ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਗੋਲੀਆਂ ਮਾਰ ਕੇ ਹੱਤਿਆ
ਪੱਤਰ ਪ੍ਰੇਰਕ
ਮੁਕੇਰੀਆਂ, 30 ਜੂਨ
ਅਮਰੀਕਾ ਦੇ ਕੈਲੀਫੋਰਨੀਆ ਦੀ ਵਿਕਟਰ ਵੈਲੀ ਦੇ ਸਟੋਰ ਵਿੱਚ ਕੰਮ ਕਰਦੇ ਪਿੰਡ ਆਲੋ ਭੱਟੀ ਦੇ ਇੱਕ ਨੌਜਵਾਨ ਦੀ ਅੱਜ ਸਵੇਰੇ ਕਰੀਬ 8 ਵਜੇ (ਭਾਰਤੀ ਸਮੇਂ ਅਨੁਸਾਰ) ਇਕ ਮੈਕਸਿਕਨ ਨੌਜਵਾਨ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਦੋਵਾਂ ਦਰਮਿਆਨ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਵਾਪਰੀ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਵੀਨ ਕੁਮਾਰ (27 ਸਾਲ) ਵਜੋਂ ਹੋਈ ਹੈ। ਉਸ ਦੇ ਚਾਚਾ ਸੂਰਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਅਜੀਤ ਸਿੰਘ ਦੀ 2004 ਵਿੱਚ ਮੌਤ ਹੋ ਚੁੱਕੀ ਹੈ ਅਤੇ ਭਤੀਜੇ ਪ੍ਰਵੀਨ ਦਾ ਪਾਲਣ ਪੋਸ਼ਣ ਉਨ੍ਹਾਂ ਹੀ ਕੀਤਾ ਸੀ। ਪ੍ਰਵੀਨ ਕੁਮਾਰ 2017 ਵਿੱਚ ਰੁਜ਼ਗਾਰ ਖਾਤਰ ਅਮਰੀਕਾ ਗਿਆ ਸੀ ਜੋ ਆਪਣੀ ਰਿਹਾਇਸ਼ ਦੇ ਨੇੜੇ ਹੀ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅਮਰੀਕੀ ਸਮੇਂ ਅਨੁਸਾਰ ਰਾਤ ਕਰੀਬ 8 ਵਜੇ ਜਦੋਂ ਉਹ ਸਟੋਰ ਬੰਦ ਕਰ ਰਿਹਾ ਸੀ ਤਾਂ ਮੈਕਸਿਕਨ ਨੌਜਵਾਨ ਆਇਆ ਅਤੇ ਨਸ਼ੀਲਾ ਪਦਾਰਥ ਤੇ ਪੈਸਿਆਂ ਦੀ ਮੰਗ ਕਰਨ ਲੱਗਾ ਜਦਕਿ ਨਿਯਮਾਂ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਕਿਸੇ ਨੌਜਵਾਨ ਨੂੰ ਨਸ਼ੀਲਾ ਪਦਾਰਥ ਆਦਿ ਦੇਣ ਦੀ ਮਨਾਹੀ ਹੈ। ਉਮਰ ਦਾ ਸਬੂਤ ਨਾ ਦੇਣ ’ਤੇ ਉਸ ਨੇ ਇਨਕਾਰ ਕਰ ਦਿੱਤਾ। ਇਸ ਦੌਰਾਨ ਦੋਵਾਂ ਦਰਮਿਆਨ ਹਲਕੀ ਤਕਰਾਰ ਹੋੲੀ ਤੇ ਜਦੋਂ ਪ੍ਰਵੀਨ ਕੁਮਾਰ ਸਟੋਰ ਬੰਦ ਕਰਕੇ ਜਾਣ ਲੱਗਾ ਤਾਂ ਉਕਤ ਨੌਜਵਾਨ ਨੇ ਗੋਲੀਆਂ ਮਾਰ ਦਿੱਤੀਆਂ। ਪ੍ਰਵੀਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਵੀਨ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।