ਸੀਰੀਆ ’ਚ ਫਸੀ ਪੰਜਾਬ ਦੀ ਧੀ ਘਰ ਪਰਤੀ
ਨਿਜੀ ਪੱਤਰ ਪ੍ਰੇਰਕ
ਜਲੰਧਰ, 24 ਮਈ
ਸੀਰੀਆ ’ਚ ਢਾਈ ਮਹੀਨਿਆਂ ਤੋਂ ਫਸੀ ਪੰਜਾਬ ਦੀ ਧੀ ਆਖ਼ਰਕਾਰ ਵਾਪਸ ਆਪਣੇ ਘਰ ਪਰਤ ਆਈ ਹੈ। ਸੁਲਤਾਨਪੁਰ ਲੋਧੀ ਨਿਰਮਲ ਕੁਟੀਆ ਵਿੱਚ ਆਪਣੇ ਪਤੀ ਨਾਲ ਆਈ ਪੀੜਤਾ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਮੋਗਾ ਦੀ ਰਹਿਣ ਵਾਲੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੀੜਤਾ ਨੇ ਦੱਸਿਆ ਕਿ ਇੱਕ ਟਰੈਵਲ ਏਜੰਟ ਨੇ 70 ਹਜ਼ਾਰ ਰੁਪਏ ਵਿੱਚ ਉਸ ਨੂੰ 27 ਫਰਵਰੀ ਨੂੰ ਦੁਬਈ ਭੇਜਿਆ ਸੀ। ਉੱਥੇ ਜਦੋਂ ਟੂਰਿਟਸ ਵੀਜ਼ਾ ਖਤਮ ਹੋਣ ਵਾਲਾ ਸੀ ਤਾਂ ਉਸ ਨੂੰ ਸੀਰੀਆ ਭੇਜ ਦਿੱਤਾ ਗਿਆ।
ਉਸ ਨੇ ਦੱਸਿਆ ਕਿ ਸੀਰੀਆ ਵਿੱਚ ਉਸ ਨੂੰ ਕਿਸੇ ਦੇ ਘਰ ’ਚ ਕੰਮ ਲਈ ਤੜਕੇ ਪੰਜ ਵਜੇ ਭੇਜ ਦਿੱਤਾ ਜਾਂਦਾ ਸੀ ਤੇ ਰਾਤ ਡੇਢ-ਦੋ ਵਜੇ ਵਾਪਸ ਆਉਂਦੀ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਰਾਤ ਇੱਕ ਵੇਲੇ ਹੀ ਖਾਣਾ ਦਿੱਤਾ ਜਾਂਦਾ ਸੀ। ਪੀੜਤਾ ਨੇ ਦੱਸਿਆ ਕਿ ਉਸ ਨਾਲ 10 ਦੇ ਕਰੀਬ ਹੋਰ ਲੜਕੀਆਂ ਵੀ ਸਨ, ਜਿਨ੍ਹਾਂ ਨਾਲ ਗੁਲਾਮਾਂ ਵਰਗਾ ਸਲੂਕ ਕੀਤਾ ਜਾਂਦਾ ਸੀ। ਜਦੋਂ ਕੰਮ ਤੋਂ ਮਨ੍ਹਾ ਕੀਤਾ ਜਾਂਦਾ ਤਾਂ ਔਰਤਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਵਾਪਸੀ ਲਈ ਟਰੈਵਲ ਏਜੰਟ ਉਸ ਕੋਲੋਂ ਕਰੀਬ 4 ਲੱਖ ਰੁਪਏ ਮੰਗ ਰਿਹਾ ਸੀ।
ਉਹ ਪਰਿਵਾਰ ਸਣੇ 25 ਅਪਰੈਲ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚਿਆ ਸੀ, ਜਿਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਯਤਨਾਂ ਸਦਕਾ ਹੀ ਉਸਦੀ ਪਤਨੀ 25 ਦਿਨਾਂ ਬਾਅਦ ਵਾਪਸ ਘਰ ਪਹੁੰਚ ਸਕੀ ਹੈ। ਇਸ ਮੌਕੇ ਸ੍ਰੀ ਸੀਚੇਵਾਲ ਨੇ ਦੱਸਿਆ ਕਿ ਏਜੰਟਾਂ ਵੱਲੋਂ ਲਗਾਤਾਰ ਗ਼ਰੀਬ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਭਾਰਤੀ ਦੂਤਾਵਾਸ ਦਾ ਧੰਨਵਾਦ ਵੀ ਕੀਤਾ।