ਕੁਆਂਟਮ ਲੀਪ: ਕਲਾਸੀਕਲ ਕੰਪਿਊਟਿੰਗ ਦੀਆਂ ਸੀਮਾਵਾਂ ਤੋਂ ਪਰ੍ਹੇ
ਟੈਕਨਾਲੋਜੀ ਦੇ ਵਿਕਾਸਸ਼ੀਲ ਲੈਂਡਸਕੇਪ ਵਿੱਚ ਨਵਾਂ ਅਤੇ ਮਹੱਤਵਪੂਰਨ ਖਿਡਾਰੀ ਉੱਭਰਿਆ ਹੈ ਜਿਸ ਨੇ ਕੰਪਿਊਟਿੰਗ ਵਿੱਚ ਕ੍ਰਾਂਤੀ ਲਿਆਉਣ ਦਾ ਵਾਅਦਾ ਕੀਤਾ ਹੈ। ਇਸ ਦਾ ਨਾਂ ਕੁਆਂਟਮ ਕੰਪਿਊਟਿੰਗ ਹੈ। ਇਸ ਲਿਖਤ ਰਾਹੀਂ ਅਸੀਂ ਸਮਝਾਂਗੇ ਕਿ ਕੁਆਂਟਮ ਕੰਪਿਊਟਿੰਗ ਪਰਿਵਰਤਨਸ਼ੀਲ ਸ਼ਕਤੀ ਹੈ ਜੋ ਭਵਿੱਖ ਲਈ ਅਥਾਹ ਸੰਭਾਵਨਾਵਾਂ ਰੱਖਦੀ ਹੈ। ਇਹ ਕੰਪਿਊਟਰ ਵਿਗਿਆਨ, ਭੌਤਿਕ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਤੇਜ਼ੀ ਨਾਲ ਉੱਭਰ ਰਹੀ ਇਹੋ ਜਿਹੀ ਤਕਨੀਕ ਹੈ ਜੋ ਕਲਾਸੀਕਲ ਕੰਪਿਊਟਰਾਂ ਦੀ ਤੁਲਨਾ ਵਿੱਚ ਗੁੰਝਲਦਾਰ ਸਮੱਸਿਆਵਾਂ ਨੂੰ ਬਹੁਤ ਤੇਜ਼ੀ ਨਾਲ ਹੱਲ ਕਰਨ ਲਈ ਕੁਆਂਟਮ ਮਕੈਨਿਕਸ ਦੀ ਵਰਤੋਂ ਕਰਦੀ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਕੁਆਂਟਮ ਕੰਪਿਊਟਰਾਂ ਨਾਲ ਉਭਰਨ ਵਾਲੀਆਂ ਐਪਲੀਕੇਸ਼ਨਾਂ ਤੋਂ ਹੈਰਾਨ ਹੋਵਾਂਗੇ। ਅਮਰੀਕਾ ਅਤੇ ਚੀਨ ਸਮੇਤ ਵੱਡੀਆਂ ਸ਼ਕਤੀਆਂ ਆਪਣੇ ਵਿਰੋਧੀਆਂ ਦੇ ਭੇਤ ਬਾਰੇ ਲਾਗੂ ਇਨਕ੍ਰਿਪਸ਼ਨ ਨੂੰ ਤੋੜਨ ਦੇ ਸਮਰੱਥ ਕੁਆਂਟਮ ਕੰਪਿਊਟਰ ਬਣਾਉਣ ਦੀ ਦੌੜ ਵਿੱਚ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਕੁਆਂਟਮ ਕੰਪਿਊਟਿੰਗ ਦੀ ਇਸ ਸੰਭਾਵੀ ਵਰਤੋਂ ਤੋਂ ਇਲਾਵਾ ਇਹ ਕਈ ਤਰ੍ਹਾਂ ਦੇ ਵਿਗਿਆਨਕ ਖੇਤਰਾਂ ਵਿੱਚ ਕ੍ਰਾਂਤੀ ਲਿਆ ਸਕਦਾ ਹੈ ਪਰ ‘ਕੁਆਂਟਮ ਕੋਡ-ਕ੍ਰੈਕਿੰਗ’ ਨੂੰ ਰੋਕਣਾ ਵਿਸ਼ਵ ਪੱਧਰ ’ਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ।
ਕੁਆਂਟਮ ਕੰਪਿਊਟਿੰਗ ਦਾ ਉਭਾਰ ਕੰਪਿਊਟਿੰਗ ਟੈਕਨਾਲੋਜੀ ਦੇ ਇਤਿਹਾਸ ਵਿੱਚ ਮਹੱਤਵਪੂਰਨ ਪਲ ਹੈ। ਇਸ ਨੂੰ ਸਮਝਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕਲਾਸੀਕਲ ਕੰਪਿਊਟਰ ਕਿਵੇਂ ਕੰਮ ਕਰਦੇ ਹਨ ਅਤੇ ਕੁਆਂਟਮ ਕੰਪਿਊਟਿੰਗ ਕਿਵੇਂ ਵੱਖ ਹੈ। ਕਲਾਸੀਕਲ ਕੰਪਿਊਟਰ ਬਾਈਨਰੀ ਭਾਸ਼ਾ ਦੀ ਵਰਤੋਂ ਕਰਦੇ ਹਨ ਜਿਹੜੀ ਦੋ ਪ੍ਰਤੀਕੀ ਪ੍ਰਣਾਲੀ ਦੀ ਵਰਤੋਂ ਕਰ ਕੇ ਕੰਪਿਊਟਰ ਨਿਰਦੇਸ਼ਾਂ ਅਤੇ ਡਾਟਾ ਨੂੰ ਦਰਸਾਉਂਦੀ ਹੈ। ਹਰ ਅੱਖਰ ਅਤੇ ਹਦਾਇਤ ਨੂੰ ਬਾਈਨਰੀ ਅੰਕਾਂ 0 ਅਤੇ 1 ਦੇ ਪੈਟਰਨ ਦੁਆਰਾ ਦਰਸਾਇਆ ਜਾਂਦਾ ਹੈ। ਇਨ੍ਹਾਂ ਬਾਈਨਰੀ ਅੰਕਾਂ ਨੂੰ ‘ਬਿੱਟ’ ਕਿਹਾ ਜਾਂਦਾ ਹੈ। ਬਿੱਟ ਕਲਾਸੀਕਲ ਕੰਪਿਊਟਿੰਗ ਦੀ ਬੁਨਿਆਦੀ ਇਕਾਈ ਹੈ। ਬਾਈਟ ਬਿੱਟਾਂ ਦਾ ਸੰਗ੍ਰਹਿ ਹੈ ਜੋ ਵੱਡੀਆਂ ਇਕਾਈਆਂ ਨੂੰ ਦਰਸਾਉਣ ਲਈ ਵਰਤਿਆ ਜਾ ਸਕਦਾ ਹੈ ਜਿਵੇਂ ਅੱਖਰ ਜਾਂ ਸੰਖਿਆਵਾਂ। ਕਲਾਸਿਕ ਕੰਪਿਊਟਰ ਹਰ ਅੱਖਰ, ਨੰਬਰ ਅਤੇ ਵਿਸ਼ੇਸ਼ ਅੱਖਰ ਨੂੰ ਪਰਿਭਾਸ਼ਿਤ ਕਰਨ ਲਈ ASCII ਕੋਡਾਂ ਦੀ ਵਰਤੋਂ ਕਰਦੇ ਹਨ। ਕੰਪਿਊਟਰ ਦਾ ਮੁੱਖ ਪ੍ਰੋਸੈਸਰ ਅਰਬਾਂ ਟਰਾਂਜ਼ਿਸਟਰਾਂ ਦਾ ਬਣਿਆ ਹੁੰਦਾ ਹੈ ਜੋ ਡਾਟਾ ਦੀ ਪ੍ਰਕਿਰਿਆ ਕਰਨ ਲਈ ਇੱਕ ਸਕਿੰਟ ਦੇ ਸਮੇਂ ਵਿੱਚ ਹੀ ਕਈ ਵਾਰ ਚਾਲੂ ਅਤੇ ਬੰਦ ਹੁੰਦੇ ਹਨ।
ਕੁਆਂਟਮ ਕੰਪਿਊਟਰ ਕੁਆਂਟਮ ਬਿੱਟਸ ਜਾਂ ‘ਕਿਊਬਿਟਸ’ ਦੀ ਵਰਤੋਂ ਕਰਦੇ ਹਨ ਜੋ ਜਾਣਕਾਰੀ ਨੂੰ ਬਹੁਤ ਵੱਖਰੇ ਢੰਗ ਨਾਲ ਦਰਸਾਉਂਦੇ ਹਨ। ਜਿੱਥੇ ਇੱਕ ਬਿੱਟ ਇੱਕ ਸਮੇਂ ਵਿੱਚ 0 ਜਾਂ 1 ਹੋ ਸਕਦਾ ਹੈ, ਕੁਆਂਟਮ ਕੰਪਿਊਟਿੰਗ ਵਿੱਚ ਕਿਊਬਿਟ ਇੱਕੋ ਸਮੇਂ 0 ਅਤੇ 1 ਦੋਵਾਂ ਦੀ ਇੱਕ ਸੁਪਰਪੁਜ਼ੀਸ਼ਨ ਵਿੱਚ ਮੌਜੂਦ ਹੋ ਸਕਦਾ ਹੈ। ਇਹ ਅਜਿਹੇ ਸਵਿੱਚ ਵਰਗਾ ਹੈ ਜੋ ਇੱਕੋ ਸਮੇਂ ’ਤੇ ਚਾਲੂ ਅਤੇ ਬੰਦ ਵਿਚਕਾਰ ਵੱਖ ਵੱਖ ਪੱਧਰਾਂ ’ਤੇ ਹੋ ਸਕਦਾ ਹੈ। ਇਸ ਨਾਲ ਸਮਾਨਾਂਤਰ ਗਣਨਾਵਾਂ ਸੰਭਵ ਹੋ ਜਾਂਦੀਆਂ ਹਨ ਅਤੇ ਡਾਟਾ ਸਟੋਰੇਜ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਕੁਆਂਟਮ ਕੰਪਿਊਟਰ ਇੱਕੋ ਸਮੇਂ ਬਹੁਤ ਸਾਰੀਆਂ ਗਣਨਾਵਾਂ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਕੁਝ ਸਥਿਤੀਆਂ ਵਿੱਚ ਕਲਾਸੀਕਲ ਕੰਪਿਊਟਰਾਂ ਨਾਲੋਂ ਤੇਜ਼ ਬਣਾਉਂਦਾ ਹੈ। ਕਿਊਬਿਟਸ ‘ਕੁਆਂਟਮ ਐਨਟੈਂਗਲਮੈਂਟ’ ਦੀ ਵਿਧੀ ਦੀ ਪਾਲਣਾ ਕਰਦੀਆਂ ਹਨ ਜਿਸ ਦਾ ਮਤਲਬ ਹੈ ਕਿ ਇੱਕ ਕਿਊਬਿਟ ਦੀ ਸਥਿਤੀ ਦੂਜੇ ਕਿਊਬਿਟ ਦੀ ਸਥਿਤੀ ਨਾਲ ਸਿੱਧੇ ਤੌਰ ’ਤੇ ਸਬੰਧਤ ਹੈ, ਭਾਵੇਂ ਉਨ੍ਹਾਂ ਵਿਚਕਾਰ ਕਿੰਨੀ ਵੀ ਦੂਰੀ ਕਿਉਂ ਨਾ ਹੋਵੇ। ਇੱਕ ਕਿਊਬਿਟ ਦੀ ਸਥਿਤੀ ਨੂੰ ਬਦਲਣ ਨਾਲ ‘ਐਨਟੈਂਗਲਡ’ ਕਿਊਬਿਟ ਦੀ ਸਥਿਤੀ ਨੂੰ ਤੁਰੰਤ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਸੁਪਰਪੁਜ਼ੀਸ਼ਨ ਅਤੇ ਐਨਟੈਂਗਲਮੈਂਟ ਕੁਆਂਟਮ ਕੰਪਿਊਟਰਾਂ ਨੂੰ ਕਲਾਸੀਕਲ ਕੰਪਿਊਟਿੰਗ ਲਈ ਨਵੀਨਤਮ ਸਮਰੱਥਾ ਪ੍ਰਦਾਨ ਕਰਦੇ ਹਨ। ਕਿਊਬਿਟਸ ਬਣਾਉਣਾ ਅਤੇ ਉਨ੍ਹਾਂ ਵਿੱਚ ਫੇਰਬਦਲ ਕਰਨਾ ਗੁੰਝਲਦਾਰ ਪ੍ਰਕਿਰਿਆ ਹੈ। ਚਾਰਜ ਕੀਤੇ ਪਰਮਾਣੂ ਜਿਨ੍ਹਾਂ ਨੂੰ ਆਇਨ ਕਿਹਾ ਜਾਂਦਾ ਹੈ, ਨੂੰ ਇਲੈਕਟ੍ਰੋਮੈਗਨੈਟਿਕ ਫੀਲਡਾਂ ਦੀ ਵਰਤੋਂ ਨਾਲ ਕੰਟਰੋਲ ਕਰ ਕੇ ਕਿਊਬਿਟਸ ਤਿਆਰ ਕੀਤੇ ਜਾ ਸਕਦੇ ਹਨ। ਇਨ੍ਹਾਂ ਆਇਨਾਂ ਦੇ ਅੰਦਰੂਨੀ ਊਰਜਾ ਪੱਧਰ ਕਿਊਬਿਟਸ ਨੂੰ ਦਰਸਾਉਂਦੇ ਹਨ। ਫਿਰ ਲੇਜ਼ਰ ਦੀ ਵਰਤੋਂ ਨਾਲ ਇਨ੍ਹਾਂ ਆਇਨਾਂ ਦੀਆਂ ਕੁਆਂਟਮ ਅਵਸਥਾਵਾਂ ਵਿੱਚ ਫੇਰਬਦਲ ਕੀਤਾ ਜਾਂਦਾ ਹੈ ਜਿਸ ਨਾਲ ਕਿਊਬਿਟਸ ਦੀ ਰਚਨਾ ਕੀਤੀ ਜਾਂਦੀ ਹੈ।
ਕੁਆਂਟਮ ਕੰਪਿਊਟਿੰਗ ਦੇ ਖੇਤਰ ਵਿੱਚ ਖੋਜ ਜੰਗੀ ਪੱਧਰ ’ਤੇ ਹੋ ਰਹੀ ਹੈ ਅਤੇ ਇਹ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। ਕੰਪਨੀਆਂ ਅਤੇ ਖੋਜ ਸੰਸਥਾਵਾਂ ਦਾ ਕਿਊਬਿਟ ਦੀ ਵੱਡੀ ਗਿਣਤੀ ਵਾਲੇ ਕੁਆਂਟਮ ਕੰਪਿਊਟਰਾਂ ਨੂੰ ਬਣਾਉਣ ਵੱਲ ਰੁਝਾਨ ਵਧ ਰਿਹਾ ਹੈ। ਇਹ ਸੰਸਥਾਵਾਂ ਕਿਊਬਿਟ ਗੁਣਵੱਤਾ ਵਿੱਚ ਸੁਧਾਰ ਅਤੇ ਵਧੇਰੇ ਕਿਊਬਿਟ ਨਾਲ ਕੁਆਂਟਮ ਪ੍ਰੋਸੈਸਰਾਂ ਨੂੰ ਵਿਕਸਤ ਕਰਨ ਲਈ ਕੰਮ ਕਰ ਰਹੀਆਂ ਹਨ। ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਕੁਆਂਟਮ ਲਾਭ ਪ੍ਰਾਪਤ ਕਰਨ ਲਈ ਕਿਊਬਿਟ ਗਿਣਤੀ ਨੂੰ ਵਧਾਉਣਾ ਜ਼ਰੂਰੀ ਹੈ। ਆਪਟੀਮਾਈਜੇਸ਼ਨ, ਕ੍ਰਿਪਟੋਗ੍ਰਾਫੀ ਅਤੇ ਮਸ਼ੀਨ ਲਰਨਿੰਗ ਵਰਗੀਆਂ ਵਿਕਸਿਤ ਤਕਨੀਕਾਂ ਦੀ ਵਰਤੋਂ ਨਾਲ ਕੁਆਂਟਮ ਕੰਪਿਊਟਿੰਗ ਐਲਗੋਰਿਦਮਾਂ ਨੂੰ ਨਿਪੁੰਨ ਬਣਾਇਆ ਜਾ ਰਿਹਾ ਹੈ। ਕੁਆਂਟਮ ਪ੍ਰੋਗਰਾਮਿੰਗ ਭਾਸ਼ਾਵਾਂ ਅਤੇ ਟੂਲ ਬਣਾਉਣ ਲਈ ਯਤਨ ਜਾਰੀ ਹਨ। ਗੂਗਲ ਨੇ 2019 ਵਿੱਚ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਕੁਆਂਟਮ ਪ੍ਰੋਸੈਸਰ Sycamore ਸਭ ਤੋਂ ਸ਼ਕਤੀਸ਼ਾਲੀ ਕਲਾਸੀਕਲ ਸੁਪਰ ਕੰਪਿਊਟਰਾਂ ਨਾਲੋਂ ਤੇਜ਼ੀ ਨਾਲ ਗਣਨਾ ਕਰ ਸਕਦਾ ਹੈ। ਇਸ ਪ੍ਰੋਸੈਸਰ ਦੀ ਰਚਨਾ ਨੂੰ ਇਸ ਖੇਤਰ ਵਿੱਚ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾਂਦਾ ਹੈ। IBM, Google ਤੇ Microsoft ਕੰਪਨੀਆਂ ਨੇ ਆਪਣੇ ਕੁਆਂਟਮ ਪ੍ਰੋਸੈਸਰਾਂ ਲਈ ਕਲਾਉਡ-ਆਧਾਰਿਤ ਵਰਤੋਂ ਦੀ ਪੇਸ਼ਕਸ਼ ਸ਼ੁਰੂ ਕਰ ਦਿੱਤੀ ਹੈ। ਇਹ ਖੋਜਕਰਤਾਵਾਂ ਤੇ ਡਿਵੈਲਪਰਾਂ ਨੂੰ ਕੁਆਂਟਮ ਐਲਗੋਰਿਦਮ ਨਾਲ ਪ੍ਰਯੋਗ ਕਰਨ ਅਤੇ ਵਿਸ਼ੇਸ਼ ਹਾਰਡਵੇਅਰ ਤੋਂ ਬਿਨਾਂ ਕੁਆਂਟਮ ਪ੍ਰੋਗਰਾਮ ਚਲਾਉਣ ਦੀ ਸਮਰੱਥਾ ਦਿੰਦਾ ਹੈ। ਸਟਾਰਟਅੱਪਸ ਦੀ ਵੱਡੀ ਗਿਣਤੀ ਕੁਆਂਟਮ ਕੰਪਿਊਟਿੰਗ ਦੇ ਹਾਰਡਵੇਅਰ ਡਿਵੈਲਪਮੈਂਟ, ਕੁਆਂਟਮ ਸਾਫਟਵੇਅਰ ਅਤੇ ਐਪਲੀਕੇਸ਼ਨਾਂ ਵਰਗੇ ਵੱਖ ਵੱਖ ਪਹਿਲੂਆਂ ’ਤੇ ਖੋਜ ਅਤੇ ਵਿਕਾਸ ਵਿੱਚ ਨਿੱਜੀ ਨਿਵੇਸ਼ ਕਰ ਰਹੀ ਹੈ।
ਵਿਗਿਆਨੀ ਅਤੇ ਇੰਜਨੀਅਰ ਅਨੁਮਾਨ ਲਗਾਉਂਦੇ ਹਨ ਕਿ ਕੁਝ ਸਮੱਸਿਆਵਾਂ ਜਿਨ੍ਹਾਂ ਦਾ ਹੱਲ ਕਲਾਸੀਕਲ ਕੰਪਿਊਟਰਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਅਸੰਭਵ ਹੈ, ਕੁਆਂਟਮ ਕੰਪਿਊਟਰਾਂ ਲਈ ਆਸਾਨ ਹੋਵੇਗਾ। ਕੁਆਂਟਮ ਕੰਪਿਊਟਰਾਂ ਤੋਂ ਮੌਜੂਦਾ ਕ੍ਰਿਪਟੋਗ੍ਰਾਫੀ ਵਿਧੀਆਂ ਨੂੰ ਚੁਣੌਤੀ ਦੇਣ ਅਤੇ ਪੂਰੀ ਤਰ੍ਹਾਂ ਨਿੱਜੀ ਸੰਚਾਰ ਲਈ ਨਵੀਆਂ ਸੰਭਾਵਨਾਵਾਂ ਪੇਸ਼ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਕੁਆਂਟਮ ਕੰਪਿਊਟਰ ਸਾਨੂੰ ਹੋਰ ਕੁਆਂਟਮ ਸਿਸਟਮਾਂ ਬਾਰੇ ਸਿੱਖਣ, ਮਾਡਲ ਬਣਾਉਣ ਅਤੇ ਹੋਰ ਵਿਕਸਿਤ ਕਰਨ ਵਿੱਚ ਮਦਦ ਕਰਨਗੇ। ਇਹ ਯੋਗਤਾ ਸਮੱਗਰੀ ਵਿਗਿਆਨ, ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਦੀ ਸਾਡੀ ਸਮਝ ਨੂੰ ਸੁਧਾਰੇਗੀ ਅਤੇ ਉਨ੍ਹਾਂ ਦੀ ਤਰੱਕੀ ਵਿੱਚ ਅਗਵਾਈ ਕਰੇਗੀ। ਇਸੇ ਤਰ੍ਹਾਂ ਉਹ ਪਰਮਾਣੂ ਅਤੇ ਉਪ-ਪਰਮਾਣੂ ਪੱਧਰਾਂ ’ਤੇ ਕੁਆਂਟਮ ਵਿਵਹਾਰ ਨੂੰ ਸਿਮੂਲੇਟ ਕਰ ਕੇ ਵਿਸ਼ੇਸ਼ ਵਿਸ਼ੇਸ਼ਤਾਵਾਂ ਵਾਲੀ ਨਵੀਂ ਸਮੱਗਰੀ ਦੀ ਖੋਜ ਵਿੱਚ ਸਹਾਇਤਾ ਕਰ ਸਕਦੇ ਹਨ।
ਕੰਪਿਊਟਿੰਗ ਗਣਨਾ ਵਿੱਚ ਕ੍ਰਾਂਤੀ ਲਿਆਉਣ, ਵਿਗਿਆਨ ਅਤੇ ਟੈਕਨਾਲੋਜੀ ਵਿੱਚ ਨਵੀਆਂ ਹੱਦਾਂ ਖੋਲ੍ਹਣ ਲਈ ਕੁਆਂਟਮ ਕੰਪਿਊਟਿੰਗ ਦੀ ਸਮਰੱਥਾ ਬੇਮਿਸਾਲ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੁਆਂਟਮ ਕੰਪਿਊਟਿੰਗ ਦੇ ਵਿਹਾਰਕ ਉਪਯੋਗਾਂ ਦਾ ਵੱਖ ਵੱਖ ਉਦਯੋਗਾਂ ਅਤੇ ਸੰਸਾਰ ਉੱਤੇ ਪਰਿਵਰਤਨਸ਼ੀਲ
ਪ੍ਰਭਾਵ ਹੋਵੇਗਾ।
ਸੰਪਰਕ: 95010-08858