ਤਰਨ ਤਾਰਨ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ
ਪੱਤਰ ਪ੍ਰੇਰਕ
ਤਰਨ ਤਾਰਨ, 16 ਅਕਤੂਬਰ
ਇਲਾਕੇ ਅੰਦਰ ਪੰਚਾਇਤ ਦੀਆਂ ਚੋਣਾਂ ਤੋਂ ਵਿਹਲਿਆਂ ਹੁੰਦਿਆਂ ਹੀ ਕਿਸਾਨਾਂ ਨੇ ਮੰਡੀ ਵਿੱਚ ਝੋਨੇ ਦੀ ਜਿਣਸ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਿਸਾਨ ਨੂੰ ਮੰਡੀ ਅੰਦਰੋਂ ਜਿਣਸ ਦੀ ਲਿਫਟਿੰਗ ਨਾ ਹੋਣ ਦੀ ਚਿੰਤਾ ਵੀ ਹੈ। ਜ਼ਿਲ੍ਹਾ ਮੰਡੀ ਅਧਿਕਾਰੀ ਹਰਜੋਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਬੀਤੇ ਚਾਰ ਦਿਨ ਤੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹੇ ਅੰਦਰ 9 ਲੱਖ ਟਨ ਝੋਨੇ ਦੀ ਆਮਦ ਦੀ ਉਮੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਤੱਕ ਮੰਡੀਆਂ ਵਿੱਚ 41137 ਟਨ ਝੋਨਾ ਆਇਆ ਹੈ| ਉਨ੍ਹਾਂ ਨਾਲ ਹੀ ਕਿਹਾ ਕਿ ਖਰੀਦ ਕੀਤੇ ਝੋਨੇ ਦੀ ਲਿਫਟਿੰਗ ਦੇ ਕੋਈ ਨਿਰਦੇਸ਼ ਨਾ ਹੋਣ ਕਰਕੇ ਜਿਣਸ ਦੀ ਲਿਫਟਿੰਗ ਨਹੀਂ ਕੀਤੀ ਜਾ ਸਕੀ| ਇਲਾਕੇ ਦੇ ਪਿੰਡ ਜੱਲੇਵਾਲ ਦਾ ਕਿਸਾਨ ਬਲਜੀਤ ਸਿੰਘ ਅੱਜ ਆਪਣੀਆਂ ਦੋ ਟਰਾਲੀਆਂ ਝੋਨਾ ਲੈ ਕੇ ਤਰਨ ਤਾਰਨ ਦੀ ਦਾਣਾ ਮੰਡੀ ਵਿੱਚ ਆਇਆ ਜਿਹੜਾ ਅੱਜ ਹੀ ਘੱਟੋ ਘੱਟ ਸਮਰਥਨ ਮੁੱਲ 2320 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਗਿਆ ਹੈ। ਮੰਡੀ ਦੇ ਇਕ ਆੜ੍ਹਤੀ ਸ਼ਾਮ ਲਾਲ ਨੇ ਕਿਹਾ ਕਿ ਮੰਡੀ ਵਿੱਚ ਆ ਰਹੇ ਝੋਨੇ ਦੀ ਨਮੀ ਮਿਆਰਾਂ ’ਤੇ ਪੂਰੀ ਉਤਰ ਰਹੀ ਹੈ ਜਿਸ ਕਰਕੇ ਕਿਸਾਨ ਨੂੰ ਜਿਣਸ ਵੇਚਣ ਲਈ ਮੁਸ਼ਕਲ ਨਹੀਂ ਆ ਰਹੀ।