ਪੰਜਾਬ ਦੇ ਦੇਸੀ ਘਿਓ ਨੂੰ ਮਿਲਾਵਟ ਨੇ ਢਾਹਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 20 ਅਗਸਤ
ਪੰਜਾਬ ਦਾ ਦੇਸੀ ਘਿਓ ਹੁਣ ਖ਼ਾਲਸ ਨਹੀਂ ਰਿਹਾ। ਇਹ ਭੋਜਨ ਸੁਰੱਖਿਆ ਮਾਪਦੰਡਾਂ ’ਤੇ ਖਰਾ ਨਹੀਂ ਉਤਰਿਆ। ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਲਏ ਨਮੂਨਿਆਂ ’ਚੋਂ ਦੇਸੀ ਘਿਓ ਦੇ 21.4 ਫ਼ੀਸਦ ਨਮੂਨੇ ਭੋਜਨ ਸੁਰੱਖਿਆ ਮਿਆਰਾਂ ’ਤੇ ਪੂਰੇ ਨਹੀਂ ਉੱਤਰੇ। ਇਸੇ ਤਰ੍ਹਾਂ ਦੁੱਧ ਦੇ 13.6 ਫ਼ੀਸਦ ਨਮੂਨੇ ਮਿਆਰਾਂ ਦੇ ਅਨੁਕੂਲ ਨਹੀਂ ਸਨ। ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘਿਓ ਨੇ ਨਿਖਾਰੀ ਹੈ ਅਤੇ ਇਹੀ ਘਿਓ ਹੁਣ ਮਿਆਰਾਂ ਤੋਂ ਤਿਲਕ ਗਿਆ ਹੈ। ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਦੇ ਤੱਥਾਂ ਅਨੁਸਾਰ 2023-24 ਵਿੱਚ ਦੁੱਧ ਦੇ ਇਕੱਠੇ ਕੀਤੇ 646 ਨਮੂਨਿਆਂ ’ਚੋਂ 88 ਮਿਆਰਾਂ ’ਤੇ ਖਰੇ ਨਹੀਂ ਉੱਤਰੇ। ਖੋਏ ਦੇ 26 ਫ਼ੀਸਦੀ ਨਮੂਨੇ ਫ਼ੇਲ੍ਹ ਹੋਏ ਹਨ। ਬੀਤੇ ਤਿੰਨ ਵਰ੍ਹਿਆਂ 2021-24 ਦੌਰਾਨ ਦੁੱਧ ਦੇ ਕੁੱਲ 20,988 ਨਮੂਨੇ ਭਰੇ ਗਏ, ਜਿਨ੍ਹਾਂ ’ਚੋਂ 3,712 ਨਮੂਨੇ ਅਨੁਕੂਲ ਨਹੀਂ ਪਾਏ ਗਏ। ਸਾਲ 2023-24 ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੁੱਲ 6,041 ਨਮੂਨੇ ਭਰੇ ਗਏ ਸਨ ਜਿਨ੍ਹਾਂ ’ਚੋਂ 929 ਨਮੂਨੇ ਫੇਲ੍ਹ ਹੋਏ ਹਨ। ਸਾਲ 2023-24 ਦੌਰਾਨ ਪੰਜਾਬ ਸਰਕਾਰ ਨੇ 1,577 ਸਿਵਲ ਕੇਸ ਕੀਤੇ ਅਤੇ 76 ਕੇਸਾਂ ਵਿੱਚ ਅਪਰਾਧਿਕ ਕਾਰਵਾਈ ਕੀਤੀ। ਬੀਤੇ ਤਿੰਨ ਵਰ੍ਹਿਆਂ ਵਿੱਚ 194 ਫੇਲ੍ਹ ਨਮੂਨਿਆਂ ਦੇ ਮਾਲਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਹੋਈ ਹੈ। ਫੇਲ੍ਹ ਹੋਏ ਨਮੂਨਿਆਂ ’ਚੋਂ ਕੁੱਝ ਮਾਮਲਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਜਾਂ ਫਿਰ ਮਿਆਦ ਪੁਗਾ ਚੁੱਕੇ ਸਕਿਮਡ ਮਿਲਕ ਪਾਊਡਰ ਜਾਂ ਯੂਰੀਆ ਆਦਿ ਮਿਲਾਵਟ ਕਰਕੇ ਦੁਬਾਰਾ ਬਣਾਇਆ ਗਿਆ। ਸੂਤਰਾਂ ਅਨੁਸਾਰ ਪੂਜਾ ਵਾਸਤੇ ਵੇਚੇ ਜਾਂਦੇ ਦੇਸੀ ਘਿਓ ਵਿੱਚ ਹਾਈਡ੍ਰੋਜਨੇਟਿਡ ਫੈਟ ਅਤੇ ਰਿਫਾਇੰਡ ਤੇਲ ਦੀ ਮਿਲਾਵਟ ਹੁੰਦੀ ਹੈ। ਇਸ ਵਿੱਚ ਪੰਜ ਤੋਂ 10 ਫ਼ੀਸਦ ਹੀ ਦੇਸੀ ਘਿਓ ਹੁੰਦਾ ਹੈ। ਸਬੰਧਤ ਵਿਭਾਗ ’ਚ ਕਮਿਸ਼ਨਰ ਰਹਿ ਚੁੱਕੇ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਪਵੇਗੀ।
ਹਰ ਵਰ੍ਹੇ ਲਏ ਜਾਂਦੇ ਹਨ ਦੁੱਧ ਉਤਪਾਦਾਂ ਦੇ ਨਮੂਨੇ: ਤਿ੍ਰਖਾ
ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰ ਅਭਿਨਵ ਤ੍ਰਿਖਾ ਨੇ ਕਿਹਾ ਕਿ ਦੁੱਧ ਅਤੇ ਦੁੱਧ ਉਤਪਾਦਾਂ ਦੇ ਹਰ ਵਰ੍ਹੇ ਨਮੂਨੇ ਲਏ ਜਾਂਦੇ ਹਨ ਅਤੇ ਗੁਣਵੱਤਾ ਲਈ ਫੂਡ ਬਿਜ਼ਨਸ ਅਪਰੇਟਰਾਂ ਨਾਲ ਮੀਟਿੰਗਾਂ ਕਰ ਕੇ ਫੀਡਬੈਕ ਵੀ ਲਈ ਜਾਂਦੀ ਹੈ। ਹਾਲ ਹੀ ਵਿੱਚ ਹੋਈ ਇੱਕ ਮੀਟਿੰਗ ’ਚ ਇਨ੍ਹਾਂ ਸੰਚਾਲਕਾਂ ਨੇ ਕਿਹਾ ਸੀ ਕਿ ਪੈਕ ਕੀਤਾ ਦੁੱਧ ਚੰਗੀ ਗੁਣਵੱਤਾ ਦਾ ਹੈ।