ਪੁਰੋਹਿਤ ਵੱਲੋਂ ਸਰਹੱਦੀ ਜ਼ਿਲ੍ਹਿਆਂ ਦਾ ਛੇਵਾਂ ਦੌਰਾ 20 ਤੋਂ
ਚਰਨਜੀਤ ਭੁੱਲਰ
ਚੰਡੀਗੜ੍ਹ, 12 ਫਰਵਰੀ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਹਾਲੇ ਪ੍ਰਵਾਨ ਹੋਣਾ ਬਾਕੀ ਹੈ। ਇਸ ਦੌਰਾਨ ਰਾਜਪਾਲ ਨੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਐਲਾਨ ਦਿੱਤਾ ਹੈ। ਰਾਜਪਾਲ ਪੁਰੋਹਿਤ 20 ਤੋਂ 23 ਫਰਵਰੀ ਤੱਕ ਪੰਜਾਬ ਦੇ ਸਰਹੱਦੀ ਖੇਤਰਾਂ ਦਾ ਦੌਰਾ ਕਰਨਗੇ। ਬੀਤੇ ਢਾਈ ਸਾਲਾਂ ਦੌਰਾਨ ਇਹ ਉਨ੍ਹਾਂ ਦਾ ਛੇਵਾਂ ਅਜਿਹਾ ਦੌਰਾ ਹੋਵੇਗਾ।
ਯਾਦ ਰਹੇ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 3 ਫਰਵਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ। ਰਾਸ਼ਟਰਪਤੀ ਵੱਲੋਂ ਰਾਜਪਾਲ ਦਾ ਅਸਤੀਫ਼ਾ ਪ੍ਰਵਾਨ ਕੀਤੇ ਜਾਣ ਬਾਰੇ ਹਾਲੇ ਕੋਈ ਖ਼ਬਰ ਨਹੀਂ ਦਿੱਤੀ ਗਈ ਹੈ। ਚਰਚਾ ਛਿੜੀ ਹੋਈ ਹੈ ਕਿ ਰਾਜਪਾਲ ਵੱਲੋਂ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਉਲੀਕੇ ਜਾਣ ਪਿੱਛੇ ਕੋਈ ਖ਼ਾਸ ਵਜ੍ਹਾ ਹੋ ਸਕਦੀ ਹੈ। ਰਾਜਪਾਲ ਇਨ੍ਹਾਂ ਚਾਰ ਦਿਨਾਂ ਦੌਰਾਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਦੌਰਾ ਕਰਨਗੇ। ਦੌਰੇ ਦੌਰਾਨ ਉਹ ਕੇਂਦਰੀ ਏਜੰਸੀਆਂ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕਰਨਗੇ ਜਿਨ੍ਹਾਂ ਵਿੱਚ ਪਿਛਲੇ ਦੌਰਿਆਂ ਮਗਰੋਂ ਹੋਏ ਕਾਰਜਾਂ ਦੀ ਸਮੀਖਿਆ ਅਤੇ ਨਵੇਂ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਸਰਹੱਦੀ ਬੁਨਿਆਦੀ ਢਾਂਚੇ, ਸੁਰੱਖਿਆ, ਤਸਕਰੀ ਤੇ ਸਰਹੱਦੀ ਖੇਤਰਾਂ ਵਿੱਚ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣ ਲਈ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਵਾਸਤੇ ਕੇਂਦਰੀ ਅਤੇ ਸੂਬਾ ਏਜੰਸੀਆਂ ਦਰਮਿਆਨ ਤਾਲਮੇਲ ਵਧਾਉਣਾ ਹੈ। ਦੌਰੇ ਦੌਰਾਨ ਰਾਜਪਾਲ ਵਿਲੇਜ ਡਿਫੈਂਸ ਕਮੇਟੀਆਂ (ਵੀਡੀਸੀਜ਼) ਨਾਲ ਵੀ ਗੱਲਬਾਤ ਕਰਨਗੇ, ਜਿਨ੍ਹਾਂ ਨੇ ਸਰਹੱਦੀ ਖੇਤਰਾਂ ਵਿੱਚ ਨਸ਼ਿਆਂ ਆਦਿ ਨੂੰ ਠੱਲ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਜਪਾਲ ਇਸ ਦੌਰੇ ਦੌਰਾਨ ਵੱਖ-ਵੱਖ ਜਨਤਕ ਨੁਮਾਇੰਦਿਆਂ ਕੋਲੋਂ ਜ਼ਮੀਨੀ ਪੱਧਰ ਦੀ ਫੀਡਬੈਕ ਲੈਣਗੇ। ਦੌਰੇ ਦੌਰਾਨ ਪੰਜਾਬ ਦੇ ਮੁੱਖ ਸਕੱਤਰ, ਡਾਇਰੈਕਟਰ ਜਨਰਲ ਆਫ਼ ਪੁਲੀਸ, ਸੀਮਾ ਸੁਰੱਖਿਆ ਬਲ (ਬੀਐੱਸਐੱਫ), ਫੌਜ, ਕੌਮੀ ਜਾਂਚ ਏਜੰਸੀ (ਐੱਨਆਈਏ), ਭਾਰਤ ਸੰਚਾਰ ਨਿਗਮ ਲਿਮਿਟਡ (ਬੀਐੱਸਐੱਨਐੱਲ) ਦੇ ਮੁਖੀਆਂ ਅਤੇ ਹਰੇਕ ਜ਼ਿਲ੍ਹੇ ਦੇ ਸਬੰਧਤ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀਜ਼ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹਿਣਗੇ।