For the best experience, open
https://m.punjabitribuneonline.com
on your mobile browser.
Advertisement

ਮਨੀਪੁਰ ’ਚ ਹਿੰਸਾ ਦਾ ਸਾਲ

06:22 AM May 04, 2024 IST
ਮਨੀਪੁਰ ’ਚ ਹਿੰਸਾ ਦਾ ਸਾਲ
Advertisement

ਪਿਛਲੇ ਸਾਲ 3 ਮਈ ਨੂੰ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਮਨੀਪੁਰ ਲਗਾਤਾਰ ਨਸਲੀ ਸੰਕਟ ’ਚ ਘਿਰਿਆ ਰਿਹਾ ਹੈ। ਰਾਜ ’ਚ ਗੜਬੜੀ ਨੂੰ ਸਾਲ ਪੂਰਾ ਹੋ ਚੱਲਿਆ ਹੈ। ਪਿਛਲੇ ਸਾਲ ਇਸੇ ਦਿਨ ਬਹੁਗਿਣਤੀ ਮੈਤੇਈ ਭਾਈਚਾਰੇ ਵਿਰੁੱਧ ਕੀਤੇ ਗਏ ‘ਆਦਿਵਾਸੀ ਇਕਜੁੱਟਤਾ ਮਾਰਚ’ ਤੋਂ ਬਾਅਦ ਹਿੰਸਾ ਸ਼ੁਰੂ ਹੋਈ ਸੀ। ਮੈਤੇਈ ਭਾਈਚਾਰੇ ਵੱਲੋਂ ਆਪਣੇ ਲਈ ਅਨੁਸੂਚਿਤ ਜਨਜਾਤੀ ਦਾ ਦਰਜਾ ਮੰਗਿਆ ਜਾ ਰਿਹਾ ਹੈ ਤੇ ਇਸੇ ਮੁੱਦੇ ਉੱਤੇ ਪਿਛਲੇ ਸਾਲ ਉਨ੍ਹਾਂ ਦਾ ਮਨੀਪੁਰ ਦੇ ਹੀ ਆਦਿਵਾਸੀ ਕੁਕੀ ਭਾਈਚਾਰੇ ਨਾਲ ਟਕਰਾਅ ਸ਼ੁਰੂ ਹੋਇਆ ਸੀ। ਮੈਤੇਈ ਭਾਈਚਾਰਾ ਵਾਦੀ ’ਚ, ਜਦੋਂਕਿ ਕੁਕੀ ਲੋਕ ਪਹਾੜੀ ਇਲਾਕਿਆਂ ਵਿਚ ਰਹਿੰਦੇ ਹਨ। ਇਸ ਟਕਰਾਅ ਦੌਰਾਨ ਹੁਣ ਤੱਕ 200 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ ਤੇ ਭਾਜਪਾ ਦੀ ਸਰਕਾਰ ਵਾਲੇ ਇਸ ਰਾਜ ’ਚ ਹਜ਼ਾਰਾਂ ਲੋਕਾਂ ਨੂੰ ਉੱਜੜਨਾ ਵੀ ਪਿਆ ਹੈ। ਕੇਂਦਰ ਤੇ ਰਾਜ ਦੋਵੇਂ ਸਰਕਾਰਾਂ, ਨਾ ਤਾਂ ਝਗੜ ਰਹੇ ਵਰਗਾਂ ਵਿਚਾਲੇ ਵਖ਼ਰੇਵਿਆਂ ਦਾ ਕੋਈ ਹੱਲ ਕੱਢ ਸਕੀਆਂ ਹਨ ਤੇ ਨਾ ਹੀ ਸ਼ਾਂਤੀ ਅਤੇ ਆਮ ਜਨਜੀਵਨ ਬਹਾਲ ਕਰ ਸਕੀਆਂ ਹਨ। ਕਥਿਤ ਕੁਪ੍ਰਬੰਧ ਤੇ ਅਯੋਗਤਾ ਲਈ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਉੱਠੀ ਜ਼ੋਰਦਾਰ ਮੰਗ ਦੇ ਬਾਵਜੂਦ ਭਾਜਪਾ ਨੇ ਉਨ੍ਹਾਂ ਨੂੰ ਅਹੁਦੇ ’ਤੇ ਕਾਇਮ ਰੱਖਣ ਦਾ ਅੜੀਅਲ ਰਵੱਈਆ ਅਪਣਾਈ ਰੱਖਿਆ।
ਪਿਛਲੇ ਸਾਲ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਪੂਰਾ ਮੁਲਕ ਮਨੀਪੁਰ ਦੇ ਨਾਲ ਹੈ ਅਤੇ ਕੇਂਦਰ ਤੇ ਰਾਜ ਸਰਕਾਰਾਂ ਕੋਈ ਹੱਲ ਲੱਭਣ ਲਈ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਸੀ ਕਿ ਹਿੰਸਾਗ੍ਰਸਤ ਰਾਜ ਵਿੱਚ ਸਥਿਤੀ ਸੁਧਰ ਰਹੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨੇ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਰਾਜ ਦਾ ਦੌਰਾ ਨਹੀਂ ਕੀਤਾ, ਜਿਸ ਦੀ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਨੇ ਆਲੋਚਨਾ ਵੀ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ’ਤੇ ਮਨੀਪੁਰ ਦੇ ਲੋਕਾਂ ਨੂੰ ਵਿਸਾਰਨ ਦਾ ਦੋਸ਼ ਵੀ ਲਾਇਆ।
ਇਹ ਉੱਤਰ-ਪੂਰਬੀ ਸੂਬਾ ਕਿਉਂਕਿ ਚੋਣਾਂ ਦੇ ਪੱਖ ਤੋਂ ਕੌਮੀ ਪੱਧਰ ’ਤੇ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦਾ ਤੇ ਲੋਕ ਸਭਾ ਵਿੱਚ ਸਿਰਫ਼ ਦੋ ਹੀ ਮੈਂਬਰ ਭੇਜਦਾ ਹੈ, ਇਸ ਲਈ ਸ਼ਾਇਦ ਇਸ ਨੂੰ ਪ੍ਰਚਾਰ ਦੌਰਾਨ ਮਹਿਜ਼ ‘ਫੁਟਨੋਟ’ ਬਣਾ ਕੇ ਰੱਖ ਦਿੱਤਾ ਗਿਆ। ਫਿਰ ਵੀ, ਇਹ ਸ਼ਲਾਘਾਯੋਗ ਹੈ ਕਿ ਐਨਾ ਮਾੜਾ ਦੌਰ ਦੇਖਣ ਦੇ ਬਾਵਜੂਦ ਮਨੀਪੁਰੀ ਲੋਕਾਂ ਦਾ ਲੋਕਤੰਤਰ ਵਿੱਚ ਭਰੋਸਾ ਡੋਲਿਆ ਨਹੀਂ ਹੈ। 30 ਅਪਰੈਲ ਨੂੰ ਮਨੀਪੁਰ ਦੇ ਇੱਕ ਲੋਕ ਸਭਾ ਹਲਕੇ ਦੇ ਛੇ ਪੋਲਿੰਗ ਕੇਂਦਰਾਂ ’ਤੇ ਦੁਬਾਰਾ ਹੋਈ ਚੋਣ ਦੌਰਾਨ 81 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਸ਼ਰਾਰਤੀ ਅਨਸਰਾਂ ਵੱਲੋਂ ਵੋਟਿੰਗ ਮਸ਼ੀਨਾਂ ਖਰਾਬ ਕਰਨ ਤੇ ਵੋਟਰਾਂ ਨੂੰ ਡਰਾਉਣ ਦੇ ਯਤਨ ਕਾਮਯਾਬ ਨਹੀਂ ਹੋ ਸਕੇ। ਰਾਜ ਦੇ ਲੋਕਾਂ ਵੱਲੋਂ ਕੀਤੀ ਹਿੰਮਤ ਦੇ ਮੱਦੇਨਜ਼ਰ ਮੌਕੇ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੁਣ ਉਨ੍ਹਾਂ ਦੇ ਜ਼ਖ਼ਮ ਭਰੇ। ਇਸ ਤੋਂ ਪਹਿਲਾਂ ਚੀਜ਼ਾਂ ਨੂੰ ਲੰਮੇ ਸਮੇਂ ਤੱਕ ਕਾਫ਼ੀ ਵਿਗੜਨ ਦਿੱਤਾ ਜਾ ਚੁੱਕਾ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਲੀਹੋਂ ਲੱਥੇ ਇਸ ਸਰਹੱਦੀ ਸੂਬੇ ਵਿੱਚ ਸ਼ਾਂਤੀ ਤੇ ਸਥਿਰਤਾ ਖਾਤਰ ਕਦਮ ਚੁੱਕੇ ਜਾਣ।

Advertisement

Advertisement
Author Image

joginder kumar

View all posts

Advertisement
Advertisement
×