ਯਾਦਾਂ ’ਚ ਵਸਿਆ ‘ਪੰਜਾਬੀ ਟ੍ਰਿਬਿਊਨ’
ਯਾਦਾਂ ’ਚ ਵਸਿਆ ‘ਪੰਜਾਬੀ ਟ੍ਰਿਬਿਊਨ’
ਮੈਂ 15 ਅਗਸਤ 1978 ਤੋਂ ਹੀ ‘ਪੰਜਾਬੀ ਟ੍ਰਿਬਿਊਨ’ ਨਾਲ ਪਾਠਕ ਵਜੋਂ ਜੁੜਿਆ ਆ ਰਿਹਾ ਹਾਂ। ਇਸੇ ਸਮੇਂ ਦੌਰਾਨ ਮੈਂ ਫਰਵਰੀ 1979 ’ਚ ਮੁਹਾਲੀ ਵਿਖੇ ਸਵਰਾਜ ਟਰੈਕਟਰ ਫੈਕਟਰੀ ’ਚ ਨੌਕਰੀ ਸ਼ੁਰੂ ਕੀਤੀ ਤੇ ਉੱਥੇ ਵੀ ਅਖ਼ਬਾਰ ਦਾ ਪਾਠਕ ਰਿਹਾ। ਉਪਰੰਤ ਅਕਤੂਬਰ 1981 ’ਚ ਮੈਂ ਰੁਜ਼ਗਾਰ ਦੇ ਚੱਕਰ ’ਚ ਤ੍ਰਿਪੋਲੀ (ਲਿਬੀਆ) ਗਿਆ। ਉੱਥੇ ਵੀ ਹਰ ਸ਼ੁੱਕਰਵਾਰ ਨੂੰ ਤ੍ਰਿਪੋਲੀ ਸਥਿਤ ਭਾਰਤੀ ਸਫ਼ਾਰਤਖਾਨੇ ਦੇ ਡਿਪਲੋਮੈਟ ਬੈਗ ’ਚ ਆਉਂਦੇ ਅਖ਼ਬਾਰਾਂ ’ਚੋਂ ‘ਪੰਜਾਬੀ ਟ੍ਰਿਬਿਊਨ’ ਪੜ੍ਹਨ ਲਈ ਮਿਲਦਾ ਰਿਹਾ। ਫਿਰ ਅਪਰੈਲ 1984 ’ਚ ਭਾਰਤ ਪਰਤ ਕੇ ਇਸ ਨਾਲ ਜੁੜਿਆ ਅਤੇ ਅਗਸਤ 1986 ’ਚ ਅਖ਼ਬਾਰ ਦੇ ‘ਸੰਪਾਦਕ ਦੀ ਡਾਕ’ ਕਾਲਮ ਲਈ ਖ਼ਤ ਲਿਖਣੇ ਸ਼ੁਰੂ ਕੀਤੇ। ਮੇਰੇ ਵੱਲੋਂ ਭੇਜੇ ਪਹਿਲੇ ਦੋ ਖਤ 19 ਅਗਸਤ 1986 ਨੂੰ ਛਪੇ। ਉਦੋਂ ਤੋਂ ਹੀ ਮੈਂ ਲਗਾਤਾਰ ਖ਼ਤ ਲਿਖਦਾ ਆ ਰਿਹਾ ਹਾਂ। ਇਸੇ ਸਮੇਂ ਦੌਰਾਨ ਭੇਜੇ ਗਏ ਖ਼ਤ ਛਪਣ ਨਾਲ ਕੁਝ ਹੋਰ ਲਿਖਣ ਲਈ ਉਤਸ਼ਾਹਿਤ ਹੋਇਆ ਤੇ ਵਿਦੇਸ਼ ਵਿੱਚ ਬਿਤਾਏ ਸਮੇਂ ਦੌਰਾਨ ਵਾਪਰੀਆਂ ਦੋ ਘਟਨਾਵਾਂ ਨੂੰ ਅੰਕਿਤ ਕਰਕੇ ਅਖ਼ਬਾਰ ’ਚ ਛਪਣ ਲਈ ਭੇਜਿਆ ਜਿਨ੍ਹਾਂ ’ਚੋਂ ਇੱਕ ‘ਵਿਦੇਸ਼ ’ਚ ਫੁੱਟਪਾਥ ’ਤੇ ਕੱਟੀ ਰਾਤ’ 13 ਅਕਤੂਬਰ 2000 ਨੂੰ ਅਤੇ ‘ਵਿਦੇਸ਼ ’ਚ ਦਸਤਾਰ ਸਦਕਾ ਮਿਲਿਆ ਸਤਿਕਾਰ’ 11 ਮਈ 2001 ਨੂੰ ਛਪੀ। ਸ਼੍ਰੋਮਣੀ ਕਮੇਟੀ ਬਾਰੇ ਲਿਖਿਆ ਲੇਖ ‘ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਲਈ ਠੋਸ ਨੀਤੀ ਉਲੀਕੇ’ 4 ਅਪਰੈਲ 2000 ਦੇ ਪਰਚੇ ’ਚ ਛਪਿਆ। ਮੈਂ ਨਿਰੰਤਰ ‘ਪੰਜਾਬੀ ਟ੍ਰਿਬਿਊਨ’ ਦਾ ਪਾਠਕ ਚਲਿਆ ਆ ਰਿਹਾ ਹਾਂ।
ਇਹ ਕੌੜਾ ਸੱਚ ਹੈ ਕਿ ਅਖ਼ਬਾਰ ਦੀ ਕੀਮਤ ਨਾਲੋਂ ਵਧੇਰੇ ਖਰਚ ਅਖ਼ਬਾਰ ਦੀ ਛਪਾਈ ’ਤੇ ਅਦਾਰੇ ਨੂੰ ਕਰਨਾ ਪੈਂਦਾ ਹੈ, ਪਰ ਫਿਰ ਵੀ ਪਿਛਲੇ ਸਮੇਂ ’ਚ ਇਸ ਦੀ ਕੀਮਤ ’ਚ ਕੀਤਾ ਗਿਆ ਵਾਧਾ ਥੋੜ੍ਹਾ ਚੁੱਭਦਾ ਜ਼ਰੂਰ ਹੈ। ਫਿਰ ਵੀ ਉਮੀਦ ਹੈ ਕਿ ਅਦਾਰੇ ਦੇ ਪ੍ਰਬੰਧਕ ਪਾਠਕ ਵਜੋਂ ਮੇਰੀ ਇਸ ਗੱਲ ਵੱਲ ਧਿਆਨ ਜ਼ਰੂਰ ਦੇਣਗੇ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਮੁਹਾਂਦਰੇ ਅੱਜ ਵੀ ਯਾਦ
‘ਪੰਜਾਬੀ ਟ੍ਰਿਬਿਊਨ’ ਵੱਲੋਂ ਆਪਣੇ ਪਾਠਕਾਂ ਨੂੰ ਅਖ਼ਬਾਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨ ਦੇ ਸੱਦੇ ਨੇ ਮੈਨੂੰ ਮੇਰੀ ‘ਪੰਜਾਬੀ ਟ੍ਰਿਬਿਊਨ’ ਨਾਲ ਪਈ ਸਾਂਝ ਦੇ ਦਿਨ ਯਾਦ ਕਰਵਾ ਦਿੱਤੇ ਹਨ। ‘ਪੰਜਾਬੀ ਟ੍ਰਿਬਿਊਨ’ ਨਾਲ ਮੇਰਾ ਸਬੰਧ 1982 ਤੋਂ ਹੈ। ਮੈਂ ਉਸ ਵੇਲੇ ਅੱਠਵੀਂ ਜਮਾਤ ਦਾ ਵਿਦਿਆਰਥੀ ਹੋਵਾਂਗਾ, ਜਦੋਂ ਧੂਰੀ ਦੇ ਨਗਰਪਾਲਿਕਾ ਦਫ਼ਤਰ ਵਿੱਚ ਸਥਿਤ ਲਾਇਬਰੇਰੀ ਵਿੱਚ ਨਿਯਮਿਤ ਪਾਠਕ ਵਜੋਂ ਇਸ ਅਖ਼ਬਾਰ ਨਾਲ ਸਾਂਝ ਪਈ। ਇਹ ਸਾਂਝ ਉਦੋਂ ਤੋਂ ਲੈ ਕੇ ਅੱਜ ਤੱਕ ਬਰਕਰਾਰ ਹੈ। ਨਗਰਪਾਲਿਕਾ ਦੀ ਲਾਇਬਰੇਰੀ ਦੇ ਬਾਹਰ ਹਰੇ ਘਾਹ ਦਾ ਮੈਦਾਨ ਹੁੰਦਾ ਸੀ ਜੋ ਉਸ ਵੇਲੇ ਪਾਠਕਾਂ ਨਾਲ ਭਰਿਆ ਹੁੰਦਾ। ਹੁਣ ਤਾਂ ਇਸ ਲਾਇਬਰੇਰੀ ਨੂੰ ਹੀ ਇੱਥੋਂ ਨਿਕਾਲਾ ਦਿੱਤਾ ਜਾ ਚੁੱਕਾ ਹੈ। ਸਕੂਲੀ ਪੜ੍ਹਾਈ ਦੇ ਬਾਵਜੂਦ ਉਸ ਲਾਇਬਰੇਰੀ ਵਿੱਚ ਜਾਣਾ ਮੇਰਾ ਨਿੱਤਨੇਮ ਬਣ ਗਿਆ ਸੀ। ਐਤਵਾਰ ਨੂੰ ਸਵੇਰੇ ਕੇਸੀਂ ਨਹਾ ਕੇ ਲਾਇਬਰੇਰੀ ਪਹੁੰਚਣ ਦਾ ਵੱਖਰਾ ਹੀ ਚਾਅ ਹੁੰਦਾ। ਮੈਨੂੰ ਉਸ ਵੇਲੇ ‘ਪੰਜਾਬੀ ਟ੍ਰਿਬਿਊਨ’ ਅਤੇ ਹੋਰ ਪੰਜਾਬੀ ਅਖ਼ਬਾਰਾਂ ਵਿੱਚ ਛਪਣ ਵਾਲੇ ਵੱਖ ਵੱਖ ਕਾਲਮਾਂ ਦੇ ਨਾਮ ਤੇ ਦਿਨ, ਉਨ੍ਹਾਂ ਦੇ ਲੇਖਕਾਂ ਦੇ ਨਾਮ ਯਾਦ ਹਮੇਸ਼ਾ ਰਹਿੰਦੇ ਸਨ ਤੇ ਹਰੇਕ ਦੀ ਉਡੀਕ ਰਹਿੰਦੀ ਸੀ। ਨਿੱਕੀ ਉਮਰ ਤੋਂ ਹੀ ‘ਪੰਜਾਬੀ ਟ੍ਰਿਬਿਊਨ’ ਵਿੱਚ ਪੜ੍ਹੇ ਲੇਖਾਂ, ਸੰਪਾਦਕੀਆਂ, ਸਾਹਿਤਕ ਰਚਨਾਵਾਂ ਤੋਂ ਹਮੇਸ਼ਾ ਆਮ ਜਾਣਕਾਰੀ ਹਾਸਲ ਹੋਈ, ਜਿਸ ਨੇ ਸਮੇਂ ਸਿਰ ਨੌਕਰੀ ਹਾਸਲ ਕਰਨ ਵਿੱਚ ਵੀ ਯੋਗਦਾਨ ਪਾਇਆ। ਇਸ ਦੇ ਨਾਲ ਹੀ ਨਾਲ ਸਮਾਜਿਕ/ਰਾਜਨੀਤਕ ਸੂਝ-ਬੂਝ ਵੀ ਵਿਕਸਿਤ ਹੋਈ ਜਿਸ ਨੇ ਅੰਧ-ਵਿਸ਼ਵਾਸਾਂ, ਫ਼ਿਰਕਾਪ੍ਰਸਤੀ, ਧਾਰਮਿਕ ਸੰਕੀਰਣਤਾ ਤੋਂ ਮੁਕਤ ਜੀਵਨ ਜਿਊਣ ਦੇ ਰਾਹ ਪਾਇਆ। ਨੌਕਰੀ ਮਿਲਣ ਉਪਰੰਤ ਆਪਣੇ ਘਰ ‘ਪੰਜਾਬੀ ਟ੍ਰਿਬਿਊਨ’ ਲਗਵਾਉਣ ਤੇ ਇਸ ਦੇ ਪਹਿਲੇ ਦਿਨ ਘਰ ਆਉਣ ਦਾ ਅਤੇ ਕਈ ਸਾਲ ਇਸ ਦੇ ਸਾਰੇ ਅੰਕ ਸਟੈਪਲ ਕਰਕੇ ਸੰਭਾਲ ਕੇ ਰੱਖਣ ਦੇ ਝੱਲ ਦਾ ਆਨੰਦ ਅੱਜ ਵੀ ਯਾਦ ਹੈ। ਉਸ ਵੇਲੇ ਦੇ ਪੰਜਾਬੀ ਦੇ ਚਾਰ ਮੋਹਰੀ ਪੰਜਾਬੀ ਅਖ਼ਬਾਰਾਂ ਵਿੱਚੋਂ ‘ਪੰਜਾਬੀ ਟ੍ਰਿਬਿਊਨ’ ਅੱਜ ਵੀ ਇੱਕੋ ਇੱਕ ਨਿਵੇਕਲਾ ਅਖ਼ਬਾਰ ਹੈ, ਜਿਸ ਨੇ ਆਪਣੀ ਭਰੋਸਯੋਗਤਾ, ਨਿਰਪੱਖਤਾ ਅਤੇ ਨਿਡਰਤਾ ’ਤੇ ਆਂਚ ਨਹੀਂ ਆਉਣ ਦਿੱਤੀ। ਇਸ ਵਿੱਚ ਸਮੇਂ ਸਮੇਂ ਛਪਦੇ ਰਹੇ ਮਹਾਨ ਲੇਖਕਾਂ ਤੇ ਉਨ੍ਹਾਂ ਦੀਆਂ ਲਿਖਤਾਂ ਦੇ ਪਾਤਰ ਜਿਵੇਂ ਗੁਰਦੇਵ ਸਿੰਘ ਰੁਪਾਣਾ ਦੇ ਲੜੀਵਾਰ ਨਾਵਲ ‘ਕੇਸਰੀ ਦਾਲ’ ਦਾ ਪਾਤਰ ਜੱਸਾ ਅਤੇ ਸ਼ਾਮ ਸਿੰਘ ਦੇ ਕਾਲਮ ‘ਅੰਗ ਸੰਗ’ ਹੁਣ ਵੀ ਯਾਦਾਂ ਵਿੱਚ ਸਾਵੇਂ ਸਾਕਾਰ ਹੋ ਜਾਂਦੇ ਹਨ। ਯਾਦਗਾਰੀ ਕਾਲਮਾਂ ਵਿੱਚ ‘ਖੁੱਲ੍ਹੀਆਂ ਗੱਲਾਂ’ ਤੇ ‘ਯਾਦਾਂ ਗੰਜੀ ਬਾਰ ਦੀਆਂ’, ਲੇਖਕਾਂ ਵਿੱਚੋਂ ਹਰਚੰਦ ਸਿੰਘ ਸਰਹਿੰਦੀ, ਤਰਲੋਕ ਮਨਸੂਰ, ਹਰਭਜਨ ਹਲਵਾਰਵੀ, ਜਸਬੀਰ ਭੁੱਲਰ, ਦਲਬੀਰ ਸਿੰਘ ਦਾ ਕਾਲਮ ‘ਸੱਚੋ ਸੱਚ’ ਅਤੇ ਉਸ ਦੇ ਹੋਰ ਲੇਖ, ‘ਅੱਠਵਾਂ ਕਾਲਮ’ ਆਦਿ ਸਦੀਵੀ ਮਹੱਤਤਾ ਰੱੱਖਦੇ ਹਨ। ਉਦੋਂ ਪਾਠਕਾਂ ਦੇ ਪੱਤਰਾਂ ਨੂੰ ‘ਰਾਵਾਂ ਤੇ ਸ਼ਿਕਾਇਤਾਂ’ ਸਿਰਲੇਖ ਤਹਿਤ ਛਾਪਿਆ ਜਾਂਦਾ ਸੀ। ਇੱਕ ਡਾਕਟਰ ਦਾ ਕਾਲਮ ਵੀ ਛਪਦਾ ਸੀ। ਰਮਨ ਦੇ ‘ਪ੍ਰਾਣ’ ਅਤੇ ਪ੍ਰਕਾਸ਼ ਦੇ ਪੈਨਸਿਲ ਸਕੈੱਚਾਂ ਦੇ ਮੁਹਾਂਦਰੇ ਅੱਜ ਵੀ ਯਾਦ ਹਨ। ਸੈਂਸਰਸ਼ਿਪ ਵੇਲੇ ਪੰਨੇ ਦਾ ਬਣਦਾ ਹਿੱਸਾ ਬਿਲਕੁਲ ਖਾਲੀ ਛੱਡ ਕੇ ‘ਸੈਂਸਰ ਦੀ ਭੇਟ’ ਲਿਖਣ ਨਾਲ ਕਾਫ਼ੀ ਕੁਝ ਅਣਕਿਹਾ ਵੀ ਕਹਿਣ ਦਾ ਇੱਕ ਢੰਗ ਸੀ। ਸਮਾਂ ਨਾ ਰੁਕਿਆ ਹੈ ਤੇ ਨਾ ਰੁਕਣਾ ਹੈ- ਅੱਜ ਨੇ ਵੀ ਕੱਲ੍ਹ ਵਿੱਚ ਬਦਲਣ ਜਾਣਾ ਹੈ। ਪਰ ਕੀਮਤੀ ਵਿਚਾਰ ਤੇ ਉੱਚਾ ਕਿਰਦਾਰ ਸਦਾ ਲਿਸ਼ਕਦੇ ਰਹਿੰਦੇ ਹਨ, ਜੋ ਪਿੱਛੇ ਰਹਿ ਕੇ ਵੀ ਰਸਤਾ ਦਿਖਾਉਂਦੇ ਰਹਿੰਦੇ ਹਨ। ‘ਪੰਜਾਬੀ ਟ੍ਰਿਬਿਊਨ’ ਦਾ ਬੀਤਿਆ ਸਮਾਂ ਵੀ ਕੁਝ ਅਜਿਹਾ ਹੀ ਹੈ।
ਤਰਸੇਮ ਸਿੰਘ ਧੂਰੀ