For the best experience, open
https://m.punjabitribuneonline.com
on your mobile browser.
Advertisement

ਨਿਆਂ ਪ੍ਰਣਾਲੀ ’ਤੇ ਸਵਾਲ

01:36 AM Jun 16, 2023 IST
ਨਿਆਂ ਪ੍ਰਣਾਲੀ ’ਤੇ ਸਵਾਲ
Advertisement

ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਵਿਚ ਸਥਿਤ ਗੋਧਰਾ ਰੇਲਵੇ ਸਟੇਸ਼ਨ ‘ਤੇ 27 ਫਰਵਰੀ 2002 ਨੂੰ ਅਯੁੱਧਿਆ ਤੋਂ ਕਾਰ ਸੇਵਕਾਂ ਨੂੰ ਵਾਪਸ ਲਿਆ ਰਹੀ ਰੇਲ ਗੱਡੀ ਦੇ ਡੱਬੇ ਨੂੰ ਅੱਗ ਲਾਉਣ ਦੀ ਘਟਨਾ ਵਿਚ 58 ਵਿਅਕਤੀਆਂ ਦੀ ਮੌਤ ਹੋਈ ਅਤੇ ਇਸ ਤੋਂ ਬਾਅਦ ਵੱਡੀ ਪੱਧਰ ‘ਤੇ ਹਿੰਸਾ ਭੜਕੀ। ਹਿੰਸਾ ਦੀਆਂ ਮੁੱਖ ਘਟਨਾਵਾਂ ਵਿਚੋਂ ਇਕ ਵਡੋਦਰਾ (ਬੜੌਦਾ) ਸ਼ਹਿਰ ਦੇ ਹਨੂੰਮਾਨ ਟੇਕਰੀ ਇਲਾਕੇ ਵਿਚ ਵਾਪਰੀ ਜਿਸ ਨੂੰ ਬੈਸਟ ਬੇਕਰੀ ਕੇਸ ਵਜੋਂ ਜਾਣਿਆ ਜਾਂਦਾ ਹੈ। ਪਹਿਲੀ ਮਾਰਚ 2002 ਨੂੰ ਹਿੰਸਕ ਭੀੜ ਨੇ ਇਸ ਬੇਕਰੀ ਨੂੰ ਘੇਰ ਲਿਆ ਤੇ ਇਸ ਨੂੰ ਅੱਗ ਲਾ ਦਿੱਤੀ। ਬੇਕਰੀ ਦਾ ਮਾਲਕ ਸ਼ੇਖ ਪਰਿਵਾਰ ਸੀ। ਅਗਜ਼ਨੀ ਦੀ ਇਸ ਘਟਨਾ ਵਿਚ ਮੁਸਲਿਮ ਭਾਈਚਾਰੇ ਦੇ ਗਿਆਰਾਂ ਅਤੇ ਹਿੰਦੂ ਭਾਈਚਾਰੇ ਦੇ ਤਿੰਨ ਵਿਅਕਤੀ ਮਾਰੇ ਗਏ। ਪਹਿਲਾਂ ਚੱਲੇ ਮੁਕੱਦਮੇ ਵਿਚ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। ਉਸ ਸਮੇਂ ਇਹ ਦੋਸ਼ ਲੱਗੇ ਸਨ ਕਿ ਗਵਾਹਾਂ ਨੂੰ ਡਰਾਇਆ-ਧਮਕਾਇਆ ਗਿਆ ਸੀ ਜਿਸ ਕਾਰਨ ਉਹ ਆਪਣੇ ਬਿਆਨਾਂ ਤੋਂ ਮੁੱਕਰ ਗਏ ਸਨ। ਇੱਥੋਂ ਤਕ ਕਿ ਕੇਸ ਦਰਜ ਕਰਵਾਉਣ ਵਾਲੀ ਜ਼ਹੀਰਾ ਸ਼ੇਖ ਜਿਸ ਦੇ ਪਰਿਵਾਰ ਦੀ ਬੇਕਰੀ ਸੀ, ਨੇ ਵੀ ਅਦਾਲਤ ਵਿਚ ਪਹਿਲੇ ਬਿਆਨਾਂ ਤੋਂ ਉਲਟ ਬਿਆਨ ਦਿੱਤਾ। ਬਾਅਦ ਵਿਚ ਜ਼ਹੀਰਾ ਨੇ ਪ੍ਰੈੱਸ ਨੂੰ ਦੱਸਿਆ ਕਿ ਉਸ ਨੂੰ ਮਾਰਨ ਦੀ ਧਮਕੀ ਮਿਲੀ ਸੀ। ਜਦੋਂ ਕੇਸ ਸੁਪਰੀਮ ਕੋਰਟ ਪਹੁੰਚਿਆ ਤਾਂ ਦੁਬਾਰਾ ਤਫ਼ਤੀਸ਼ ਕਰਨ ਅਤੇ ਮੁਕੱਦਮੇ ਦੀ ਸੁਣਵਾਈ ਗੁਜਰਾਤ ਤੋਂ ਬਾਹਰ ਕਰਨ ਦੇ ਹੁਕਮ ਦਿੱਤੇ ਗਏ। ਮਹਾਰਾਸ਼ਟਰ ਦੀ ਇਕ ਸੈਸ਼ਨ ਅਦਾਲਤ ਨੇ 9 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਬੰਬੇ ਹਾਈ ਕੋਰਟ ਨੇ 2012 ਵਿਚ ਚਾਰ ਵਿਅਕਤੀਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ।

Advertisement

ਇਸ ਕੇਸ ਵਿਚ ਦੋ ਭਗੌੜੇ ਹੋਏ ਮੁਲਜ਼ਮ ਹਰਸ਼ਦ ਸੋਲੰਕੀ ਅਤੇ ਮਫਤ ਗੋਹਿਲ 2013 ਵਿਚ ਗ੍ਰਿਫ਼ਤਾਰ ਹੋਏ ਅਤੇ ਉਨ੍ਹਾਂ ‘ਤੇ ਮੁਕੱਦਮਾ 2019 ਵਿਚ ਸ਼ੁਰੂ ਹੋਇਆ। ਹੁਣ ਮੁੰਬਈ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਇੱਥੇ ਯਾਦ ਰੱਖਣ ਯੋਗ ਗੱਲ ਇਹ ਹੈ ਕਿ ਹਰਸ਼ਦ ਤੇ ਮਫਤ 2007 ਵਿਚ ਅਜਮੇਰ ਸ਼ਰੀਫ਼ ਵਿਚ ਹੋਏ ਧਮਾਕਿਆਂ ਦੇ ਵੀ ਦੋਸ਼ੀ ਸਨ ਅਤੇ ਉਹ ਸਾਲਾਂਬੱਧੀ ਭਗੌੜੇ ਰਹੇ। ਇਸ ਫ਼ੈਸਲੇ ਕਾਰਨ ਪੁਲੀਸ ਦੇ ਨਾਲ ਨਾਲ ਸਾਡੀ ਨਿਆਂ ਪ੍ਰਣਾਲੀ ਅਤੇ ਨਿਆਂ ਪ੍ਰਕਿਰਿਆ ‘ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਹਨ।

ਇਹ ਕੇਸ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਇਸ ਸਵਾਲ ਦਾ ਜਵਾਬ ਕੋਈ ਨਹੀਂ ਦੇ ਸਕਦਾ ਕਿ ਇਹ ਕੇਸ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੂੰ ਕਿਉਂ ਨਹੀਂ ਸੀ ਸੌਂਪਿਆ ਗਿਆ। ਗਵਾਹਾਂ ਨੂੰ ਡਰਾਉਣ-ਧਮਕਾਉਣ ਵਾਲਿਆਂ ਵਿਰੁੱਧ ਵੀ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਸੀ ਕੀਤੀ ਗਈ। ਇਸ ਕੇਸ ਵਿਚ ਵਾਰ ਵਾਰ ਮਿਲੀ ਅਸਫ਼ਲਤਾ ਇਹ ਜ਼ਾਹਿਰ ਕਰਦੀ ਹੈ ਕਿ ਸਾਡੇ ਦੇਸ਼ ਵਿਚ ਨਿਆਂ ਪ੍ਰਾਪਤ ਕਰਨਾ ਕਿੰਨਾ ਮੁਸ਼ਕਿਲ ਹੈ। ਗੁਜਰਾਤ ਦੰਗਿਆਂ ਵਿਚ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਦੀ ਕਹਾਣੀ ਵਿਚ ਇਹ ਇਕ ਹੋਰ ਦੁਖਾਂਤਕ ਕਾਂਡ ਦਾ ਵਾਧਾ ਹੈ ਜਦੋਂਕਿ ਪਿਛਲੇ ਸਾਲ ਬਿਲਕੀਸ ਬਾਨੋ ਕੇਸ ਦੇ ਦੋਸ਼ੀਆਂ ਦੀ ਰਿਹਾਈ ਦੇ ਜ਼ਖ਼ਮ ਅਜੇ ਸੱਜਰੇ ਹਨ।

Advertisement
Advertisement
Advertisement
×