For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਖ਼ਰੀਦ: ਮਾਨ ਨੇ ਸ਼ਾਹ ਦਾ ਦਖ਼ਲ ਮੰਗਿਆ

06:51 AM Oct 23, 2024 IST
ਝੋਨੇ ਦੀ ਖ਼ਰੀਦ  ਮਾਨ ਨੇ ਸ਼ਾਹ ਦਾ ਦਖ਼ਲ ਮੰਗਿਆ
ਅੰਮਿ੍ਰਤਸਰ ਦੀ ਭਗਤਾਂਵਾਲਾ ਅਨਾਜ ਮੰਡੀ ’ਚ ਲੱਗੇ ਝੋਨੇ ਦੇ ਅੰਬਾਰ। -ਫੋਟੋ: ਵਿਸ਼ਾਲ ਕੁਮਾਰ
Advertisement

* ਖ਼ਰੀਦ ਵਿਚ ਬਣੇ ਅੜਿੱਕੇ ਦੂਰ ਕਰਨ ਲਈ ਸਹਿਯੋਗ ਮੰਗਿਆ
* ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 22 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਖ਼ਰੀਦ ’ਚ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਖ਼ਲ ਮੰਗਿਆ ਹੈ। ਮੁੱਖ ਮੰਤਰੀ ਨੇ ਅੱਜ ਅਮਿਤ ਸ਼ਾਹ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਤਰਫ਼ੋਂ ਸ਼ੈੱਲਰ ਮਾਲਕਾਂ ਤੇ ਆੜ੍ਹਤੀਆਂ ਦੇ ਮਸਲੇ ਨਜਿੱਠ ਦਿੱਤੇ ਹਨ ਅਤੇ ਹੁਣ ਬਾਕੀ ਜੋ ਮਸਲੇ ਕੇਂਦਰ ਨਾਲ ਸਬੰਧਤ ਹਨ, ਉਨ੍ਹਾਂ ਦੇ ਹੱਲ ਲਈ ਉਹ (ਗ੍ਰਹਿ ਮੰਤਰੀ) ਪਹਿਲਕਦਮੀ ਕਰਨ। ਸੂਬੇ ਦੀਆਂ ਮੰਡੀਆਂ ਵਿਚੋਂ ਝੋਨੇ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਹਨ।
ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਸਰਹੱਦੀ ਸੂਬੇ ਵਿਚ ਝੋਨੇ ਦੀ ਖ਼ਰੀਦ ਵਿਚ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਾਇਆ ਹੈ ਅਤੇ ਖ਼ਰੀਦ ਵਿਚ ਬਣੇ ਅੜਿੱਕਿਆਂ ਨੂੰ ਫ਼ੌਰੀ ਦੂਰ ਕਰਨ ਵਾਸਤੇ ਕੇਂਦਰ ਤੋਂ ਸਹਿਯੋਗ ਮੰਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੀ ਫ਼ਸਲ ਹਾਲੇ ਗੁਦਾਮਾਂ ਵਿਚ ਪਈ ਹੈ, ਜੇ ਗੁਦਾਮ ਖ਼ਾਲੀ ਨਾ ਹੋਏ ਤਾਂ ਨਵੀਂ ਫ਼ਸਲ ਲਈ ਥਾਂ ਨਹੀਂ ਬਚੇਗੀ। ਇਨ੍ਹਾਂ ਹਾਲਾਤਾਂ ਵਿਚ ਕਣਕ ਦੀ ਬਿਜਾਂਦ ਵੀ ਪਛੜੇਗੀ।
ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਦਸੰਬਰ ਦੇ ਅਖੀਰ ਤੱਕ ਬੇਸ਼ੱਕ 90 ਲੱਖ ਟਨ ਅਨਾਜ ਦੀ ਮੂਵਮੈਂਟ ਕਰਨ ਦਾ ਭਰੋਸਾ ਦਿੱਤਾ ਹੈ ਪਰ ਪੰਜਾਬ ਦੇ ਲੋਕਾਂ ਨੂੰ ਭਰੋਸਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ’ਚੋਂ ਅਨਾਜ ਦੀ ਮੂਵਮੈਂਟ ਲਈ ਟਰੇਨਾਂ ਦਿੱਤੀਆਂ ਜਾਣ ਅਤੇ ਛੜਾਈ ਮਗਰੋਂ, ਜੋ ਚੌਲ 67 ਕਿਲੋ ਦੀ ਥਾਂ 63 ਕਿਲੋ ਨਿਕਲ ਰਿਹਾ ਹੈ, ਉਸ ਦੀ ਭਰਪਾਈ ਵੀ ਕਰਨ ਵਾਸਤੇ ਕਿਹਾ ਹੈ। ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਬੁੱਧਵਾਰ ਨੂੰ ਸ਼ੈੱਲਰ ਮਾਲਕਾਂ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰ ਦੇਣਗੇ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਵੀ ਮੁਲਾਕਾਤ ਕੀਤੀ ਸੀ। ਪੰਜਾਬ ਦੇ ਸ਼ੈੱਲਰ ਮਾਲਕਾਂ ਨੂੰ ਪਹਿਲਾਂ ਹੀ ਕੇਂਦਰੀ ਖ਼ੁਰਾਕ ਮੰਤਰੀ ਨੇ ਬੁੱਧਵਾਰ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੋਇਆ ਹੈ। ਮੁੱਖ ਮੰਤਰੀ ਨੇ ਅੱਜ ਗੱਲਬਾਤ ਕਰਕੇ ਗੇਂਦ ਕੇਂਦਰ ਦੇ ਪਾਲੇ ਵਿਚ ਸੁੱਟ ਦਿੱਤੀ ਹੈ ਅਤੇ ਅੱਜ ‘ਆਪ’ ਆਗੂਆਂ ਨੇ ਪੂਰਾ ਦਿਨ ਭਾਜਪਾ ਨੂੰ ਹੀ ਨਿਸ਼ਾਨੇ ’ਤੇ ਰੱਖਿਆ ਹੈ। ਪੰਜਾਬ ਵਿਚ ਕਈ ਦਿਨਾਂ ਤੋਂ ਕਿਸਾਨ ਧਿਰਾਂ ਵੱਲੋਂ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਧਰਨੇ ਸ਼ੁਰੂ ਕੀਤੇ ਹੋਏ ਹਨ ਅਤੇ ਸੰਯੁਕਤ ਕਿਸਾਨ ਮੋਰਚਾ ਵੀ ਭਲਕੇ ਕੋਈ ਫ਼ੈਸਲਾ ਲੈ ਸਕਦਾ ਹੈ। ਕਿਸਾਨਾਂ ਨੇ ਫਗਵਾੜਾ ਵਿਚ ਦੋ ਦਿਨਾਂ ਤੋਂ ਆਵਾਜਾਈ ਠੱਪ ਕੀਤੀ ਹੋਈ ਹੈ। ਮੁੱਖ ਮੰਤਰੀ ਝੋਨੇ ਦੀ ਖ਼ਰੀਦ ਬਾਰੇ ਨਿਯਮਤ ਰਿਪੋਰਟਾਂ ਹਾਸਲ ਕਰ ਰਹੇ ਹਨ। ਉਨ੍ਹਾਂ ਅੱਜ ਕੁਝ ਅਧਿਕਾਰੀਆਂ ਨੂੰ ਬੁਲਾ ਕੇ ਵਿਸ਼ੇਸ਼ ਡਿਊਟੀਆਂ ਲਗਾਈਆਂ ਹਨ। ਇੱਧਰ, ਪੰਜਾਬ ਦੀਆਂ ਮੰਡੀਆਂ ਵਿਚ ਅੱਜ ਇੱਕੋ ਦਿਨ 4.84 ਲੱਖ ਮੀਟਰਿਕ ਟਨ ਝੋਨਾ ਪੁੱਜਿਆ ਹੈ ਅਤੇ ਅੱਜ ਇੱਕੋ ਦਿਨ ਵਿਚ 1.38 ਲੱਖ ਐੱਮਟੀ ਦੀ ਖ਼ਰੀਦ ਹੋਈ ਹੈ। ਸੂਬੇ ਵਿਚ ਹੁਣ ਤੱਕ 35.71 ਲੱਖ ਮੀਟਰਿਕ ਟਨ ਫ਼ਸਲ ਦੀ ਆਮਦ ਹੋਈ ਹੈ ਜਿਸ ’ਚੋਂ 32.29 ਲੱਖ ਐੱਮਟੀ ਦੀ ਖ਼ਰੀਦ ਹੋਈ ਹੈ ਜਦੋਂ ਕਿ ਲਿਫ਼ਟਿੰਗ ਹੁਣ ਤੱਕ 6.66 ਲੱਖ ਟਨ ਦੀ ਹੋਈ ਹੈ।

Advertisement

ਮੁੱਖ ਮੰਤਰੀ ਦੀ ਨੀਤੀ ਆਯੋਗ ਨਾਲ ਮੀਟਿੰਗ ਅੱਜ

ਚੰਡੀਗੜ੍ਹ (ਟਨਸ):

ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸੁਮਨ ਬੇਰੀ ਨਾਲ ਮੁਲਾਕਾਤ ਕਰਨਗੇ। ਬੇਰੀ ਭਲਕੇ ਚੰਡੀਗੜ੍ਹ ’ਚ ਇੱਕ ਸਨਅਤੀ ਪ੍ਰੋਗਰਾਮ ਲਈ ਪਹੁੰਚ ਰਹੇ ਹਨ। ਪੰਜਾਬ ਸਰਕਾਰ ਵੱਲੋਂ ਨੀਤੀ ਆਯੋਗ ਕੋਲ ਮੁੱਦੇ ਉਠਾਉਣ ਲਈ ਚਾਰਟਰ ਤਿਆਰ ਕੀਤਾ ਗਿਆ ਹੈ। ਮੁੱਖ ਮੰਤਰੀ ਉਨ੍ਹਾਂ ਕੋਲ ਪੰਜਾਬ ਦੀਆਂ ਹੱਕੀ ਮੰਗਾਂ ਰੱਖਣਗੇ। ਵਿੱਤੀ ਮੰਗਾਂ ਅਤੇ ਖ਼ਾਸ ਕਰਕੇ ਸੂਬਾ ਸਰਕਾਰ ਦੇ ਕੇਂਦਰ ਕੋਲ ਰੁਕੇ ਬਕਾਇਆ ਦਾ ਮਾਮਲਾ ਵੀ ਉਠਾਇਆ ਜਾਣਾ ਹੈ। ਵਿੱਤੀ ਫ਼ਰੰਟ ’ਤੇ ਪੰਜਾਬ ਨੂੰ ਕੇਂਦਰੀ ਇਮਦਾਦ ਦੀ ਗੱਲ ਵੀ ਕੀਤੀ ਜਾਣੀ ਹੈ। ਇਸ ਦੌਰਾਨ ਦਿਹਾਤੀ ਵਿਕਾਸ ਫ਼ੰਡ(ਆਰਡੀਐੱਫ) ਰਿਲੀਜ਼ ਕਰਨ, ਫ਼ਸਲੀ ਵਿਭਿੰਨਤਾ ਤੇ ਪਰਾਲੀ ਪ੍ਰਬੰਧਨ ਵਾਸਤੇ ਸਹਿਯੋਗ, ਸਨਅਤੀ ਖੇਤਰ ਲਈ ਵਿਸ਼ੇਸ਼ ਰਿਆਇਤਾਂ ਅਤੇ ਪੰਜਾਬ ਸਿਰ ਚੜ੍ਹੇ ਕਰਜ਼ੇ ਆਦਿ ਬਾਰੇ ਵੀ ਚਰਚਾ ਕੀਤੀ ਜਾਵੇਗੀ। ਸਰਕਾਰ ਢਾਈ ਸਾਲਾਂ ਵਿਚ ਕੀਤੇ ਕੰਮਾਂ ਦੀ ਰੂਪ-ਰੇਖਾ ਵੀ ਪੇਸ਼ ਕਰੇਗੀ।

Advertisement
Author Image

joginder kumar

View all posts

Advertisement