ਪੂਤਿਨ ਦੀ ਸੱਤਾ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਚੋਣਾਂ ਵਿਚ ਹੂੰਝਾ ਫੇਰੂ ਜਿੱਤ ਦਰਜ ਕਰ ਕੇ ਆਪਣੇ ਪੰਜਵੇਂ ਕਾਰਜ ਕਾਲ ਨੂੰ ਪੱਕਾ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਯੂਕਰੇਨ ਜੰਗ ਦੇ ਮੱਦੇਨਜ਼ਰ ਰੂਸ ਦੀ ਸੱਤਾ ਉੱਪਰ ਆਪਣੀ ਜਕੜ ਹੋਰ ਪੀਢੀ ਕਰ ਲਈ ਹੈ। ਆਪਣੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਪੂਤਿਨ ਨੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਨੂੰ ਯੂਕਰੇਨ ਵਿਚ ਆਪਣੀਆਂ ਫ਼ੌਜਾਂ ਤਾਇਨਾਤ ਕਰਨ ਖਿਲਾਫ਼ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਇਸ ਤਰ੍ਹਾਂ ਦੀ ਕਾਰਵਾਈ ਨਾਲ ਤੀਜੀ ਆਲਮੀ ਜੰਗ ਬਹੁਤ ਨੇੜੇ ਆ ਜਾਵੇਗੀ। ਪੱਛਮੀ ਦੇਸ਼ਾਂ ਨੇ ਇਨ੍ਹਾਂ ਚੋਣਾਂ ਨੂੰ ਫਰਜ਼ੀ ਕਰਾਰ ਦੇ ਕੇ ਦਰਕਿਨਾਰ ਕਰ ਦਿੱਤਾ ਹੈ ਪਰ ਉਹ ਇਸ ਤੱਥ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਦੇ ਕਿ ਅਮਰੀਕਾ ਅਤੇ ਇਸ ਦੇ ਇਤਹਾਦੀ ਮੁਲਕਾਂ ਨੂੰ ਘੱਟੋ-ਘੱਟ ਛੇ ਸਾਲਾਂ ਲਈ ਫਿਰ ਪੂਤਿਨ ਨਾਲ ਸਿੱਝਣਾ ਪਵੇਗਾ। 71 ਸਾਲਾ ਪੂਤਿਨ ਕਦੇ ਰਾਸ਼ਟਰਪਤੀ ਵਜੋਂ ਅਤੇ ਕਦੇ ਪ੍ਰਧਾਨ ਮੰਤਰੀ ਵਜੋਂ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਰੂਸ ਦੀ ਸੱਤਾ ਚਲਾਉਂਦੇ ਆ ਰਹੇ ਹਨ।
ਰੂਸ ਵਿਚ ਪੂਤਿਨ ਦੇ ਜਿੰਨੇ ਵੀ ਸਿਆਸੀ ਵਿਰੋਧੀ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਜਾਂ ਤਾਂ ਜੇਲ੍ਹ ਵਿਚ ਹਨ ਜਾਂ ਫਿਰ ਜਲਾਵਤਨੀ ਹੰਢਾ ਰਹੇ ਹਨ ਜਦੋਂਕਿ ਉਨ੍ਹਾਂ ਦੇ ਸਭ ਤੋਂ ਸਿਰਕੱਢ ਸਿਆਸੀ ਵਿਰੋਧੀ ਅਲੈਕਸੀ ਨੇਵਾਲਨੀ ਦੀ ਪਿਛਲੇ ਮਹੀਨੇ ਜੇਲ੍ਹ ਵਿਚ ਮੌਤ ਹੋ ਗਈ ਸੀ। ਚੋਣ ਤੋਂ ਬਾਅਦ ਵੀ ਰੂਸ ਦੇ ਕਈ ਸ਼ਹਿਰਾਂ ਵਿਚ ਪੂਤਿਨ ਵਿਰੋਧੀ ਮੁਜ਼ਾਹਰੇ ਹੋ ਰਹੇ ਹਨ। ਨੇਵਾਲਨੀ ਦੀ ਪਤਨੀ ਯੂਲੀਆ ਨੇਵਾਲਨਾਇਆ ਨੇ ਪੂਤਿਨ ਨੂੰ ਹਤਿਆਰਾ ਅਤੇ ਗੈਂਗਸਟਰ ਕਰਾਰ ਦਿੱਤਾ ਸੀ। ਪੂਤਿਨ ਦੀ ਇਹ ਹੱਠਧਰਮੀ ਨਾ ਕੇਵਲ ਪੂਰਬੀ ਯੂਰਪ ਸਗੋਂ ਬਾਕੀ ਦੁਨੀਆ ਲਈ ਵੀ ਕੋਈ ਸ਼ੁਭ ਸ਼ਗਨ ਨਹੀਂ ਮੰਨੀ ਜਾ ਸਕਦੀ। ਇਹ ਗੱਲ ਵੀ ਜ਼ਾਹਿਰ ਹੁੰਦੀ ਹੈ ਕਿ ਜਦੋਂ ਤੱਕ ਪੂਤਿਨ ਨੂੰ ਪਿਛਾਂਹ ਹਟਣ ਲਈ ਕਾਇਲ ਨਹੀਂ ਕੀਤਾ ਜਾਵੇਗਾ ਤਾਂ ਨੇੜ ਭਵਿੱਖ ਵਿਚ ਯੂਕਰੇਨ ਜੰਗ ਦਾ ਖ਼ਾਤਮਾ ਹੋਣ ਦੇ ਆਸਾਰ ਨਹੀਂ ਹਨ। ਪੱਛਮੀ ਦੇਸ਼ਾਂ ਨੂੰ ਆਪਣੇ ਗ਼ਲਤ ਤੌਰ ਤਰੀਕਿਆਂ ’ਤੇ ਝਾਤ ਮਾਰਨ ਦੀ ਲੋੜ ਹੈ।
ਭਾਰਤ ਅਤੇ ਚੀਨ ਦੇ ਰੂਸ ਨਾਲ ਚੰਗੇ ਤਾਲੁਕਾਤ ਹਨ ਜਿਸ ਕਰ ਕੇ ਤਣਾਅ ਘਟਾਉਣ ਲਈ ਇਨ੍ਹਾਂ ਦੋਵਾਂ ਮੁਲਕਾਂ ਦੀ ਭੂਮਿਕਾ ਕਾਫ਼ੀ ਅਹਿਮ ਗਿਣੀ ਜਾਂਦੀ ਹੈ। ਸੀਐੱਨਐੱਨ ਦੀ ਇਕ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੁਝ ਹੋਰ ਆਗੂਆਂ ਨੇ 2022 ਵਿਚ ਪੂਤਿਨ ਵਲੋਂ ਯੂਕਰੇਨ ਵਿਚ ਇਕ ਸੰਭਾਵੀ ਪ੍ਰਮਾਣੂ ਹਮਲਾ ਰੋਕਣ ਵਿਚ ਮਦਦ ਕੀਤੀ ਸੀ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨੇ ਪਿਛਲੇ ਹਫ਼ਤੇ ਇਹ ਮੰਨਿਆ ਸੀ ਕਿ ਰੂਸ ਯੂਕਰੇਨ ਦੇ ਜੰਗੀ ਖੇਤਰਾਂ ਵਿਚ ਤਣਾਅ ਘਟਾਉਣ ਦੇ ਯਤਨਾਂ ਵਿਚ ਭਾਰਤ ਸ਼ਾਮਿਲ ਸੀ। ਨਵੀਂ ਦਿੱਲੀ ਦੇ ਅਮਰੀਕਾ ਅਤੇ ਰੂਸ ਦੋਵਾਂ ਨਾਲ ਚੰਗੇ ਸਬੰਧ ਹਨ ਜਿਸ ਕਰ ਕੇ ਇਹ ਕੋਈ ਸ਼ਾਂਤਮਈ ਹੱਲ ਲੱਭਣ ਵਿਚ ਮਦਦ ਕਰ ਸਕਦਾ ਹੈ।