For the best experience, open
https://m.punjabitribuneonline.com
on your mobile browser.
Advertisement

ਯਾਦਾਂ ’­ਚ ਵਸਿਆ ‘ਪੰਜਾਬੀ ਟ੍ਰਿਬਿਊਨ’

08:15 AM Oct 06, 2024 IST
ਯਾਦਾਂ ’­ਚ ਵਸਿਆ ‘ਪੰਜਾਬੀ ਟ੍ਰਿਬਿਊਨ’
Advertisement

ਲੰਮੀ ਸਾਂਝ

‘ਪੰਜਾਬੀ ਟ੍ਰਿਬਿਊਨ’ ਦਾ ਨਾਂ ਸੁਣਦਿਆਂ ਹੀ ਇਸ ਅਖ਼ਬਾਰ ਨਾਲ ਲੰਮੀ ਸਾਂਝ ਦੀ ਰੀਲ ਦਿਮਾਗ਼ ਵਿੱਚ ਘੁੰਮ ਜਾਂਦੀ ਹੈ। ਬਚਪਨ ਵਿੱਚ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ। ਫਿਰ ਕਿਸੇ ਹੋਰ ਅਖ਼ਬਾਰ ਦਾ ਮਿਆਰ ਇਸ ਦੇ ਤੁੱਲ ਨਾ ਜਾਪਿਆ। ਹਫ਼ਤਾਵਾਰੀ ਮੈਗਜ਼ੀਨ ਦੀ ਉਡੀਕ ਰਹਿੰਦੀ ਸੀ। ਇਸ ਨੂੰ ਪੜ੍ਹ ਕੇ ਅਗਲਾ ਐਤਵਾਰ ਉਡੀਕਣ ਲੱਗ ਜਾਂਦੇ। ਥੋੜ੍ਹੀ ਸੂਝ ਆਈ ਤਾਂ ਇਸ ਵਿੱਚ ਛਪੀਆਂ ਰਚਨਾਵਾਂ ਬਾਰੇ ਟਿੱਪਣੀਆਂ ‘ਸੰਪਾਦਕ ਦੀ ਡਾਕ’ ਵਿੱਚ ਭੇਜਣ ਲੱਗਾ। ਕਈ ਵਾਰ ਮੇਰੀ ਟਿੱਪਣੀ ਡੱਬੀ ਵਿੱਚ ਛਪੀ ਹੁੰਦੀ। ਫਿਰ ਮੈਂ ਚਲੰਤ ਮਾਮਲਿਆਂ ਬਾਰੇ ਲਿਖਣਾ ਸ਼ੁਰੂ ਕੀਤਾ। ਛਪਣ ਨਾਲ ਹੌਸਲਾ ਹੋਰ ਵਧ ਗਿਆ। ਇਸੇ ਆਧਾਰ ’ਤੇ ਮਿਲੇ ਅੰਕਾਂ ਦੀ ਬਦੌਲਤ ਮੈਨੂੰ ਕਾਲਜ ਮੈਗਜ਼ੀਨ ਦਾ ਸੰਪਾਦਕ ਚੁਣਿਆ ਗਿਆ। ਇਸ ਮਗਰੋਂ ਮੇਰੇ ਲੇਖਾਂ ਅਤੇ ਕਾਵਿ ਰਚਨਾਵਾਂ ਨੂੰ ਅਖ਼ਬਾਰ ਦੇ ਵੱਖ ਵੱਖ ਪੰਨਿਆਂ ’ਤੇ ਥਾਂ ਮਿਲਣ ਲੱਗੀ। ਸੇਵਾ ਫਲ਼ ਦਾ ਚੈੱਕ ਵੀ ਮਿਲਦਾ। ਹੁਣ ਵੀ ਮਿਹਨਤ ਨਾਲ ਲਿਖੀ ਹਰ ਰਚਨਾ ਲਈ ਪਹਿਲੀ ਤਰਜੀਹ ‘ਪੰਜਾਬੀ ਟ੍ਰਿਬਿਊਨ’ ਹੀ ਹੁੰਦਾ ਹੈ। ਆਪਣੇ ਲਿਖੇ ਲੇਖਾਂ ਵਾਲੇ ਅਖ਼ਬਾਰ ਅਤੇ ਸੰਪਾਦਕ ਸਹਿਬਾਨ ਸ੍ਰੀ ਸਿੱਧੂ ਦਮਦਮੀ ਅਤੇ ਸ਼ੰਗਾਰਾ ਸਿੰਘ ਭੁੱਲਰ ਦੇ ਦਸਤਖਤਾਂ ਹੇਠ ਸੰਖੇਪ ਜਿਹੇ ਪੱਤਰ ਵੀ ਮੈਂ ਸਾਂਭੇ ਹੋਏ ਹਨ। ਰਚਨਾਵਾਂ ਛਪਣ ਮਗਰੋਂ ਪਾਠਕਾਂ, ਵਿਦਵਾਨਾਂ, ਕਾਲਜ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਹਿਬਾਨ, ਅਧਿਕਾਰੀਆਂ, ਅਧਿਆਪਕਾਂ, ਲੇਖਕਾਂ ਅਤੇ ਰਾਜਨੀਤਕ ਹਸਤੀਆਂ ਦੇ ਫੋਨ ਅਤੇ ਖ਼ਤ ਵੀ ਆਉਂਦੇ ਹਨ। ਕੁਝ ਰਚਨਾਵਾਂ ਬਾਅਦ ਤਾਂ ਫੋਨਾਂ ਦੀ ਝੜੀ ਲੱਗ ਜਾਂਦੀ। ਸੋਹੀਆਂ ਰੇਲ ਕਤਲੇਆਮ (ਨੇੜੇ ਜਗਰਾਉਂ) ਵਿੱਚ ਬੇਦੋਸ਼ੇ ਲੋਕਾਂ ਨੂੰ ਕਾਤਲਾਂ ਤੋਂ ਬਚਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰਨ ਵਾਲੇ ਅੰਮ੍ਰਿਤਧਾਰੀ ਨੌਜਵਾਨ ਜੋਗਿੰਦਰ ਸਿੰਘ ਦੀ ਕਹਾਣੀ ਬਿਆਨ ਕਰਦਾ ਮੇਰਾ ਲਿਖਿਆ ਮਿਡਲ ਛਪਿਆ ਤਾਂ ਕਈ ਦਿਨ ਫੋਨ ਆਉਂਦੇ ਰਹੇ। ਸਭ ਤੋਂ ਹਿਰਦੇਵੇਧਕ ਫੋਨ ਜੋਗਿੰਦਰ ਸਿੰਘ ਦੇ ਭਰਾ ਦਾ ਸੀ। ਫੋਨ ’ਤੇ ਹੈਲੋ ਕਹਿੰਦਿਆਂ ਉਸ ਸੱਜਣ ਨੇ ਕਿਹਾ, ‘‘ਮੈਂ ਜੋਗਿੰਦਰ ਸਿੰਘ ਦਾ ਭਰਾ ਹਾਂ।’’ ਉਸ ਤੋਂ ਬਾਅਦ ਉਹ ਫੁੱਟ ਫੁੱਟ ਰੋਣ ਲੱਗ ਪਿਆ, ਕਿੰਨਾ ਚਿਰ ਗੱਲ ਨਾ ਕਰ ਸਕਿਆ। ਮੇਰੇ ਹੌਸਲਾ ਦੇਣ ’ਤੇ ਉਨ੍ਹਾਂ ਗੱਲ ਕੀਤੀ ਅਤੇ ਕਿਹਾ ਕਿ ਜੇ ਜਗਰਾਉਂ ਵੱਲ ਗੇੜਾ ਲੱਗੇ ਤਾਂ ਕੋਠੇ ਰਾਹਲ਼ਾਂ ਮਿਲ ਕੇ ਜਾਵਾਂ।
‘ਪੰਜਾਬੀ ਟ੍ਰਿਬਿਊਨ’ ਵਿੱਚ ਲਗਾਤਾਰ ਛਪਣ ਕਾਰਨ ਕਈ ਲੇਖਕ ਮਿੱਤਰ ਪੁੱਛਦੇ, ‘‘ਤੁਹਾਡਾ ਉੱਪਰ ਕੋਈ ਬੈਠਾ ਟ੍ਰਿਬਿਊਨ ਵਿੱਚ?’’ ਮੈਂ ਹੱਸ ਕੇ ਆਖ ਦਿੰਦਾ, ‘‘ਹਾਂ ਜੀ ਸਾਰੇ ਈ ਆਪਣੇ ਬੈਠੇ ਨੇ।’’ ਫਿਰ ਮੈਂ ਸਪੱਸ਼ਟ ਕਰਦਾ ਕਿ ਜੇਕਰ ਤੁਸੀਂ ਮਿਹਨਤ ਨਾਲ ਕੋਈ ਲਿਖਤ ਲਿਖ ਕੇ ਭੇਜੋਗੇ ਤਾਂ ਉੱਪਰ ਬੈਠੇ ਬਿਨਾਂ ਕਿਸੇ ਸਿਫ਼ਾਰਸ਼ ਤੋਂ ਚੁਣ ਕੇ ਛਾਪ ਦੇਣਗੇ। ਦੂਰ ਨੇੜੇ ਕਿਤੇ ਸਾਹਿਤਕ ਪ੍ਰੋਗਰਾਮ ਵਿੱਚ ਜਾਈਏ ਤਾਂ ਕਈ ਸੱਜਣ ਅਜਿਹੇ ਮਿਲਦੇ ਹਨ ਜੋ ਨਿੱਜੀ ਤੌਰ ’ਤੇ ਬੇਸ਼ੱਕ ਮੈਨੂੰ ਨਹੀਂ ਜਾਣਦੇ ਹੁੰਦੇ, ਪਰ ‘ਪੰਜਾਬੀ ਟ੍ਰਿਬਿਊਨ’ ਦੀ ਬਦੌਲਤ ਮੇਰਾ ਨਾਮ ਜਾਣਦੇ ਹੁੰਦੇ ਹਨ।

Advertisement

ਕੁਲਵੰਤ ਰਿਖੀ, ਪਾਤੜਾਂ (ਪਟਿਆਲਾ)

Advertisement

Advertisement
Author Image

sukhwinder singh

View all posts

Advertisement