ਪੰਜਾਬੀ
ਅਮਰਜੀਤ ਸਿੰਘ ਫ਼ੌਜੀ
ਅਸੀਂ ਪੰਜਾਬੀ ਕਿਰਤੀ ਹੋਈਏ
ਸਾਦੇ ਰਹਿਣੇ ਬਹਿਣੇ ਹੂ
ਛੰਦ ਸਿੱਠਣੀਆਂ, ਮਾਹੀਏ, ਢੋਲੇ
ਇਹ ਅਸਾਡੇ ਗਹਿਣੇ ਹੂ
ਸੁਹਾਗ, ਘੋੜੀਆਂ, ਦੋਹੇ, ਟੱਪੇ
ਰਲ਼ ਮਿਲ਼ ਕੇ ਗਾ ਲੈਣੇ ਹੂ
ਜਾਗੋ, ਜੁਗਨੀ, ਵਾਰਾਂ ਗਾਵਣ
ਕੀ ਉਨ੍ਹਾਂ ਦੇ ਕਹਿਣੇ ਹੂ
ਲੋਕ ਬੋਲੀਆਂ ਨਾਲ ਯੁੱਗਾਂ ਤੱਕ
ਗਿੱਧੇ ਭੰਗੜੇ ਪੈਣੇ ਹੂ
ਬੁੱਲ੍ਹਾ, ਬਾਹੂ, ਵਾਰਿਸ, ਫੌ਼ਜੀਆ
ਦਿਲ ਵਿੱਚ ਵਸਦੇ ਰਹਿਣੇ ਹੂ
ਔਰਤ ਦਾ ਸਤਿਕਾਰ ਕਰੇਂਦੇ
ਮੰਨ ਵੱਡਿਆਂ ਦੇ ਕਹਿਣੇ ਹੂ
ਕਾਮ ਕ੍ਰੋਧ ਹੰਕਾਰ ਨਾ ਸਾਨੂੰ
ਤਿੰਨੇ ਰੋਗ ਕੁਲਹਿਣੇ ਹੂ।
ਸੰਪਰਕ: 95011-27033
* * *
ਆਜ਼ਾਦੀ ਦੇ ਮਾਅਨੇ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਆਜ਼ਾਦੀ? ਕੀ ਹੈ ਆਜ਼ਾਦੀ?
ਕੀ ਆਜ਼ਾਦੀ ਸਚਮੁੱਚ ਮਾਅਨੇ ਰੱਖਦੀ ਹੈ
ਉਨ੍ਹਾਂ ਗ਼ਰੀਬ ਹਮਾਤੜਾਂ ਲਈ
ਜੋ ਦਿਨ ਚੜ੍ਹੇ ਤੋਂ ਤ੍ਰਿਕਾਲਾਂ ਤੱਕ
ਭੁੱਖੇ ਢਿੱਡਾਂ ਤੇ ਧੁੱਪ-ਝੁਲਸੇ ਚਿਹਰਿਆਂ ਨਾਲ
ਹੁੰਦੇ ਰਹਿੰਦੇ ਨੇ ਮਿੱਟੀ ਨਾਲ ਮਿੱਟੀ?
ਕੀ ਆਜ਼ਾਦੀ ਸਚਮੁੱਚ ਮਾਅਨੇ ਰੱਖਦੀ ਹੈ
ਉਨ੍ਹਾਂ ਪੜ੍ਹੇ ਲਿਖ਼ੇ ਤੇ ਯੋਗਤਾ ਪ੍ਰਾਪਤ
ਗੱਭਰੂਆਂ ਤੇ ਮੁਟਿਆਰਾਂ ਲਈ
ਜੋ ਆਪਣੀ ਕਾਬਲੀਅਤ ਤੋਂ ਵੀ ਛੋਟੀ ਨੌਕਰੀ ਲਈ
ਕੱਢਦੇ ਨੇ ਹਾੜ੍ਹੇ ਉਨ੍ਹਾਂ ਮੀਸਣੇ ਹਾਕਮਾਂ ਮੂਹਰੇ
ਜੋ ਹੁੰਦੇ ਨੇ ਚੰਦ ਜਮਾਤਾਂ ਪਾਸ
ਤੇ ਜਿਨ੍ਹਾਂ ਨੇ ਵੇਚ ਕੇ ਜ਼ਮੀਰ
ਲਈ ਹੁੰਦੀ ਏ ਕੁਰਸੀ?
ਕੀ ਆਜ਼ਾਦੀ ਸਚਮੁੱਚ ਮਾਅਨੇ ਰੱਖਦੀ ਹੈ
ਉਨ੍ਹਾਂ ਅਣਭੋਲ ਤੇ ਅਣਜੰਮੀਆਂ ਕੰਜਕਾਂ ਲਈ
ਜਿਨ੍ਹਾਂ ਦਾ ਤੂੰਬਾ ਤੂੰਬਾ ਤੋੜ ਕੇ
ਕਰ ਦਿੱਤਾ ਜਾਂਦਾ ਹੈ ਕਤਲ
ਗਰਭ ਦੀ ਹਨੇਰੀ ਕੋਠੜੀ ਅੰਦਰ
ਤੇ ਆਜ਼ਾਦੀ ਦੇ ਕੀ ਮਾਅਨੇ ਹਨ
ਉਸ ਨਵ-ਵਿਆਹੁਤਾ ਮੁਟਿਆਰ ਲਈ
ਜੋ ਜ਼ਿੰਦਾ ਸਾੜ ਦਿੱਤੀ ਜਾਂਦੀ ਹੈ
ਦਹੇਜ ਦੇ ਲਾਲਚ ਦੀ ਅੱਗ ’ਚ?
ਕੀ ਆਜ਼ਾਦੀ ਸਚਮੁੱਚ ਮਾਅਨੇ ਰੱਖਦੀ ਹੈ
ਉਨ੍ਹਾਂ ਨੌਜਵਾਨ ਮੁੰਡੇ ਕੁੜੀਆਂ ਲਈ
ਜੋ ਆਪਣੀ ਜਨਮ ਭੋਇੰ ਤਿਆਗ ਕੇ
ਉੱਡ ਜਾਂਦੇ ਨੇ ਬੇਗ਼ਾਨੇ ਮੁਲਕਾਂ ਨੂੰ
ਤੇ ਉੱਥੇ ਸਹਾਰਦੇ ਨੇ ਹੱਥਾਂ ’ਤੇ ਛਾਲੇ
ਤੇ ਨਸਲੀ ਵਿਤਕਰੇ ਦੇ ਤਿੱਖੇ ਤੀਰ?
ਕੀ ਆਜ਼ਾਦੀ ਸਚਮੁੱਚ ਮਾਅਨੇ ਰੱਖਦੀ ਹੈ
ਉਸ ਨਿਗ੍ਹਾ ਵਿਹੂਣੀ ਬੁੱਢੜੀ ਮਾਂ ਲਈ
ਜਿਸ ਨੂੰ ਉਸਦੇ ਪੁੱਤਰ-ਨੂੰਹਾਂ ਛੱਡ ਜਾਂਦੇ ਨੇ
ਬਿਰਧ ਆਸ਼ਰਮ ਦੇ ਬੂਹੇ ਜਾਂ ਫਿਰ
ਲਗਵਾ ਕੇ ਜਾਇਦਾਦ ਦੇ ਕਾਗ਼ਜ਼ਾਂ ’ਤੇ ਅੰਗੂਠਾ
ਵੰਡ ਲੈਂਦੇ ਨੇ ਮਹੀਨਾ ਮਹੀਨਾ
ਰੋਟੀ ਦੇ ਦੋ ਟੁੱਕੜ ਦੇਣ ਖ਼ਾਤਿਰ।
ਪਰ ਹਾਂ... ਹਾਂ ਆਜ਼ਾਦੀ ਮਾਅਨੇ ਰੱਖਦੀ ਹੈ
ਉਨ੍ਹਾਂ ਘਾਗ ਸਿਆਸਤਦਾਨਾਂ ਲਈ
ਜੋ ਧਰਮ ਦੇ ਨਾਂ ’ਤੇ ਡੋਲ੍ਹਦੇ ਨੇ
ਮਾਸੂਮਾਂ ਤੇ ਮਜ਼ਲੂਮਾਂ ਦਾ ਖ਼ੂਨ
ਤੇ ਜੇਲ੍ਹਾਂ ਵਿੱਚ ਸੜਨ ਦੀ ਥਾਂ
ਜਾ ਬਹਿੰਦੇ ਨੇ ਉੱਚੇ ਅਹੁਦਿਆਂ ’ਤੇ।
ਹਾਂ ਆਜ਼ਾਦੀ ਮਾਅਨੇ ਰੱਖਦੀ ਹੈ
ਉਨ੍ਹਾਂ ਲੂੰਬੜ ਦਿਮਾਗ਼ ਵਪਾਰੀਆਂ ਲਈ
ਜੋ ਡਕਾਰ ਕੇ ਦੇਸ਼ ਦੇ ਅਰਬਾਂ ਰੁਪਏ
ਜਾ ਵਸਦੇ ਨੇ ਵਿਦੇਸ਼ੀ ਮੁਲਕਾਂ ਨੂੰ
ਤੇ ਸਾਡਾ ਲੰਮੇ ਹੱਥਾਂ ਵਾਲਾ ਕਾਨੂੰਨ
ਰਹਿ ਜਾਂਦਾ ਹੈ ਤੱਕਦਾ ਬਿਟਰ ਬਿਟਰ।
ਹਾਂ ਆਜ਼ਾਦੀ ਮਾਅਨੇ ਰੱਖਦੀ ਹੈ
‘ਪ੍ਰੰਪਰਾ ਤੇ ਵਿਰਸੇ’ ਦੇ ਉਨ੍ਹਾਂ ‘ਠੇਕੇਦਾਰਾਂ’ ਲਈ
ਜੋ ਜ਼ਾਤ ਬਾਹਰੇ ਵਿਆਹ ਕਰਨ ’ਤੇ
ਵਿਛਾ ਦਿੰਦੇ ਨੇ ਲਾਸ਼ਾਂ
ਤੇ ਫਿਰ ਦਿੰਦੇ ਨੇ ਦੁਹਾਈ
‘ਕੌਮ’ ਦੀ ਆਬਰੂ ਬਚਾਉਣ ਦੀ।
ਸੰਪਰਕ: 97816-46008
* * *
ਸਿਸਟਮ
ਮਨਿੰਦਰ ਬੱਸੀ
ਦੇਸ਼ ਮੇਰੇ ਦਾ ਸਿਸਟਮ ਕੈਸਾ, ਕੈਸੀ ਹੈ ਸਰਕਾਰ,
ਜਿਸ ਨੇ ਰਾਖੀ ਕਰਨੀ ਉਹੀ, ਹੋ ਗਈ ਹੈ ਮੱਕਾਰ।
ਕੁੱਟਣ ਅਤੇ ਘੜੀਸਣ ਉਸ ਨੂੰ, ਕੀਤਾ ਜਿਸ ਸਵਾਲ,
ਸੱਚ ਦਾ ਸੂਰਜ ਦਿਨੇ ਹੀ ਡੁੱਬਾ, ਮੰਨ ਗਿਆ ਏ ਹਾਰ।
ਜਿਸ ਹਾਕਮ ਨੂੰ ਜਨਤਾ ਦੀ ਰਤਾ ਨਹੀਂ ਪਰਵਾਹ,
ਉਸ ਹਾਕਮ ਨੂੰ ਗੱਦੀ ਉੱਤੋਂ ਫੜ ਕੇ ਦੇਵੋ ਉਤਾਰ।
ਦੇਸ਼ ਦਾ ਨਾਂ ਚਮਕਾਵਣ ਖਾਤਰ, ਜਿਨ੍ਹਾਂ ਮੁਸ਼ੱਕਤ ਕੀਤੀ,
ਉਨ੍ਹਾਂ ਦੀ ਮਿਹਨਤ ਤੋਂ ਹਾਕਮ, ਇੰਝ ਨਾ ਕਰ ਇਨਕਾਰ।
ਸੰਵਿਧਾਨ ਵਿੱਚ ਔਰਤ ਨੂੰ ਬਰਾਬਰੀ ਦਾ ਅਧਿਕਾਰ,
ਪਰ ਕਿਉਂ ਉਸੇ ਦਾ ਹੀ ਕੀਤਾ ਜਾਂਦਾ ਹੈ ਸ਼ਿਕਾਰ।
ਆਪਣੀ ਹੀ ਮਾਂ ਲੁੱਟਣ ਲੱਗੇ ਕੁੱਤਾ ਬਿਰਤੀ ਲੋਕ,
ਜਨਮ ਦੇਣ ਵਾਲੀ ਕਰੇ ਹੁਣ ਜਨਮ ਦੇਣ ਤੋਂ ਇਨਕਾਰ।
ਸੰਪਰਕ: 98784-38722
* * *
ਗ਼ਜ਼ਲ
ਡਾ. ਗੁਰਸੇਵਕ ਲੰਬੀ
ਟੁੱਟੀ ਮੈਂ ਡੋਰ ਗੰਢਾਂ, ਜੀਵਨ ਨੂੰ ਦੇਵਾਂ ਤੁਣਕੇ।
ਧਰਤੀ ਦਾ ਪੁੱਤ ਹੋ ਕੇ, ਪੀਂਦਾ ਹਾਂ ਪਾਣੀ ਪੁਣਕੇ।
ਹੱਥਾਂ ’ਚ ਮੇਰੇ ਖੰਜਰ, ਚਿਹਰੇ ’ਤੇ ਨਹੁੰਦਰਾਂ ਨੇ,
ਹਟਿਆ ਹਾਂ ਟੀਵੀ ਉੱਤੇ, ਅੱਜ ਦੀ ਖ਼ਬਰ ਸੁਣਕੇ।
ਇਸ ਮੁਲਕ ਦੇ ਨਸੀਬੀਂ, ਚੜ੍ਹਨਾ ਸੀ ਕਾਹਦਾ ਸੂਰਜ,
ਉਹ ਸੰਸਦਾਂ ’ਚ ਸੌਂ ਗਏ, ਭੇਜੇ ਸੀ ਜਿਹੜੇ ਚੁਣਕੇ।
ਪਾਵਾਂ ਤਾਂ ਚੁਭਨ ਹੁੰਦੀ, ਲਾਵ੍ਹਾਂ ਤਾਂ ਖ਼ੂਨ ਸਿੰਮੇ,
ਉਹ ਦੇ ਗਏ ਨੇ ਵਸਤਰ, ਸੂਲਾਂ ਦੇ ਨਾਲ ਬੁਣਕੇ।
ਸਾਡੇ ਨਾ ਨਾਪ ਆਈ, ਧੱਕਾ ਵੀ ਕਿੰਝ ਕਰਦੇ,
ਆਹ ਚੁੱਕ ਤੇਰੀ ਜਰਸੀ, ਭੇਜੀ ਸੀ ਜਿਹੜੀ ਉਣਕੇ।
ਮੱਥੇ ’ਚ ਜੇ ਨਾ ਹੋਵੇ, ਇੱਕ ਜੋਤ ਜਗਦੀ ਹੋਈ,
ਬਣਿਆ ਨ੍ਹੀਂ ਜਾਂਦਾ ਨਲੂਏ, ਡੌਲੇ ’ਤੇ ਸ਼ੇਰ ਖੁਣਕੇ।
ਸੰਪਰਕ: 99141-50353
* * *
ਚਿੱਟਾ ਰੰਗ ਲਹੂ ਦਾ ਹੋਇਆ
ਬਲਵਿੰਦਰ ਸਿੰਘ ਜੰਮੂ
ਇਹ ਕੈਸੀਆਂ ਹਵਾਵਾਂ ਨਾ ਠੰਢਕ ਦਾ ਅਹਿਸਾਸ।
ਇਹ ਕੈਸੀਆਂ ਘਟਾਵਾਂ ਨਾ ਬੱਦਲ ਬਰਸੇ ਖ਼ਾਸ।
ਇਹ ਕਿਹੇ ਲੋਕ ਚੁੱਪ ਚੁਪੀਤੇ ਕੋਲੋਂ ਲੰਘ ਜਾਂਦੇ,
ਨਾ ਦਿਲ ਦੇ ਹਾਲ ਸੁਣਦੇ ਨਾ ਆਪਣਾ ਸੁਣਾਉਂਦੇ।
ਚਿੱਟਾ ਰੰਗ ਲਹੂ ਦਾ ਹੋਇਆ ਕਿਹੇ ਵੇਲੇ ਆਏ,
ਆਪਣੇ ਹੋ ਗਏ ਦੂਰ, ਬੇਗਾਨਾ ਗਲ ਨਾਲ ਲਾਏ।
ਆਂਢ-ਗੁਆਂਢ ਦੀਆਂ ਸਾਂਝਾਂ ਵੀ ਹੁਣ ਮੁੱਕ ਗਈਆਂ,
ਪਿਆਰ ਵਾਲੀਆਂ ਉਸਰੀਆਂ ਕੰਧਾਂ ਢਹਿ ਪਈਆਂ।
ਇੱਕੋ ਵਿਹੜਾ ਸਾਂਝਾ ਚੁੱਲ੍ਹਾ ਰੀਤ ਹੋ ਗਈ ਪੁਰਾਣੀ,
ਮਿੱਤਰ ਵੀ ਦੂਰ ਹੋਏ ਰਿਹਾ ਨਾ ਕੋਈ ਦਿਲ ਜਾਨੀ।
ਮਹਿਲ ਚੁਬਾਰੇ ਸੱਖਣੇ ਸੱਖਣੇ ਆਵੇ ਨਾ ਕੋਈ ਜਾਵੇ,
ਘਰਾਂ ਵਿੱਚ ਕੈਦ ਹੋਈ ਜ਼ਿੰਦਗੀ ਤਨਹਾਈ ਸਤਾਵੇ।
ਕਿਹੜੇ ਪਾਸੇ ਉੱਡ ਗਈਆਂ ਪ੍ਰੀਤਾਂ ਮਾਰ ਉਡਾਰੀਆਂ,
ਮਤਲਬਪ੍ਰਸਤੀ ਦੀਆਂ ਤਿੱਖੀਆਂ ਹੋਈਆਂ ਆਰੀਆਂ।
ਅੱਜ ਮਹਿਫ਼ਲਾਂ ਦੇ ਦੌਰ ਮੁੱਕੇ ਖ਼ੁਸ਼ੀਆਂ ਦੇ ਲੋਰ ਮੁੱਕੇ,
’ਕੱਲੇ ’ਕੱਲੇ ਹੋ ਗਏ ਸਾਰੇ ਹਾਸੇ ਖੇੜਿਆਂ ਦੇ ਸ਼ੋਰ ਮੁੱਕੇ।
ਚਾਰ ਚੁਫ਼ੇਰੇ ਘੁੰਮਣ ਘੇਰੀਆਂ ਦਮ ਘੁਟਦਾ ਹੈ ਮੇਰਾ,
ਕੋਈ ਝੁੱਲੇ ਰੱਬਾ ਐਸੀ ਹਵਾ ਚੜ੍ਹੇ ਸੁੱਖ ਦਾ ਸਵੇਰਾ।
ਸੰਪਰਕ: 94196-36562
* * *
ਅੱਜ ਕੱਲ੍ਹ
ਹਰਪ੍ਰੀਤ ਕੌਰ ਭਾਨਰਾ
ਧਰਮਾਂ ਦੇ ਨਾਂ ’ਤੇ ਨਿੱਤ ਝਗੜੇ ਕਰਾਵੇ
ਕੀ ਚਾਹੁੰਦੀ ਹੈ ਪਤਾ ਨਹੀਂ ਸਰਕਾਰ ਅੱਜ ਕੱਲ੍ਹ
ਮੇਰੇ ਦੇਸ਼ ਨੂੰ ਨਜ਼ਰਾਂ ਲੱਗ ਗਈਆਂ ਨੇ
ਨਿੱਤ ਸੁਣਦੇ ਆਂ ਬੁਰੇ ਸਮਾਚਾਰ ਅੱਜ ਕੱਲ੍ਹ
ਮੁੰਡਿਆਂ ਛਡਤੇ ਪਜਾਮੇ ਚਾਦਰੇ ਨੇ
ਸਿਰ ’ਤੇ ਲੈਂਦੀ ਨਾ ਚੁੰਨੀ ਮੁਟਿਆਰ ਅੱਜ ਕੱਲ੍ਹ
ਵਲੈਤੀ ਬਾਣਿਆਂ ਨੂੰ ਭੱਜੇ ਦੱਸ ਕਿਓਂ ਫਿਰਦੇ
ਕੇਹੇ ਅਪਣਾ ਲਏ ਪੰਜਾਬੀਆਂ ਵਿਚਾਰ ਅੱਜ ਕੱਲ੍ਹ
ਮੁੰਡੇ ਚਾਚੇ ਦੇ ਨਾਲ ਧੀ ਤੋਰੀ ਤਾਏ ਦੀ
ਕੰਟਰੈਕਟ ਮੈਰਜਾਂ ਕਰਾ ਕੇ ਚਲੇ ਬਾਹਰ ਅੱਜ ਕੱਲ੍ਹ
ਪੰਜਾਬ ਛੱਡ ਕੇ ਜਾਣ ਲਈ ਕੀ ਕੀ ਕਰਦੇ
ਹੋਗੇ ਰਿਸ਼ਤਿਆਂ ਦੇ ਵੀ ਨੇ ਵਪਾਰ ਅੱਜ ਕੱਲ੍ਹ
ਰੋਕਾ ਟੋਕੀ ਨਾ ਕਰੋ ਸਾਨੂੰ ਕਿਸੇ ਗੱਲ ਦੀ
ਖੋਹ ਲਏ ਮਾਪਿਆਂ ਤੋਂ ਬੱਚਿਆਂ ਅਧਿਕਾਰ ਅੱਜ ਕੱਲ੍ਹ
ਦੇਓ ਚਾਬੀ ਬੁਲ੍ਹਟ ਦੀ, ਮੈਂ ਕੁਝ ਖਾ ਮਰ ਜਾਊਂ
ਬੱਚੇ ਹੋ ਗਏ ਨੇ ਖ਼ੁਦਮੁਖਤਿਆਰ ਅੱਜ ਕਲ੍ਹ
ਬਾਪੂ ਦਾ ਇੱਕ ਕੁੜਤਾ ਓਹ ਵੀ ਟਾਕੀਆਂ ਦਾ
ਪੁੱਤ ਬਰੈਂਡਡ ਸ਼ਰਟਾਂ ਲਈਆਂ ਚਾਰ ਚਾਰ ਅੱਜ ਕੱਲ੍ਹ
ਸ਼ਰਮ ਆਵੇ ਪਾਟੇ ਕੱਪੜੇ ਇਹ ਚੇਂਜ ਕਰ ਲਓ
ਪੰਜਾਬੀ ਬੋਲਦੇ ਮਾਪਿਆਂ ਨੂੰ ਦੱਸਦੇ ਗਵਾਰ ਅੱਜ ਕੱਲ੍ਹ
ਇਹ ਕੈਸਾ ਮਾਤਮ ਛਾਇਆ ਮੇਰੇ ਡਾਢਿਆ
ਹਰ ਕੋਨੇ ’ਚ ਹੈ ਮਚੀ ਹਾਹਾਕਾਰ ਅੱਜ ਕੱਲ੍ਹ
ਭਾਈ ਭਾਈ ਦਾ ਬਣਿਆ, ਪੁੱਤ ਪਿਓ ਵੈਰੀ
ਦਿਲੀਂ ਨਫ਼ਰਤ ਵਧਦੀ ਜਾਏ ਲਗਾਤਾਰ ਅੱਜ ਕੱਲ੍ਹ
ਸੰਪਰਕ: 98763-76232
* * *
ਤੇਰੀ ਜ਼ਮੀਰ ਤੇਰਾ ਕੁਨਬਾ
ਚਰਨਜੀਤ ਸਮਾਲਸਰ
ਤੇਰੀ ਜ਼ਮੀਰ ਤੇਰਾ ਕੁਨਬਾ ਉਸ ਦਿਨ ਮਰ ਗਿਆ ਸੀ।
ਨਗਨ ਚੀਕਾਂ ਦਾ ਸ਼ੌਰ ਜਿਸ ਦਿਨ ਅੰਬਰੀਂ ਚੜ੍ਹ ਗਿਆ ਸੀ।
ਤੇਰੀ ਚੁੱਪ ਨੇ ਵੀ ਤਾਂ ਜਾ ਕੇ ਉਨ੍ਹਾਂ ਦਾ ਹੀ ਸਮਰਥਨ ਕੀਤਾ ਹੈ
ਜਿਨ੍ਹਾਂ ਦੀ ਕਿਸ਼ਤੀ ’ਚ ਬਹਿ ਤੂੰ ਰਾਜਨੀਤੀ ਕਰ ਗਿਆ ਸੀ।
ਧਰਤੀ ਕੰਬੀ ਅੰਬਰ ਰੋਇਆ ਤੇਰੀ ਅੱਖ ’ਚੋਂ ਨਾ ਹੰਝੂ ਚੋਇਆ
ਜਾਂ ਫਿਰ ਪਾਕਾ ਹੋਇਆ ਜਾਂ ਜੀਭ ’ਤੇ ਕੋਈ ਠੂੰਹਾਂ ਧਰ ਗਿਆ ਸੀ।
ਜਲ਼ਦੇ ਬਾਗ਼ ਨੂੰ ਸੁੰਨਾ ਛੱਡ ਗਿਐਂ, ਉਏ ਮਾਲੀਆ ਤੂੰ ਕਿੱਥੇ ਭੱਜ ਗਿਐਂ
ਜਿਸਮਾਂ ਦੇ ਵਿੱਚ ਪਾਰਾ ਪਾ ਕੇ ਖ਼ੁਦ ਤੂੰ ਬਰਫ਼ ਦੇ ਵਾਂਗੂੰ ਠਰ ਗਿਆ ਸੀ।
ਬਣ ਕੇ ਆਏ ਉਹ ਸ਼ੁਦਾਈ ਜਿੱਥੇ-ਜਿੱਥੇ ਉਨ੍ਹਾਂ ਅੱਗ ਹੈ ਲਾਈ
ਤੈਥੋਂ ਨਾ ਇਹ ਗਈ ਬੁਝਾਈ, ਓ ਬੱਦਲਾ ਤੂੰ ਕਿੱਥੇ ਵਰ੍ਹ ਗਿਆ ਸੀ।
ਹਸਤਿਨਾਪੁਰ ਤੋਂ ਵੀ ਜ਼ਿਆਦਾ ਤੇਰਾ ਇਹ ਸ਼ਹਿਰ ਸ਼ਰਮਸ਼ਾਰ ਹੈ ਹੋਇਆ
ਭੀੜ ਦਾ ਹੱਠ ਵਸਤਰਾਂ ਦਾ ਨਹੀਂ ਜਿਸਮਾਂ ਦਾ ਚੀਰ ਹਰਨ ਕਰ ਗਿਆ ਸੀ।
ਸੰਪਰਕ: 98144-00878