ਕਵਿਤਾ ਤੋਂ ਪੁੱਛ ਪੜਤਾਲ ਜਾਰੀ: ਸੀਬੀਆਈ
* ਕੇਂਦਰੀ ਜਾਂਚ ਏਜੰਸੀ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ
* ਮਾਮਲੇ ਦੀ ਅਗਲੀ ਸੁਣਵਾਈ 26 ਨੂੰ
ਨਵੀਂ ਦਿੱਲੀ, 10 ਅਪਰੈਲ
ਸੀਬੀਆਈ ਨੇ ਅੱਜ ਦਿੱਲੀ ਦੀ ਇੱਕ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੇ ਕਥਿਤ ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਬੀਆਰਐੱਸ ਨੇਤਾ ਕੇ. ਕਵਿਤਾ ਤੋਂ ਪੁੱਛ-ਪੜਤਾਲ ਕੀਤੀ ਹੈ। ਉਹ ਕਥਿਤ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ’ਚ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ’ਚ ਹੈ। ਅਦਾਲਤ ਨੇ 5 ਅਪਰੈਲ ਨੂੰ ਸੀਬੀਆਈ ਨੂੰ ਕਵਿਤਾ ਤੋਂ ਪੁੱਛ ਪੜਤਾਲ ਕਰਨ ਦੀ ਆਗਿਆ ਦਿੱਤੀ ਸੀ ਅਤੇ ਕਵਿਤਾ ਨੇ ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਮਾਮਲੇ ਦੀ ਅਗਲੀ ਸੁਣਵਾਈ 26 ਅਪਰੈਲ ਨੂੰ ਹੋਵੇਗੀ। ਸੀਬੀਆਈ ਨੇ ਈਡੀ ਤੇ ਸੀਬੀਆਈ ਕੇਸਾਂ ਲਈ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੂੰ ਦੱਸਿਆ ਕਿ ਏਜੰਸੀ ਨੇ ਅਦਾਲਤ ਦੇ ਹੁਕਮਾਂ ’ਤੇ 6 ਅਪਰੈਲ ਨੂੰ ਕਵਿਤਾ ਤੋਂ ਪੁੱਛ-ਪੜਤਾਲ ਕੀਤੀ। ਕੇ. ਕਵਿਤਾ ਤੋਂ ਨਿਆਂਇਕ ਹਿਰਾਸਤ ’ਚ ਪੁੱਛ ਪੜਤਾਲ ਦੀ ਮੰਗ ਵਾਲੀ ਸੀਬੀਆਈ ਦੀ ਅਰਜ਼ੀ ਖ਼ਿਲਾਫ਼ ਕਵਿਤਾ ਦੇ ਵਕੀਲ ਨਿਤੀਸ਼ ਰਾਣਾ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ ’ਚ ਜਾਂਚ ਏਜੰਸੀ ਨੇ ਇਹ ਹਲਫ਼ਨਾਮਾ ਦਿੱਤਾ। ਸੀਬੀਆਈ ਨੇ ਕਿਹਾ ਕਿ ਉਹ ਕਵਿਤਾ ਤੋਂ ਪਹਿਲਾਂ ਹੀ ਪੁੱਛ-ਪੜਤਾਲ ਕਰ ਚੁੱਕੀ ਹੈ। -ਪੀਟੀਆਈ