ਰੇਲਵੇ ਅੰਡਰਪਾਸ ’ਚ ਸੁਆਹ ਨਾਲ ਭਰਿਆ ਟਰੱਕ ਪਲਟਿਆ
ਹਰਜੀਤ ਸਿੰਘ
ਡੇਰਾਬੱਸੀ, 8 ਮਈ
ਇਥੋਂ ਦੇ ਮੁਬਾਰਕਪੁਰ ਰੇਲਵੇ ਅੰਡਰਪਾਸ ਦੀ ਸੜਕ ’ਤੇ ਸੁਆਹ ਨਾਲ ਭਰਿਆ ਇਕ ਟਰੱਕ ਪਲਟ ਗਿਆ। ਇਸ ਦੌਰਾਨ ਵੱਡਾ ਹਾਦਸਾ ਟਲ ਗਿਆ ਪਰ ਇਸ ਕਾਰਨ ਕਾਫੀ ਦੇਰ ਤੱਕ ਇਕ ਲੇਨ ਬੰਦ ਰਹੀ ਜਿਸ ਕਾਰਨ ਘੰਟਿਆਂਬੱਧੀ ਆਵਾਜਾਈ ਪ੍ਰਭਾਵਿਤ ਹੁੰਦੀ ਰਹੀ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਤੜ ਕੇ ਸੁਆਹ ਨਾਲ ਭਰਿਆ ਇਕ ਟਰੱਕ ਪਿੰਡ ਭਾਂਖਰਪੁਰ ਤੋਂ ਮੁਬਾਰਕਪੁਰ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਰੇਲਵੇ ਅੰਡਰਪਾਸ ਦੇ ਹੇਠਾਂ ਪਹੁੰਚਿਆ ਤਾਂ ਉਸਦਾ ਚੈਂਬਰ ਟੁੱਟਣ ਕਾਰਨ ਉਹ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਵਿੱਚ ਡਰਾਈਵਰ ਅਤੇ ਪਰਿਚਾਲਕ ਵਾਲ ਵਾਲ ਬਚ ਗਏ। ਡਰਾਈਵਰ ਅਤੇ ਪਰਿਚਾਲਕ ਨੇ ਬੜੀ ਮੁਸ਼ਕਲ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਸੜਕ ਤੰਗ ਹੋਣ ਕਾਰਨ ਆਵਾਜਾਈ ਇਕ ਲੇਨ ਬਿਲਕੁਲ ਬੰਦ ਹੋ ਗਈ। ਟਰੱਕ ਵਿੱਚ ਸੁਆਹ ਭਰੀ ਹੋਣ ਕਾਰਨ ਕ੍ਰੇਨ ਨੂੰ ਸਿੱਧਾ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਇਸ ਨੂੰ ਦੇਖਦਿਆਂ ਪਹਿਲਾਂ ਟਰੱਕ ਨੂੰ ਖਾਲੀ ਕੀਤਾ ਗਿਆ ਜਿਸ ਮਗਰੋਂ ਉਸ ਨੂੰ ਸਿੱਧਾ ਕਰਨ ਵਿੱਚ ਸਫ਼ਲਤਾ ਮਿਲੀ। ਤੜਕੇ ਤੋਂ ਪਲਟਿਆ ਟਰੱਕ ਤਕਰੀਬਨ ਪੰਜ ਘੰਟੇ ਬਾਅਦ ਸਿੱਧਾ ਹੋ ਸਕਿਆ। ਇਸ ਦੌਰਾਨ ਮੌਕੇ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ। ਅੰਡਰਪਾਸ ਤੋਂ ਲੰਘ ਕੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਇਕ ਸੜਕ ਤੋਂ ਆਉਣਾ ਜਾਣਾ ਪਿਆ ਜਿਸ ਕਾਰਨ ਜਾਮ ਲੱਗਿਆ ਰਿਹਾ ਅਤੇ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।