾਂ ਨੂੰ ਲੰਘਾਉਣ ਲਈ ਬਣਾਇਆ ਗਿਆ ਲਾਂਘਾ।
Advertisement

ਐੱਨਪੀ ਧਵਨ
ਪਠਾਨਕੋਟ, 2 ਮਈ
ਰਾਵੀ ਦਰਿਆ ਵਿੱਚ ਬੇਹੜੀਆਂ, ਛੰਨੀ ਸ਼ਹਿਰ ਖੇਤਰ ਵਿੱਚ ਇੱਕ ਚੋਰ ਰਸਤੇ ਰਾਹੀਂ ਜੰਮੂ-ਕਸ਼ਮੀਰ ਦੀ ਤਰਫੋਂ ਪੰਜਾਬ ਖੇਤਰ ਵਿੱਚ ਬੇਰੋਕ ਆ ਰਹੇ ਟਰੱਕਾਂ, ਟਿੱਪਰਾਂ ਨਾਲ ਸੁਰੱਖਿਆ ਵਿਵਸਥਾ ਨੂੰ ਖਤਰਾ ਖੜ੍ਹਾ ਹੋ ਗਿਆ ਹੈ। ਹਾਲਾਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਤਹਿਤ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਕਰੰਸੀ ਨੂੰ ਰੋਕਣ ਲਈ ਜ਼ਿਲ੍ਹਾ ਪਠਾਨਕੋਟ ਦੇ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ 23 ਇੰਟਰਸਟੇਟ ਨਾਕਿਆਂ ਉਪਰ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਹਨ, ਜੋ ਇਨ੍ਹਾਂ ਸੂਬਿਆਂ ਵਿੱਚੋਂ ਪੰਜਾਬ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕਰ ਰਹੇ ਹਨ। ਪਰ ਨਵੇਂ ਚੋਰ ਰਸਤੇ ਤੇ ਕੋਈ ਵੀ ਸੁਰੱਖਿਆ ਮੁਲਾਜ਼ਮ ਤਾਇਨਾਤ ਨਾ ਹੋਣ ਕਾਰਨ ਅਤੇ ਨਾ ਹੀ ਕੋਈ ਚੈਕਿੰਗ ਹੋਣ ਕਰਕੇ ਪ੍ਰਸ਼ਾਸਨ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਜ਼ਿਕਰਯੋਗ ਹੈ ਕਿ ਕਰੀਬ 10 ਦਿਨ ਪਹਿਲਾਂ ਹੀ ਪੁਲੀਸ ਨੇ ਮਾਧੋਪੁਰ ਨਾਕੇ ਤੇ ਜੰਮੂ-ਕਸ਼ਮੀਰ ਵਿੱਚੋਂ ਇੱਕ ਇਨੋਵਾ ਕਾਰ ਵਿੱਚ ਸਮਗਲ ਕਰ ਕੇ ਲਿਆਂਦੀ ਜਾ ਰਹੀ 50 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਅਤੇ 5 ਲੱਖ ਦੀ ਡਰੱਗਮਨੀ ਬਰਾਮਦ ਕੀਤੀ ਸੀ। ਇਕੱਲਾ ਇਹੀ ਨਹੀਂ ਪਹਿਲਾਂ ਵੀ ਮਾਧੋਪੁਰ ਨਾਕੇ ਉਪਰ ਜੰਮੂ-ਕਸ਼ਮੀਰ ਵੱਲੋਂ ਆਉਣ ਵਾਲੇ ਟਰੱਕਾਂ ਵਿੱਚ ਸੇਬਾਂ ਵਾਲੀਆਂ ਪੇਟੀਆਂ ਦੇ ਹੇਠਾਂ ਰੱਖ ਕੇ ਲਿਆਂਦੇ ਜਾ ਰਹੇ ਨਸ਼ੀਲੇ ਪਦਾਰਥ ਅਤੇ ਹੋਰ ਆਧੁਨਿਕ ਹਥਿਆਰ ਕਈ ਵਾਰ ਫੜੇ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਸੁਰੱਖਿਆ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਇਸ ਚੋਰ ਲਾਂਘੇ ਨੂੰ ਕਰੀਬ 4 ਮਹੀਨੇ ਪਹਿਲਾਂ ਪੁਲੀਸ ਪ੍ਰਸ਼ਾਸਨ ਨੇ ਇੱਕ ਵੱਡਾ ਟੋਆ ਪੁੱਟ ਕੇ ਬੰਦ ਕਰ ਦਿੱਤਾ ਸੀ ਪਰ ਹੁਣ ਜਦ ਪ੍ਰਸ਼ਾਸਨ ਦਾ ਧਿਆਨ ਚੋਣ ਪ੍ਰਬੰਧਾਂ ਵੱਲ ਲੱਗਾ ਹੋਇਆ ਹੈ ਤਾਂ ਇਸ ਟੋਏ ਨੂੰ ਮਾਈਨਿੰਗ ਮਾਫੀਆ ਵੱਲੋਂ ਪੂਰ ਕੇ ਗੈਰ-ਕਾਨੂੰਨੀ ਲਾਂਘਾ ਮੁੜ ਚਾਲੂ ਕਰ ਦਿੱਤਾ ਗਿਆ ਹੈ। ਜਿੱਥੋਂ ਰੇਤਾ, ਬੱਜਰੀ ਨਾਲ ਭਰੇ ਵਾਹਨ ਧੜਾ-ਧੜ ਲੰਘਣੇ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਸੁਹੇਲ ਕਾਸਿਮ ਮੀਰ ਦਾ ਕਹਿਣਾ ਸੀ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×