ਪੰਜਾਬ ਦੀ ਮਿੱਟੀ ਦੀ ਖ਼ਸਲਤ ਪੂਰੀ ਦੁਨੀਆ ਨਾਲੋਂ ਵੱਖਰੀ: ਜ਼ਫ਼ਰ
ਮਨੋਜ ਸ਼ਰਮਾ
ਬਠਿੰਡਾ, 27 ਨਵੰਬਰ
ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਅੱਜ ਪੰਜਾਬੀ ਮਾਹ ਤਹਿਤ ਰਾਜ ਪੱਧਰੀ ਨਾਟ ਉਤਸਵ ਦੇ ਤੀਜੇ ਦਿਨ ਸਟੇਜੀ ਨਾਟਕਾਂ ਦਾ ਉਦਘਾਟਨ ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਜ਼ਫ਼ਰ ਵੱਲੋਂ ਰਜਿੰਦਰਾ ਕਾਲਜ ਬਠਿੰਡਾ ’ਚ ਕੀਤਾ ਗਿਆ। ਉਨ੍ਹਾਂ ਨਾਲ਼ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਸਤਨਾਮ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅੱਜ ਸਟੇਜੀ ਨਾਟਕਾਂ ਦੀ ਲੜੀ ਤਹਿਤ ਨਾਟਕਵਾਲਾ ਥੀਏਟਰ ਟੀਮ ਪਟਿਆਲਾ ਵੱਲੋਂ ਨਾਟਕ ‘ਮਾਂ ਨਾ ਬੇਗਾਨੀ ਹੋ’ ਨੂੰ ਰਾਜੇਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਖੇਡਿਆ। ਇਹ ਨਾਟਕ ਅਸਲ ਵਿੱਚ ਪੂਰੀ ਦੁਨੀਆਂ ਦੀਆਂ ਲੋਕ ਭਾਸ਼ਾਵਾਂ ਨਾਲ ਹੋ ਰਹੇ ਵਿਤਕਰੇ ਦਾ ਇੱਕ ਨਮੂਨਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮਹਿਮਾਨਾਂ ਦੀ ਸਵਾਗਤ ਕੀਤਾ। ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬੀ ਹੋਣਾ ਆਪਣੇ ਆਪ ਵਿੱਚ ਹੀ ਬੜੇ ਮਾਣ ਵਾਲ਼ੀ ਗੱਲ ਹੈ। ਇੱਥੋਂ ਦੀ ਮਿੱਟੀ ਦੀ ਖ਼ਸਲਤ ਸਾਰੀ ਦੁਨੀਆਂ ਤੋਂ ਵੱਖਰੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਇੱਥੋਂ ਦੇ ਪੌਣ-ਪਾਣੀ ਬੋਲੀ ਨੂੰ ਸਾਂਭ ਨੂੰ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨਾਟ-ਉਤਸਵ ਦੇ ਪ੍ਰਬੰਧ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਸਮੇਤ ਪੂਰੀ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ਼੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਮੰਚ ਸੰਚਾਲਨ ਪ੍ਰੋਫੈਸਰ ਸੰਦੀਪ ਮੋਹਲਾਂ ਨੇ ਕੀਤਾ।