ਨਿਊਜ਼ਕਲਿਕ ਕੇਸ ’ਚ ਗੌਤਮ ਨਵਲੱਖਾ ਤੋਂ ਪੁੱਛ-ਪੜਤਾਲ
ਨਵੀਂ ਦਿੱਲੀ, 30 ਦਸੰਬਰ
ਦਿੱਲੀ ਪੁਲੀਸ ਦੀ ਇਕ ਟੀਮ ਨੇ ਕਾਰਕੁਨ ਗੌਤਮ ਨਵਲੱਖਾ ਤੋਂ ਮੁੰਬਈ ਵਿਚ ਪੁੱਛਗਿੱਛ ਕੀਤੀ ਹੈ। ਉਨ੍ਹਾਂ ਕੋਲੋਂ ਇਹ ਪੁੱਛਗਿੱਛ ‘ਨਿਊਜ਼ਕਲਿਕ’ ਵਿਚ ਕਥਿਤ ਵਿਦੇਸ਼ੀ ਫੰਡਿੰਗ ਤੇ ਭਾਰਤ-ਵਿਰੋਧੀ ਗਤੀਵਿਧੀਆਂ ਦੇ ਮਾਮਲੇ ਵਿਚ ਕੀਤੀ ਗਈ ਹੈ। ਨਵਲੱਖਾ ਤੋਂ ਨਵੀ ਮੁੰਬਈ ਦੇ ਅਗਰੋਲੀ ਸਥਿਤ ਉਨ੍ਹਾਂ ਦੇ ਘਰ ਵਿਚ ਤਿੰਨ ਘੰਟੇ ਪੁੱਛ-ਪੜਤਾਲ ਕੀਤੀ ਗਈ। ਪੁਲੀਸ ਟੀਮ ਦੀ ਅਗਵਾਈ ਏਸੀਪੀ ਪੱਧਰ ਦਾ ਅਧਿਕਾਰੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਨਵਲੱਖਾ ਨੂੰ ਐਲਗਾਰ ਪਰਿਸ਼ਦ-ਮਾਓਇਸਟ ਲਿੰਕ ਕੇਸ ਵਿਚ 19 ਦਸੰਬਰ ਨੂੰ ਜ਼ਮਾਨਤ ਮਿਲੀ ਸੀ। ਉਹ ਫਿਲਹਾਲ ਘਰ ਵਿਚ ਨਜ਼ਰਬੰਦ ਹਨ। ਅਗਸਤ ਮਹੀਨੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਖਬਰ ਪੋਰਟਲ ‘ਨਿਊਜ਼ਕਲਿਕ’ ਵਿਰੁੱਧ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਸੀ। ਦੋਸ਼ ਲਾਇਆ ਗਿਆ ਸੀ ਕਿ ਪੋਰਟਲ ਨੂੰ ਚੀਨ ਤੋਂ ਵੱਡੀ ਫੰਡਿੰਗ ਮਿਲੀ ਹੈ, ਜਿਸ ਦਾ ਮੰਤਵ ‘ਭਾਰਤ ਦੀ ਪ੍ਰਭੂਸੱਤਾ ’ਚ ਦਖਲ ਦੇਣਾ’ ਤੇ ‘ਮੁਲਕ ਖ਼ਿਲਾਫ਼ ਨਫ਼ਰਤ ਪੈਦਾ ਕਰਨਾ ਹੈ।’ ਜਾਂਚ ਏਜੰਸੀ ਨੇ 3 ਅਕਤੂਬਰ ਨੂੰ ਪੋਰਟਲ ਤੇ ਬਾਨੀ ਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਇਸਥ ਨੂੰ ਗ੍ਰਿਫਤਾਰ ਕੀਤਾ ਸੀ। ਐਫਆਈਆਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਪੈਸਾ ਨਵਲੱਖਾ ਤੇ ਉਨ੍ਹਾਂ ਦੇ ਸਾਥੀਆਂ ਤੀਸਤਾ ਸੀਤਲਵਾੜ, ਜਾਵੇਦ ਆਨੰਦ, ਅਭਿਸਾਰ ਸ਼ਰਮਾ ਤੇ ਹੋਰਾਂ ਨੂੰ ਵੰਡਿਆ ਗਿਆ। ਨਵਲੱਖਾ ਸੰਨ 1991 ਤੋਂ ਪੁਰਕਾਇਸਥ ਨਾਲ ਜੁੜੇ ਹੋਏ ਹਨ। ਉਹ ਪੀਪੀਕੇ ਨਿਊਜ਼ਕਲਿਕ ਸਟੂਡੀਓ ਪ੍ਰਾਈਵੇਟ ਲਿਮਟਿਡ ਵਿਚ ਸ਼ੇਅਰਧਾਰਕ ਵੀ ਹਨ। -ਪੀਟੀਆਈ