‘ਕੁਆਡ’ ਵੱਲੋਂ ਚੀਨ ਦੇ ਟਾਕਰੇ ਲਈ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ
ਅਜੈ ਬੈਨਰਜੀ
ਨਵੀਂ ਦਿੱਲੀ, 22 ਸਤੰਬਰ
ਚਾਰ ਮੁੁਲਕੀ ਸਮੂਹ ਕੁਆਡ ਵਿਚ ਸ਼ਾਮਲ ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਪਾਨ ਨੇ ਚੀਨ ਦੇ ਹਮਲਾਵਰ ਰੁਖ਼ ਦੇ ਟਾਕਰੇ ਲਈ ਪਹਿਲੀ ਵਾਰ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ ਕੀਤਾ ਹੈ। ਇਸ ਮਿਸ਼ਨ ਤਹਿਤ ਹਿੰਦ-ਪ੍ਰਸ਼ਾਂਤ ਖ਼ਿੱਤੇ ਵਿਚਲੇ ਛੋਟੇ ਮੁਲਕਾਂ ਨੂੰ ਸਮੁੰਦਰੀ ਸੁਰੱਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਵਿਚ ਅਗਲੀ ਪਰਤ ਤਕਨਾਲੋਜੀ ਦੀ ਜੋੜੀ ਜਾਵੇਗੀ ਅਤੇ ਸਮੁੰਦਰ ਉੱਤੇ ਨਜ਼ਰ ਬਣਾਈ ਰੱਖਣ ਲਈ ਵੇਲੇ ਸਿਰ ਨਾਲ ਦੀ ਨਾਲ ਡੇਟਾ ਮੁਹੱਈਆ ਕਰਵਾਇਆ ਜਾਵੇਗਾ। ਇਹ ਐਲਾਨ ਅਮਰੀਕੀ ਸੂਬੇ ਡੈਲਾਵੇਅਰ ਦੇ ਵਿਲਮਿੰਗਟਨ ਵਿਚ ਐਤਵਾਰ ਸਵੇਰੇ ਖ਼ਤਮ ਹੋਏ ‘ਕੁਆਡ’ ਸਿਖਰ ਸੰਮੇਲਨ ਵਿਚ ਜਾਰੀ ਕੀਤੇ ਗਏ ਵਿਲਮਿੰਗਟਨ ਐਲਾਨਨਾਮੇ ਵਿਚ ਕੀਤਾ ਗਿਆ ਹੈ। ਐਲਾਨਨਾਮੇ ਵਿਚ ਰੂਸ-ਯੂਕਰੇਨ ਜੰਗ ਦੇ ਖ਼ਾਤਮੇ ਉਤੇ ਵੀ ਜ਼ੋਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਜ਼ਰਾਈਲ-ਗਾਜ਼ਾ ਟਕਰਾਅ ਦੇ ਖ਼ਾਤਮੇ ਲਈ ਮਾਮਲੇ ਦੇ ਦੋ-ਮੁਲਕੀ ਹੱਲ ਦੀ ਲੋੜ ਵੀ ਉਭਾਰੀ ਗਈ ਹੈ। ਅਮਰੀਕੀ ਸਦਰ ਜੋਅ ਬਾਇਡਨ ਦੀ ਮੇਜ਼ਬਾਨੀ ਵਿਚ ਹੋਏ ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਸ੍ਰੀ ਮੋਦੀ ਨੇ ਕਿਹਾ, ‘‘ਕੁਆਡ ਕਿਸੇ ਦੇ ਖ਼ਿਲਾਫ਼ ਨਹੀਂ ਹੈ। ਅਸੀਂ ਸਾਰੇ ਨੇਮਾਂ ਆਧਾਰਤ ਆਲਮੀ ਢਾਂਚੇ, ਪ੍ਰਭੂਸੱਤਾ ਦੇ ਸਤਿਕਾਰ, ਇਲਾਕਾਈ ਅਖੰਡਤਾ ਅਤੇ ਸਾਰੇ ਮਾਮਲਿਆਂ ਦੇ ਪੁਰਅਮਨ ਹੱਲ ਦੇ ਹਾਮੀ ਹਾਂ।’’ ਉਮੀਦ ਮੁਤਾਬਕ ‘ਕੁਆਡ’ ਸਿਖਰ ਸੰਮੇਲਨ ਦਾ ਧਿਆਨ ਮੁੱਖ ਤੌਰ ’ਤੇ ਚੀਨ ਉੱਤੇ ਹੀ ਕੇਂਦਰਿਤ ਰਿਹਾ। ਵਿਲਮਿੰਗਟਨ ਐਲਾਨਨਾਮੇ ਵਿਚ ਕਿਹਾ ਗਿਆ ਹੈ, ‘‘ਸਾਂਝੀਆਂ ਕਦਰਾਂ-ਕੀਮਤਾਂ ਦੇ ਆਧਾਰ ਉਤੇ ਅਸੀਂ ਅਜਿਹਾ ਕੌਮਾਂਤਰੀ ਢਾਂਚਾ ਚਾਹੁੰਦੇ ਹਾਂ ਜਿਹੜਾ ਕਾਨੂੰਨ ਦੇ ਸ਼ਾਸਨ ਉੱਤੇ ਆਧਾਰਿਤ ਹੋਵੇ।’’ ਇਹ ਟਿੱਪਣੀ ਦੱਖਣੀ ਚੀਨ ਸਾਗਰ ਵਿਚ ਸੰਯੁਕਤ ਰਾਸ਼ਟਰ ਦੀ ਸੇਧ ਵਾਲੇ 2016 ਦੇ ਇਕ ਸਾਲਸੀ ਐਵਾਰਡ ਨੂੰ ਚੀਨ ਵੱਲੋਂ ਨਾ ਮੰਨੇ ਜਾਣ ਦੇ ਸੰਦਰਭ ਵਿਚ ਕੀਤੀ ਗਈ ਹੈ। ਕੁਆਡ ਆਗੂਆਂ ਨੇ ਕਿਹਾ, ‘‘2016 ਦਾ ਸਾਲਸੀ ਐਵਾਰਡ ਇਕ ਮੀਲ-ਪੱਥਰ ਹੈ ਜਿਹੜਾ ਝਗੜਿਆਂ ਦੇ ਪੁਰਅਮਨ ਹੱਲ ਦਾ ਆਧਾਰ ਹੈ।’’ ਕੁਆਡ ਆਗੂਆਂ ਨੇ ਕਿਹਾ ਕਿ ਉਹ ਪੂਰਬੀ ਚੀਨ ਸਾਗਰ ਤੇ ਦੱਖਣੀ ਚੀਨ ਸਾਗਰ ਦੇ ਹਾਲਾਤ ਬਾਰੇ ‘ਵੱਡੇ ਫ਼ਿਕਰਮੰਦ’ ਹਨ। ਕਾਬਿਲੇਗੌਰ ਹੈ ਕਿ ਚੀਨ ਨੇ ‘ਹਾਈਡਰੋ-ਕਾਰਬਨ’ ਨਾਲ ਭਰਪੂਰ ਦੱਖਣੀ ਚੀਨ ਸਾਗਰ ਵਿਚ ਕੰਮ ਕਰਨ ਨੂੰ ਲੈ ਕੇ ਵੀਅਤਨਾਮ, ਫ਼ਿਲਪੀਨਜ਼, ਬਰੂਨੇਈ, ਇੰਡੋਨੇਸ਼ੀਆ, ਮਲੇਸ਼ੀਆ ਤੇ ਤਾਇਵਾਨ ਨਾਲ ‘ਆਦਰਸ਼ ਜ਼ਾਬਤੇ’ ਬਾਰੇ ਆਪਣੀਆਂ ਹੀ ਸ਼ਰਤਾਂ ਨਿਰਧਾਰਿਤ ਕੀਤੀਆਂ ਹੋਈਆਂ ਹਨ। ‘ਕੁਆਡ’ ਨੇ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਚੀਨੀ ਸਮੁੰਦਰੀ ਮਿਲੀਸ਼ੀਆ ਨੇ, ਮੱਛੀ ਫੜਨ ਵਾਲੇ ਸਮੁੰਦਰੀ ਜਹਾਜ਼ਾਂ ਦੀ ਵਰਤੋਂ ਕਰਦੇ ਹੋਏ ਅਤੇ ਚੀਨੀ ਤੱਟ ਰੱਖਿਅਕਾਂ ਦੀ ਮਦਦ ਨਾਲ ਫਿਲੀਪੀਨਜ਼ ਦੇ ਮੱਛੀ ਫੜਨ ਵਾਲੇ ਜਹਾਜ਼ਾਂ ਵਿੱਚ ਘੁਸਪੈਠ ਕੀਤੀ ਹੈ ਤੇ ਤੇਲ ਖੋਜ ਸਰਗਰਮੀਆਂ ਤੋਂ ਵਰਜਿਆ ਹੈ। ਪੇਈਚਿੰਗ ਦੇ ਟਾਕਰੇ ਲਈ ਹੋਰਨਾਂ ਮੁਲਕਾਂ ਨੂੰ ਸਸ਼ਕਤ ਬਣਾਉਣ ਲਈ ਕੁਆਡ ਨੇ ਨਵੇਂ ਸਿਖਲਾਈ ਮੌਡਿਊਲ ‘ਮੈਤਰੀ’ ਦਾ ਵੀ ਐਲਾਨ ਕੀਤਾ ਹੈ। ਕੁਆਡ ਮੁਲਕਾਂ ਨੇ ਹਿੰਦ-ਪ੍ਰਸ਼ਾਂਤ ਵਿਚ ਸਮੁੰਦਰ ਹੇਠਾਂ ਕਮਰਸ਼ਲ ਟੈਲੀਕਮਿਊਨੀਕੇਸ਼ਨ ਕੇਬਲਾਂ ਦੀ ਸੁਰੱਖਿਆ ਯੋਜਨਾ ਬਾਰੇ ਵੀ ਚਰਚਾ ਕੀਤੀ।
ਮੋਦੀ ਨੇ ਬਾਇਡਨ ਤੇ ਪ੍ਰਥਮ ਮਹਿਲਾ ਨੂੰ ਦਿੱਤੇ ਤੋਹਫ਼ੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਸਦਰ ਬਾਇਡਨ ਨੂੰ ਤੋਹਫ਼ੇ ਵਿਚ ਹੱਥ ਨਾਲ ਬਣਿਆ ਚਾਂਦੀ ਦਾ ਪੁਰਾਤਨ ਟਰੇਨ ਮਾਡਲ ਦਿੱਤਾ। ਇਹ ਵਿਲੱਖਣ ਤੇ ਅਸਧਾਰਨ ਮਾਡਲ ਮਹਾਰਾਸ਼ਟਰ ਦੇ ਸ਼ਿਲਪਕਾਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਭਾਰਤ ਦੀ ਮੈਟਲ ਵਰਕ ਕਲਾ ਨੂੰ ਦਰਸਾਉਂਦਾ ਹੈ। ਇਸ ਵਿੰਟੇਜ ਪੀਸ 92.5 ਫੀਸਦ ਚਾਂਦੀ ਦਾ ਬਣਿਆ ਹੈ। ਸ੍ਰੀ ਮੋਦੀ ਨੇ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡਨ ਨੂੰ ਤੋਹਫ਼ੇ ਵਿਚ ਪਸ਼ਮੀਨਾ ਸ਼ਾਲ ਦਿੱਤੀ, ਜੋ ਜੰਮੂ ਕਸ਼ਮੀਰ ਦੀ ਹਸਤਕਲਾ ਦੀ ਵਿਰਾਸਤ ਦਾ ਨਮੂਨਾ ਹੈ। -ਪੀਟੀਆਈ
ਅਮਰੀਕਾ ਭਾਰਤ ਨੂੰ ਮੋੜੇਗਾ 297 ਬੇਸ਼ਕੀਮਤੀ ਪੁਰਾਤਨ ਕਲਾਕ੍ਰਿਤੀਆਂ
ਵਿਲਮਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵੱਲੋਂ 297 ਬੇਸ਼ਕੀਮਤੀ ਪੁਰਾਤਨ ਕਲਾਕ੍ਰਿਤੀਆਂ ਮੋੜੇ ਜਾਣ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਤਾਰੀਫ਼ ਕੀਤੀ ਹੈ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘ਸਭਿਆਚਾਰਕ ਰਿਸ਼ਤਿਆਂ ਨੂੰ ਹੋਰ ਡੂੰਘਾ ਕਰਦਿਆਂ ਤੇ ਸਭਿਆਚਾਰਕ ਸੰਪਤੀ ਦੀ ਗੈਰਕਾਨੂੰਨੀ ਤਸਕਰੀ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਦਿਆਂ...ਮੈਂ ਰਾਸ਼ਟਰਪਤੀ ਬਾਇਡਨ ਤੇ ਅਮਰੀਕੀ ਸਰਕਾਰ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਭਾਰਤ ਨੂੰ 297 ਬੇਸ਼ਕੀਮਤੀ ਪੁਰਾਤਨ ਕਲਾਕ੍ਰਿਤੀਆਂ ਵਾਪਸ ਕਰਨਾ ਯਕੀਨੀ ਬਣਾਇਆ ਹੈ।’’ ਭਾਰਤ ਤੇ ਅਮਰੀਕਾ ਨੇ ਸਭਿਆਚਾਰਕ ਸੰਪਤੀ ਦੀ ਗੈਰਕਾਨੂੰਨੀ ਤਸਕਰੀ ਰੋਕਣ ਤੇ ਪੁਰਾਤਨ ਕਲਾਕ੍ਰਿਤੀਆਂ ਵਾਪਸ ਕੀਤੇ ਜਾਣ ਸਬੰਧੀ ਜੁਲਾਈ ਵਿਚ ਸਮਝੌਤਾ ਸਹੀਬੰਦ ਕੀਤਾ ਸੀ। -ਪੀਟੀਆਈ
ਮੋਦੀ ਵੱਲੋਂ ਅਲਬਨੀਜ਼ ਤੇ ਕਿਸ਼ੀਦਾ ਨਾਲ ਦੁਵੱਲੇ ਰਿਸ਼ਤਿਆਂ ਬਾਰੇ ਚਰਚਾ
ਵਿਲਮਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕੁਆਡ ਸਿਖਰ ਸੰਮੇਲਨ ਤੋਂ ਇਕਪਾਸੇ ਜਪਾਨ ਤੇ ਆਸਟਰੇਲੀਆ ਦੇ ਆਪਣੇ ਹਮਰੁਤਬਾਵਾਂ ਕ੍ਰਮਵਾਰ ਫੁਮੀਓ ਕਿਸ਼ੀਦਾ ਤੇ ਐਂਥਨੀ ਅਲਬਨੀਜ਼ ਨਾਲ ਬੈਠਕਾਂ ਕੀਤੀਆਂ। ਆਗੂਆਂ ਨੇ ਪਰਸਪਰ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਹਿੰਦ ਪ੍ਰਸ਼ਾਂਤ ਖਿੱਤੇ ਦੀ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਬਾਰੇ ਵੀ ਚਰਚਾ ਕੀਤੀ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪ੍ਰਧਾਨ ਮੰਤਰੀ ਅਲਬਨੀਜ਼ ਨਾਲ ਵਿਆਪਕ ਵਿਚਾਰ ਚਰਚਾ ਕੀਤੀ। ਅਸੀਂ ਵਪਾਰ, ਸੁਰੱਖਿਆ, ਪੁਲਾੜ ਤੇ ਸਭਿਆਚਾਰ ਜਿਹੇ ਖੇਤਰਾਂ ਵਿਚ ਦੁਵੱਲੇ ਰਿਸ਼ਤਿਆਂ ਨੂੰ ਹੋਰ ਰਫ਼ਤਾਰ ਦੇਣ ਬਾਰੇ ਚਰਚਾ ਕੀਤੀ। ਭਾਰਤ ਆਸਟਰੇਲੀਆ ਨਾਲ ਆਪਣੀ ਹੰਢੀ ਵਰਤੀ ਦੋਸਤੀ ਦੀ ਬਹੁਤ ਕਦਰ ਕਰਦਾ ਹੈ।’’ ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਦਾ ਨਾਲ ਕੀਤੀ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਬੁਨਿਆਦੀ ਢਾਂਚੇ, ਸੈਮੀਕੰਡਕਟਰਜ਼, ਰੱਖਿਆ, ਗ੍ਰੀਨ ਐਨਰਜੀ ਤੇ ਹੋਰਨਾਂ ਖੇਤਰਾਂ ਵਿਚ ਸਹਿਯੋਗ ਬਾਰੇ ਗੱਲਬਾਤ ਕੀਤੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਦਾ ਲਈ ਕੁਆਡ ਸਿਖਰ ਵਾਰਤਾ ਵਿਦਾਇਗੀ ਸੰਮੇਲਨ ਸੀ, ਕਿਉਂਕਿ ਇਨ੍ਹਾਂ ਦੋਵਾਂ ਆਗੂਆਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। -ਪੀਟੀਆਈ
ਮੋਦੀ ਦਾ ਤੁਆਰਫ਼ ਕਰਵਾਉਣ ਮੌਕੇ ਟਪਲਾ ਖਾ ਗਏ ਬਾਇਡਨ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ‘ਕੁਆਡ’ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੁਆਰਫ਼ ਕਰਵਾਉਣ ਮੌਕੇ ਅੱਜ ਮੁੜ ਟਪਲਾ ਖਾ ਗਏ। ਰਾਸ਼ਟਰਪਤੀ ਬਾਇਡਨ ਸ਼ਾਇਦ ਸ੍ਰੀ ਮੋਦੀ ਦਾ ਨਾਮ ਭੁੱਲ ਗਏ। ਅਮਰੀਕੀ ਸਦਰ ਦੀ ਸੰਖੇਪ ਜਿਹੀ ਦੁਚਿੱਤੀ ਕੈਮਰੇ ਵਿਚ ਕੈਦ ਹੋ ਗਈ। ਕੈਂਸਰ ਮੂਨਸ਼ੋਟ ਈਵੈਂਟ ਦੌਰਾਨ ਬਾਇਡਨ (81) ਨੇ ਜਿਵੇਂ ਹੀ ਆਪਣੀ ਤਕਰੀਰ ਖ਼ਤਮ ਕੀਤੀ, ਉਹ ਆਪਣੇ ਤੋਂ ਬਾਅਦ ਬੋਲਣ ਵਾਲੇ ਆਗੂ ਦਾ ਨਾਮ ਭੁੱਲ ਗਏ। ਇਸ ਦੌਰਾਨ ਉਥੇ ਮੌਜੂਦ ਦਰਸ਼ਕਾਂ ਵਿਚ ਸੁੰਨ ਪਸਰ ਗਈ। ਇਸ ਦੌਰਾਨ ਇਕ ਸਟਾਫ਼ ਮੈਂਬਰ ਨੇ ਪੋਡੀਅਮ ਵੱਲ ਇਸ਼ਾਰਾ ਕੀਤਾ ਤੇ ਅਨਾਊਂਸਰ ਨੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਦਾ ਨਾਮ ਲਿਆ। ਸ੍ਰੀ ਮੋਦੀ ਪੋਡੀਅਮ ’ਤੇ ਪਹੁੰਚੇ ਤਾਂ ਬਾਇਡਨ ਨੇ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖਿਆ ਤੇ ਦੋਵੇਂ ਆਗੂ ਕੋਈ ਗੱਲ ਸਾਂਝੀ ਕਰਕੇ ਹੱਸ ਪਏ। ਚੇਤੇ ਰਹੇ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੂੰ ਚੀਜ਼ਾਂ ਭੁੱਲਣ ਕਰਕੇ ਨਮੋਸ਼ੀ ਝੱਲਣੀ ਪਈ ਹੈ। -ਪੀਟੀਆਈ
ਪਰਵਾਸੀ ਭਾਰਤੀ ਦੇਸ਼ ਦੇ ਮਜ਼ਬੂਤ ਬਰਾਂਡ ਅੰਬੈਸਡਰ: ਮੋਦੀ
ਨਿਊਯਾਰਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਰਵਾਸੀ ਭਾਰਤੀ ਹਮੇਸ਼ਾ ਦੇਸ਼ ਦੇ ਮਜ਼ਬੂਤ ਬਰਾਂਡ ਅੰਬੈਸਡਰ ਰਹੇ ਹਨ। ਉਹ ਨਿਊਯਾਰਕ ਦੇ ਨਾਸਾਊ ਕੌਲਿਸੀਅਮ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਭਾਰਤੀ ਪਰਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਵਿਭਿੰਨਤਾ ਨੂੰ ਸਮਝਦੇ ਹਾਂ, ਇਹ ਸਾਡੇ ਖੂਨ ਅਤੇ ਸਭਿਆਚਾਰ ਵਿੱਚ ਹੈ। ਤੁਸੀਂ ਭਾਰਤ ਨੂੰ ਅਮਰੀਕਾ ਤੇ ਅਮਰੀਕਾ ਨੂੰ ਭਾਰਤ ਨਾਲ ਜੋੜਿਆ ਹੈ।’’ -ਪੀਟੀਆਈ
ਭਾਰਤ ’ਚ ਅਮਰੀਕਾ ਦੀ ਮਦਦ ਨਾਲ ਸਥਾਪਤ ਹੋਵੇਗਾ ਸੈਮੀਕੰਡਕਟਰ ਪਲਾਂਟ
ਵਾਸ਼ਿੰਗਟਨ: ਭਾਰਤ ਵਿੱਚ ਅਮਰੀਕਾ ਦੀ ਮਦਦ ਨਾਲ ਇੱਕ ਸੈਮੀਕੰਡਕਟਰ ਪਲਾਂਟ ਸਥਾਪਤ ਕੀਤਾ ਜਾਵੇਗਾ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਕੀਤਾ ਗਿਆ। ਇਸੇ ਦੌਰਾਨ ਭਾਰਤ ਤੇ ਅਮਰੀਕਾ ਵੱਲੋਂ ਦੋ ਸਮਝੌਤੇ ਵੀ ਕੀਤੇ ਗਏ ਹਨ ਜਿਨ੍ਹਾਂ ’ਚੋਂ ਇੱਕ ਸਮਝੌਤਾ ਵਿੱਤੀ ਰੂਪਰੇਖਾ ਨਾਲ ਜਦਕਿ ਦੂਜਾ ਸਮਝੌਤਾ ਨਸ਼ਿਆਂ ਦੇ ਨੈੱਟਵਰਕ ਨਾਲ ਨਜਿੱਠਣ ਸਬੰਧੀ ਹੈ। ਦੋਵਾਂ ਮੁਲਕਾਂ ਨੇ ਫੌਜੀ ਤਕਨੀਕ ਤੇ ਸਵੱਛ ਊਰਜਾ ਦੇ ਖੇਤਰ ’ਚ ਆਪਸੀ ਸਹਿਯੋਗ ਦਾ ਵੀ ਐਲਾਨ ਕੀਤਾ ਹੈ। ਇਸੇ ਦੌਰਾਨ ਭਾਰਤ ਨੇ ਸਰਵੀਕਲ ਕੈਂਸਰ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਹਿੰਦ-ਪ੍ਰਸ਼ਾਂਤ ਖੇਤਰ ’ਚ ਬਿਮਾਰੀ ਦੀ ਜਾਂਚ ਤੇ ਰੋਕਥਾਮ ਲਈ 75 ਲੱਖ ਅਮਰੀਕੀ ਡਾਲਰ ਫੰਡ ਵਜੋਂ ਦੇਣ ਦਾ ਅਹਿਦ ਲਿਆ ਹੈ। ਡੈਲਵੇਅਰ ’ਚ ਬੀਤੇ ਦਿਨ ਕੁਆਡ ਮੁਲਕਾਂ ਦੇ ਆਗੂਆਂ ਦੇ ਸਿਖਰ ਸੰਮੇਲਨ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕਰਵਾਏ ਗਏ ‘ਕੈਂਸਰ ਮੂਨਸ਼ਾਟ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਪਹਿਲ ਹਿੰਦ-ਪ੍ਰਸ਼ਾਂਤ ਮੁਲਕਾਂ ਦੇ ਲੋਕਾਂ ਨੂੰ ਸਸਤੀ, ਸੌਖੀ ਤੇ ਮਿਆਰੀ ਸਿਹਤ ਸੰਭਾਲ ਮੁਹੱਈਆ ਕਰਨ ’ਚ ਅਹਿਮ ਸਾਬਤ ਹੋਵੇਗੀ। ਇਸੇ ਦੌਰਾਨ ਭਾਰਤ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਵਿਦਿਆਰਥੀਆਂ ਨੂੰ ਪੰਜ ਲੱਖ ਅਮਰੀਕੀ ਡਾਲਰ ਦੇ ‘50 ਕੁਆਡ ਵਜ਼ੀਫੇ’ ਦੇਣ ਦੀ ਨਵੀਂ ਪਹਿਲ ਦਾ ਵੀ ਐਲਾਨ ਕੀਤਾ। -ਪੀਟੀਆਈ