For the best experience, open
https://m.punjabitribuneonline.com
on your mobile browser.
Advertisement

ਮੇਰੀ ਪੱਗ ਬਾਰੇ ਸਵਾਲ

07:49 AM Oct 29, 2024 IST
ਮੇਰੀ ਪੱਗ ਬਾਰੇ ਸਵਾਲ
Advertisement

ਸੁਰਿੰਦਰ ਸ਼ਰਮਾ ਨਾਗਰਾ

ਪੱਗ ਸਾਡੇ ਪੰਜਾਬੀਆਂ ਦੀ ਸ਼ਾਨ ਹੈ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਇਸ ਨੂੰ ਪਗੜੀ ਜਾਂ ਸਾਫਾ ਵੀ ਕਿਹਾ ਜਾਂਦਾ ਹੈ ਪਰ ਮਾਲਵੇ ਵਿੱਚ ਇਸ ਨੂੰ ਪੱਗ ਹੀ ਕਿਹਾ ਜਾਂਦਾ ਹੈ। ਸਿਰ ਉੱਤੇ ਬੰਨ੍ਹੀ ਪੱਗ ਸਨਮਾਨਦਾਇਕ ਚਿੰਨ੍ਹ ਹੈ। ਦਰਅਸਲ, ਪੰਜਾਬੀਆਂ ਦੀ ਪਛਾਣ ਹੀ ਪੱਗ ਹੈ। ਦੇਸ਼ ਦੇ ਹਰੇਕ ਸੂਬੇ ਵਿੱਚ ਧਾਰਮਿਕ ਪ੍ਰੋਗਰਾਮਾਂ, ਵਿਆਹ ਸ਼ਾਦੀਆਂ ਅਤੇ ਪੰਚਾਇਤ ਵਿੱਚ ਪੱਗ ਬੰਨ੍ਹ ਕੇ ਸ਼ਾਮਿਲ ਹੋਣਾ ਪੈਂਦਾ ਹੈ। ਵਿਆਹ ਵੇਲੇ ਲਾੜੇ ਦੇ ਸਿਰ ’ਤੇ ਸਤਿਕਾਰ ਸਹਿਤ ਪੱਗ ਹੀ ਬੰਨ੍ਹੀ ਜਾਂਦੀ ਹੈ।
ਬਹੁਤ ਸਾਰੇ ਅਜਿਹੇ ਤਿੱਥ ਤਿਉਹਾਰ ਹਨ ਜਿਨ੍ਹਾਂ ਵਿੱਚ ਪੱਗ ਖ਼ਾਸ ਤੌਰ ’ਤੇ ਸਜਾਈ ਜਾਂਦੀ ਹੈ ਜਿਵੇਂ ਵਿਸਾਖੀ, ਦਸਹਿਰਾ, ਦੀਵਾਲੀ ਆਦਿ। ਪੱਗ ਬੰਨ੍ਹਣ ਵਾਸਤੇ ਕਿਸੇ ਖ਼ਾਸ ਧਰਮ ਦਾ ਕੋਈ ਮਸਲਾ ਨਹੀਂ ਹੁੰਦਾ। ਇਸ ਨੂੰ ਸਾਰੇ ਧਰਮਾਂ ਵਾਲੇ ਪਹਿਨਦੇ ਹਨ, ਕੀ ਹਿੰਦੂ, ਕੀ ਸਿੱਖ, ਕੀ ਮੁਸਲਮਾਨ, ਸਭ ਇਸ ਦਾ ਸਤਿਕਾਰ ਕਰਦੇ ਹਨ। ਪੁਰਾਣੇ ਸਮਿਆਂ ਵਿੱਚ ਇਸ ਨੂੰ ਟਸਰੀ ਵੀ ਕਿਹਾ ਜਾਂਦਾ ਸੀ ਪਰ ਇਹ ਸ਼ਬਦ ਹੌਲ਼ੀ ਹੌਲ਼ੀ ਲੋਪ ਹੋ ਗਿਆ। ਸਿੱਖ ਧਰਮ ਵਿੱਚ ਇਸ ਨੂੰ ਦਸਤਾਰ ਕਿਹਾ ਜਾਂਦਾ ਹੈ। ਕਿਸੇ ਵੀ ਸੰਸਥਾ ਦਾ ਮੁਖੀ ਜਾਂ ਕਿਸੇ ਵੀ ਧਰਮ ਦਾ ਪ੍ਰਮੁੱਖ ਸਥਾਪਿਤ ਕਰਨ ਵੇਲੇ ਉਸ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ, ਇਸ ਨਾਲ ਦਸਤਾਰ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।
ਸਦੀਆਂ ਤੋਂ ਮਨੁੱਖ ਦਾੜ੍ਹੀ ਕੇਸ ਰੱਖਦਾ ਆਇਆ ਹੈ। ਇਸ ਦੇ ਨਾਲ-ਨਾਲ ਪਗੜੀ ਵੀ ਬੰਨ੍ਹਦਾ ਆਇਆ ਹੈ। ਟੀਵੀ ਦੇ ਧਾਰਮਿਕ ਲੜੀਵਾਰਾਂ ਵਿੱਚ ਰਿਸ਼ੀਆਂ ਮੁਨੀਆਂ ਦੇ ਅਕਸਰ ਦਾੜ੍ਹੀ ਕੇਸ ਦੇਖਦੇ ਹਾਂ। ਵੇਦ ਸ਼ਾਸਤਰਾਂ ਵਿੱਚ ਵੀ ਪਗੜੀ ਦਾ ਵਰਣਨ ਆਉਂਦਾ ਹੈ। ਰਾਜਾ ਤਾਜ ਪਹਿਨਦਾ ਸੀ ਤੇ ਪਰਜਾ ਪੱਗ ਬੰਨ੍ਹਦੀ ਸੀ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਬਾਅਦ ਪੱਗ ਬੰਨ੍ਹਣ ਦਾ ਮਹੱਤਵ ਵਧਦਾ ਗਿਆ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣ ਉਪਰੰਤ ਸਿਰ ’ਤੇ ਦਸਤਾਰ ਸਜਾਉਣਾ ਹੋਰ ਵੀ ਜ਼ਰੂਰੀ ਹੋ ਕੇ ਸਾਡੀ ਮਰਿਆਦਾ ਵਿੱਚ ਸ਼ਾਮਿਲ ਹੋ ਗਿਆ।
ਮੈਂ ਜਦੋਂ ਚੰਡੀਗੜ੍ਹ ਸਰਕਾਰੀ ਕਾਲਜ ਵਿੱਚ ਦਾਖਲਾ ਲਿਆ, ਉੱਥੇ ਮੇਰੇ ਪੱਗ ਬੰਨ੍ਹਣ ਤੇ ਸਰਦਾਰ ਹੋਣ ਬਾਰੇ ਪੁੱਛਿਆ ਗਿਆ। ਜਦੋਂ ਪੜ੍ਹਾਈ ਮਗਰੋਂ ਮੈਂ ਬੈਂਕ ਦੀ ਨੌਕਰੀ ਲਈ ਇੰਟਰਵਿਊ ਦੇਣ ਗਿਆ ਤਾਂ ਉਹੀ ਸਵਾਲ ਫਿਰ ਪੁੱਛਿਆ ਗਿਆ। ਮੈਂ ਜੁਆਬ ਦੇਣ ਵੇਲੇ ਬੜਾ ਸ਼ਸ਼ੋਪੰਜ ਵਿੱਚ ਰਹਿੰਦਾ ਕਿਉਂਕਿ ਮੇਰੇ ਪਿੰਡ ਦੇ ਸਾਰੇ ਮਹਾਜਨ, ਬ੍ਰਾਹਮਣ, ਖੱਤਰੀ, ਮੁਸਲਮਾਨ ਤੇ ਹੋਰ ਤਕਰੀਬਨ ਸਭ ਦਾੜ੍ਹੀ ਕੇਸ ਰੱਖਦੇ ਅਤੇ ਪੱਗਾਂ ਬੰਨ੍ਹਦੇ ਸਨ। ਮੇਰੇ ਪਰਿਵਾਰ ਵਿੱਚ ਵੀ ਸਾਰੇ ਕੇਸਾਧਾਰੀ ਹੋਣ ਕਰਕੇ ਪੱਗ ਬੰਨ੍ਹਦੇ ਸਨ। ਇਸ ਕਰਕੇ ਮੇਰੇ ਵੀ ਜਨਮ ਤੋਂ ਹੀ ਸਿਰ ਦੇ ਵਾਲ ਰੱਖੇ ਗਏ ਤੇ ਪੰਜਵੀਂ ਛੇਵੀਂ ’ਚ ਜਾ ਕੇ ਮੈਂ ਟੇਢੀ ਮੇਢੀ ਪੱਗ ਬੰਨ੍ਹਣ ਲੱਗ ਪਿਆ। ਹੌਲ਼ੀ ਹੌਲ਼ੀ ਉਸ ਵਿੱਚ ਸੁਧਾਰ ਹੁੰਦਾ ਗਿਆ ਤੇ ਮੈਂ ਬਹੁਤ ਵਧੀਆ ਪੱਗ ਬੰਨ੍ਹਣ ਲੱਗਿਆ। ਮੇਰਾ ਨਾਂ ਸੁਰਿੰਦਰ ਸ਼ਰਮਾ ਹੋਣ ਕਰਕੇ ਤੇ ਪੱਗ ਬੰਨ੍ਹੀ ਹੋਣ ਕਰਕੇ ਹਰ ਜਗ੍ਹਾ ਦੱਸਣਾ ਪੈਂਦਾ ਸੀ। ਫਿਰ ਮੈਂ ਇਸ ਬਾਰੇ ਘੋਖ ਕੀਤੀ। ਆਪਣੇ ਦਾਦਾ ਜੀ ਨੂੰ ਪੁੱਛਿਆ ਤੇ ਆਪਣੇ ਪਿੰਡ ਦੇ ਇੱਕ ਦੋ ਬਜ਼ੁਰਗਾਂ ਤੋਂ ਇਸ ਬਾਰੇ ਜਾਣਕਾਰੀ ਲਈ। ਫਿਰ ਮੈਂ ਜੁਆਬ ਦੇਣ ਲਈ ਪਰਪੱਕ ਹੋ ਗਿਆ ਬਈ ਹੁਣ ਨਹੀਂ ਸ਼ਸ਼ੋਪੰਜ ਵਿੱਚ ਪੈਂਦਾ, ਵਧੀਆ ਜੁਆਬ ਦਿਆਂਗਾ।
ਚੀਫ ਮੈਨੇਜਰ ਵਜੋਂ ਮੇਰੀ ਪ੍ਰਮੋਸ਼ਨ ਲਈ ਇੰਟਰਵਿਊ ਦਿੱਲੀ ਮੁੱਖ ਦਫ਼ਤਰ ਵਿੱਚ ਹੋਣੀ ਸੀ। ਇੰਟਰਵਿਊ ਵਕਤ ਬੈਂਕ ਦੇ ਕਾਫ਼ੀ ਸੀਨੀਅਰ ਅਫਸਰ ਇੰਟਰਵਿਊ ਲੈਣ ਲਈ ਬੈਠੇ ਸਨ। ਇੱਕ ਤੋਂ ਬਾਅਦ ਇੱਕ ਨੇ ਦਫ਼ਤਰ ਸਬੰਧੀ ਸਵਾਲ ਪੁੱਛੇ। ਮੈਂ ਪੁੱਛੇ ਗਏ ਸਵਾਲਾਂ ਦੇ ਜੁਆਬ ਦੇ ਦਿੱਤੇ। ਉਨ੍ਹਾਂ ਵਿੱਚ ਬੈਠੇ ਜਨਰਲ ਮੈਨੇਜਰ ਸ੍ਰੀ ਸੂਰਯ ਨਰਾਇਣ ਮੇਰੇ ਵੱਲ ਬੜੇ ਧਿਆਨ ਨਾਲ ਵੇਖ ਰਹੇ ਸਨ। ਸਾਰਿਆਂ ਦੇ ਸਵਾਲ ਪੁੱਛ ਹਟਣ ਮਗਰੋਂ ਉਨ੍ਹਾਂ ਮੈਨੂੰ ਉਹੀ ਸਵਾਲ ਪੁੱਛਿਆ, ਜਿਸ ਬਾਰੇ ਮੈਨੂੰ ਜਾਪਦਾ ਸੀ ਕਿ ਜ਼ਰੂਰ ਪੁੱਛਣਗੇੇ। ਉਨ੍ਹਾਂ ਪੁੱਛਿਆ, “ਸ਼ਰਮਾ ਜੀ! ਹੋ ਤੁਸੀਂ ਸੁਰਿੰਦਰ ਕੁਮਾਰ ਸ਼ਰਮਾ, ਪਰ ਹੋ ਤੁਸੀਂ ਸਰਦਾਰ ਤੇ ਪਗੜੀ ਬੰਨ੍ਹੀ ਹੋਈ ਹੈ। ਇਸ ਦਾ ਕੀ ਕਾਰਨ ਹੈ?”
ਮੈਂ ਫਿਰ ਉਨ੍ਹਾਂ ਨੂੰ ਪੂਰੇ ਠਰੰਮੇ ਨਾਲ ਨਿਧੜਕ ਹੋ ਕੇ ਜੁਆਬ ਦਿੱਤਾ, “ਸਰ! ਮੈਂ ਪੰਜਾਬ ਦੇ ਮਾਲਵਾ ਇਲਾਕੇ ਨਾਲ ਸਬੰਧ ਰੱਖਦਾ ਹਾਂ ਜਿਹੜਾ ਪਟਿਆਲਾ ਤੋਂ ਲੈ ਕੇ ਫਿਰੋਜ਼ਪੁਰ ਤੱਕ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਤੱਕ ਫੈਲਿਆ ਹੋਇਆ ਹੈ। ਕਿਸੇ ਸਮੇਂ ਇਸ ਨੂੰ ਪੈਪਸੂ ਵੀ ਕਿਹਾ ਜਾਂਦਾ ਸੀ। ਪੈਪਸੂ (PEPSU) ਦਾ ਅਰਥ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ। ਇਸ ਵਿੱਚ ਪੰਜ ਰਿਆਸਤਾਂ, ਪਟਿਆਲਾ, ਨਾਭਾ, ਸੰਗਰੂਰ, ਮਾਲੇਰਕੋਟਲਾ ਤੇ ਫ਼ਰੀਦਕੋਟ ਸ਼ਾਮਲ ਸਨ। ਸਾਰੇ ਮਾਲਵੇ ਦੇ ਲੋਕ ਭਾਵੇਂ ਉਹ ਕਿਸੇ ਜਾਤ ਜਾਂ ਧਰਮ ਨਾਲ ਸਬੰਧ ਰੱਖਦੇ ਹੋਣ, ਦਾੜ੍ਹੀ-ਕੇਸ ਰੱਖਦੇ ਅਤੇ ਪੱਗ ਬੰਨ੍ਹਦੇ ਹਨ। ਇਸ ਦੇ ਦੋ ਕਾਰਨ ਹਨ: ਇੱਕ ਤਾਂ ਮੁਗ਼ਲਾਂ ਦੇ ਅੱਤਿਆਚਾਰ ਦਾ ਮੁਕਾਬਲਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਏ ਖਾਲਸਾ ਦੀ ਮਰਿਆਦਾ ਦਾ ਪਾਲਣ ਕਰਨਾ, ਇਸ ਦਾ ਬਹੁਤ ਤੇਜ਼ੀ ਨਾਲ ਅਸਰ ਹੋਇਆ। ਦੂਜਾ ਰਿਆਸਤਾਂ ਹੋਣ ਕਰਕੇ ਰਾਜ ਦਰਬਾਰ ਦੇ ਜ਼ਿਆਦਾਤਰ ਨੁਮਾਇੰਦੇ ਪਗੜੀਧਾਰੀ ਹੁੰਦੇ ਸਨ। ਇਸ ਪਰੰਪਰਾ ਅਨੁਸਾਰ ਸਾਰੇ ਲੋਕ ਇਸ ਮਰਿਆਦਾ ਦਾ ਪਾਲਣ ਕਰਨ ਲੱਗੇ। ਇਸ ਦੇ ਨਤੀਜੇ ਵਜੋਂ ਸਦੀਆਂ ਬਾਅਦ ਅਸੀਂ ਵੀ ਉਹ ਰਵਾਇਤ ਨਿਭਾਉਂਦਿਆਂ ਪੱਗ ਬੰਨ੍ਹਣ ਲੱਗ ਪਏ।” ਮੇਰਾ ਜੁਆਬ ਸੁਣ ਕੇ ਸਾਰੇ ਅਫ਼ਸਰ ਹੈਰਾਨ ਰਹਿ ਗਏ। ਇੰਟਰਵਿਊ ਦਾ ਨਤੀਜਾ ਜੋ ਵੀ ਹੋਇਆ ਪਰ ਮੈਂ ਸਫ਼ਲ ਉਮੀਦਵਾਰ ਵਾਂਗ ਹੌਸਲੇ ਨਾਲ ਬਾਹਰ ਆ ਗਿਆ।

Advertisement

ਸੰਪਰਕ: 98786-46595

Advertisement

Advertisement
Author Image

sukhwinder singh

View all posts

Advertisement