ਖਾਲਿਸਤਾਨੀ ਆਗੂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਜਵਾਬਦੇਹ ਬਣਾਏ ਭਾਰਤ: ਅਮਰੀਕਾ
ਵਾਸ਼ਿੰਗਟਨ, 25 ਅਕਤੂਬਰ
ਅਮਰੀਕਾ ਨੇ ਅੱਜ ਕਿਹਾ ਕਿ ਉਸ ਦੇ ਦੇਸ਼ ਵਿਚ ਖਾਲਿਸਤਾਨੀ ਪੱਖੀ ਆਗੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਰਚਣ ਵਾਲਿਆਂ ਨੂੰ ਜਵਾਬਦੇਹ ਬਣਾਉਣ ਲਈ ਭਾਰਤ ਕਾਰਵਾਈ ਕਰੇ। ਇਸ ਦੇ ਨਾਲ ਹੀ ਅਮਰੀਕਾ ਉਮੀਦ ਕਰਦਾ ਹੈ ਕਿ ਭਾਰਤ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰੇ ਤਾਂ ਹੀ ਇਸ ਘਟਨਾ ਲਈ ‘ਜ਼ਿੰਮੇਵਾਰ’ ਲੋਕਾਂ ਨੂੰ ਨੱਥ ਪਾਈ ਜਾ ਸਕੇਗੀ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਅਮਰੀਕਾ ਨੇ ਭਾਰਤੀ ਵਪਾਰੀ ਨਿਖਿਲ ਗੁਪਤਾ ਨੂੰ ਨਜ਼ਰਬੰਦ ਕੀਤਾ ਹੋਇਆ ਹੈ ਜਿਸ ਨੇ ਖਾਲਿਸਤਾਨੀ ਪੱਖੀ ਆਗੂ ਦੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਉਸ ਨੂੰ ਪੋਲੈਂਡ ਤੋਂ ਅਮਰੀਕਾ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਅਮਰੀਕਾ ਨੇ ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ’ਤੇ ਵੀ ਇਸ ਮਾਮਲੇ ਵਿਚ ਸ਼ਮੂਲੀਅਤ ਦੇ ਦੋਸ਼ ਲਾਏ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਦੀ ਜਾਂਚ ਕਮੇਟੀ ਸਹੀ ਢੰਗ ਨਾਲ ਜਾਂਚ ਕਰੇਗੀ ਤੇ ਅਮਰੀਕਾ ਵਿੱਚ ਸਾਜ਼ਿਸ਼ ਰਚਣ ਲਈ ਜ਼ਿੰਮੇਵਾਰ ਪਾਏ ਗਏ ਲੋਕਾਂ ਨੂੰ ਜਵਾਬਦੇਹ ਠਹਿਰਾਏਗੀ।’ ਏਜੰਸੀ