ਨਗਰ ਕੌਂਸਲ ਬਨੂੜ ’ਚ ਰਾਤ ਤੱਕ ਖੁੱਲ੍ਹੇ ਦਫ਼ਤਰ ’ਤੇ ਸਵਾਲ ਉੱਠੇ
ਕਰਮਜੀਤ ਸਿੰਘ ਚਿੱਲਾ
ਬਨੂੜ, 29 ਨਵੰਬਰ
ਬਨੂੜ ਨਗਰ ਕੌਂਸਲ ਦਾ ਇੱਕ ਕਮਰਾ ਬੁੱਧਵਾਰ ਨੂੰ ਦੇਸ਼ ਸ਼ਾਮ ਤੱਕ ਖੁੱਲ੍ਹਾ ਰਿਹਾ। ਕਮਰੇ ਵਿੱਚ ਕੌਂਸਲ ਦਾ ਇੱਕ ਪੱਕਾ ਕਰਮਚਾਰੀ, ਦੋ ਕੱਚੇ ਮੁਲਾਜ਼ਮ ਅਤੇ ਹੁਕਮਰਾਨ ਧਿਰ ਨਾਲ ਸਬੰਧਿਤ ਵਾਰਡ ਨੰਬਰ ਚਾਰ ਦਾ ਕੌਂਸਲਰ ਬਲਜੀਤ ਸਿੰਘ ਹਾਜ਼ਰ ਸਨ। ਇੱਕ ਕੌਂਸਲ ਕਰਮਚਾਰੀ ਕੰਪਿਊਟਰ ’ਤੇ ਕੰਮ ਕਰ ਰਿਹਾ ਸੀ ਤੇ ਕੌਂਸਲਰ ਬਲਜੀਤ ਸਿੰਘ ਅਤੇ ਬਾਕੀ ਅਮਲਾ ਉਸ ਕੋਲ ਮੌਜੂਦ ਸੀ। ਇਸ ਕਮਰੇ ਦਾ ਅੱਧਾ ਦਰਵਾਜ਼ਾ ਖੁੱਲ੍ਹਾ ਸੀ।
ਜਾਣਕਾਰੀ ਅਨੁਸਾਰ ਕਮਰੇ ਵਿੱਚ ਕੌਂਸਲਰ ਅਤੇ ਸਮੁੱਚਾ ਅਮਲਾ ਰਾਤ ਸਵਾ ਸੱਤ ਵਜੇ ਤੱਕ ਮੌਜੂਦ ਰਿਹਾ। ਇਸੇ ਦੌਰਾਨ ਮੀਡੀਆ ਨੂੰ ਇਸ ਬਾਰੇ ਪਤਾ ਲੱਗਣ ’ਤੇ ਪਹਿਲਾਂ ਕੌਂਸਲਰ ਤੇ ਫਿਰ ਬਾਕੀ ਸਟਾਫ ਵੀ ਕਮਰਾ ਬੰਦ ਕਰ ਕੇ ਚਲਾ ਗਿਆ। ਕੌਂਸਲ ਦੇ ਰਾਤ ਤੱਕ ਖੁੱਲ੍ਹੇ ਰਹੇ ਕਮਰੇ ਨੇ ਸ਼ਹਿਰ ਵਿੱਚ ਕਈ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ।
ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਇਹ ਮਾਮਲਾ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ ਪੰਜ ਵਜੇ ਤੋਂ ਬਾਅਦ ਸਰਕਾਰੀ ਦਫ਼ਤਰ ਖੁੱਲ੍ਹਾ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਟਾਫ਼ ਮੈਂਬਰ ਨੇ ਉਨ੍ਹਾਂ ਕੋਲੋਂ ਦਫ਼ਰਤ ਦੇਰ ਰਾਤ ਤੱਕ ਖੁੱਲ੍ਹਾ ਰੱਖਣ ਲਈ ਕੋਈ ਪ੍ਰਵਾਨਗੀ ਨਹੀਂ ਲਈ। ਉਨ੍ਹਾਂ ਕਿਹਾ ਕਿ ਸਟਾਫ ਨਾਲ ਹੁਕਮਰਾਨ ਧਿਰ ਦੇ ਕੌਂਸਲਰ ਦੀ ਮੌਜੂਦਗੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਾਮਲਾ ਸਬੰਧੀ ਉਹ ਅਗਲੇ ਇੱਕ-ਦੋ ਦਿਨਾਂ ਵਿੱਚ ਕੌਂਸਲ ਦੇ ਹਾਊਸ ਦੀ ਮੀਟਿੰਗ ਬੁਲਾ ਕੇ ਸਬੰਧਿਤ ਕਰਮਚਾਰੀਆਂ ਕੋਲੋਂ ਸਪੱਸ਼ਟੀਕਰਨ ਲੈਣਗੇ। ਇਸ ਮਗਰੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਈਓ ਦੇ ਕਹਿਣ ’ਤੇ ਕਰ ਰਹੇ ਸੀ ਕੰਮ: ਕਰਮਚਾਰੀ
ਕੌਂਸਲ ਕਰਮਚਾਰੀ ਸੁਖਦੇਵ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਦਫ਼ਤਰੀ ਸਮੇਂ ਤੋਂ ਬਾਅਦ ਕਮਰਾ ਖੁੱਲ੍ਹਾ ਰੱਖ ਕੇ ਉਹ ਨਗਰ ਕੌਂਸਲ ਦਾ ਹੀ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸੇ ਸਰਵੇ ਸਬੰਧੀ ਲਿਸਟ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਹੀ ਉਨ੍ਹਾਂ ਦੀ ਡਿਊਟੀ ਲਗਾਈ ਸੀ। ਕੌਂਸਲ ਦੇ ਈਓ ਜਗਜੀਤ ਸਿੰਘ ਨਾਲ ਸੰਪਰਕ ਕੀਤਾ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ
ਕੌਂਸਲ ਕਰਮਚਾਰੀ ਦੇ ਬੁਲਾਉਣ ’ਤੇ ਦਫ਼ਤਰ ਗਿਆ: ਕੌਂਸਲਰ
ਕੌਂਸਲਰ ਬਲਜੀਤ ਸਿੰਘ ਨੇ ਕਿਹਾ ਕਿ ਕੌਂਸਲ ਵੱਲੋਂ ਜ਼ਮੀਨ ਸਬੰਧੀ ਕੋਈ ਰਿਪੋਰਟ ਬਣਾਈ ਜਾ ਰਹੀ ਸੀ। ਇਸ ਸਬੰਧੀ ਕੁੱਝ ਨਾਵਾਂ ਬਾਰੇ ਕੌਂਸਲ ਕਰਮਚਾਰੀਆਂ ਨੂੰ ਪਤਾ ਨਹੀਂ ਲੱਗ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਤੇ ਕੁੱਝ ਵਿਅਕਤੀਆਂ ਦੇ ਨਾਵਾਂ ਬਾਰੇ ਦੱਸਣ ਲਈ ਹੀ ਕੌਂਸਲ ਦਫ਼ਤਰ ਗਏ ਸਨ ਤੇ ਉਨ੍ਹਾਂ ਖ਼ੁਦ ਦੇਰ ਰਾਤ ਤੱਕ ਕੌਂਸਲ ਦਾ ਦਫ਼ਤਰ ਖੁੱਲ੍ਹਾ ਰੱਖਣ ਸਬੰਧੀ ਕਰਮਚਾਰੀਆਂ ਕੋਲ ਇਤਰਾਜ਼ ਜ਼ਾਹਿਰ ਕੀਤਾ ਸੀ।