For the best experience, open
https://m.punjabitribuneonline.com
on your mobile browser.
Advertisement

ਯਾਦਾਂ ’­ਚ ਵਸਿਆ ‘ਪੰਜਾਬੀ ਟ੍ਰਿਬਿਊਨ’

06:48 AM Sep 29, 2024 IST
ਯਾਦਾਂ ’­ਚ ਵਸਿਆ ‘ਪੰਜਾਬੀ ਟ੍ਰਿਬਿਊਨ’
Advertisement

ਮੇਰਾ ਖ਼ਾਸ ਸਾਥੀ

ਕਾਲਜ ਪੜ੍ਹਦੇ ਸਮੇਂ ਮੈਂ ਲਾਇਬਰੇਰੀ ਵਿੱਚ ਜਾ ਕੇ ਅਖ਼ਬਾਰ ਵੇਖ ਲੈਂਦਾ ਸੀ। ਅੰਗਰੇਜ਼ੀ ਟ੍ਰਿਬਿਊਨ ਵਿੱਚ ਡੱਬੀ ’ਚ ਖ਼ਬਰ ਛਪੀ ਕਿ 15 ਅਗਸਤ 1978 ਨੂੰ ਅਦਾਰੇ ਵੱਲੋਂ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਸ਼ੁਰੂ ਕੀਤਾ ਜਾ ਰਿਹਾ ਹੈ। ਊਸ ਦਿਨ ਮੈਂ ਸਵੇਰੇ 4 ਵਜੇ ਉੱਠ ਕੇ ਬਸ ਅੱਡੇ ਪਹੁੰਚ ਗਿਆ। ਉੱਥੋਂ 25 ਪੈਸੇ ਖ਼ਰਚ ਕੇ ਅਖ਼ਬਾਰ ਖਰੀਦ ਲਿਆ। ਇਹ ਪੜ੍ਹਿਆ ਤਾਂ ਬਹੁਤ ਵਧੀਆ ਲੱਗਿਆ। ਏਜੰਟ ਕੋਲ ਮਹੀਨਾਵਾਰ ਅਖ਼ਬਾਰ ਦੀ ਕੀਮਤ ਅਦਾ ਕਰਕੇ ਘਰ ਲਗਵਾ ਲਿਆ। ਇਸ ਵਿੱਚ ਸੰਪਾਦਕੀ ਪੰਨੇ ’ਤੇ ਮਿਡਲ ਲੇਖ ਬਹੁਤ ਵਧੀਆ ਲੱਗਦਾ ਸੀ। ਥੱਲੇ ਸੰਪਾਦਕ ਦੇ ਨਾਮ ਚਿੱਠੀਆਂ ਛਪਣ ਲੱਗੀਆਂ। ਮੈਂ ਪਹਿਲੇ ਮਹੀਨੇ ਹੀ ਅਖ਼ਬਾਰ ਨੂੰ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ, ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰਾਂ ਦੇ ਨਾਲ ਤਿੰਨ ਦਿਨ ਸੰਪਾਦਕੀ ਪੰਨੇ ਦੇ ਨਾਲ ਇੱਕ ਖ਼ਾਸ ਪੰਨਾ ਜੋੜਿਆ ਗਿਆ, ਐਤਵਾਰ ਨੂੰ ਸਾਹਿਤ ਤੇ ਸੱਭਿਆਚਾਰ ਨਾਲ ਸਬੰਧਿਤ ਮੈਗਜ਼ੀਨ ਚਾਰ ਪੰਨੇ ਹੁੰਦੇ ਸਨ ਜਿਸ ਵਿੱਚ ਵੱਖ ਵੱਖ ਵਿਧਾਵਾਂ ਦਾ ਸਾਹਿਤ ਪੜ੍ਹਨ ਨੂੰ ਮਿਲਦਾ ਸੀ। ਨਵੀਂ ਲੱਗੀ ਫਿਲਮ ਦੀ ਸਮੀਖਿਆ ਹਫ਼ਤਾਵਾਰੀ ਛਪਦੀ ਸੀ। ਪੰਜਾਬੀ ਗਾਇਕਾਂ ਨਾਲ ਸਬੰਧਿਤ ਸ਼ਮਸ਼ੇਰ ਸਿੰਘ ਸੰਧੂ ਦੇ ਲੜੀਵਾਰ ਲੇਖ ਵੀ ਸ਼ਲਾਘਾਯੋਗ ਸਨ। ਸਾਬਕਾ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਵੱਲੋਂ ਉਸ ਸਮੇਂ ਲੇਖਕਾਂ ਤੇ ਹੋਰ ਬੁੱਧੀਜੀਵੀਆਂ ਨਾਲ ਮੁਲਾਕਾਤਾਂ ਦੀ ਲੜੀ ਖੁੱਲ੍ਹੀਆਂ ਗੱਲਾਂ ਪ੍ਰਸਿੱਧ ਕਾਲਮ ਸੀ। ਸ਼ੁੱਕਰਵਾਰ ਨੂੰ ਨੌਜਵਾਨਾਂ ਤੇ ਖੇਡਾਂ ਸਬੰਧੀ ਪੰਨਾ ਭਰਪੂਰ ਹੁੰਦਾ ਸੀ, ਪੜ੍ਹ ਕੇ ਆਨੰਦ ਆ ਜਾਂਦਾ ਸੀ। ਸਾਡੇ ਕਾਲਜ ਦੇ ਟੋਲੇ ਨੇ ਸੰਪਾਦਕ ਨੂੰ ਚਿੱਠੀਆਂ ਲਿਖ ਕੇ ਹਰ ਰੋਜ਼ ਇੱਕ ਖ਼ਾਸ ਪੰਨਾ ਸ਼ੁਰੂ ਕਰਨ ਲਈ ਬੇਨਤੀਆਂ ਕੀਤੀਆਂ। ਇਸ ਸਦਕਾ ਹੌਲੀ ਹੌਲੀ ਹਰ ਰੋਜ਼ ਵਿਸ਼ੇਸ਼ ਪੰਨੇ ਸ਼ੁਰੂ ਹੋ ਗਏ। ‘ਪੰਜਾਬੀ ਟ੍ਰਿਬਿਊਨ’ ਸਾਹਿਤਕ ਤੇ ਸੱਭਿਆਚਾਰਕ ਕਿਤਾਬ ਜਿਹਾ ਬਣ ਗਿਆ। ਤਤਕਾਲੀ ਸੰਪਾਦਕ ਸ਼ਿੰਗਾਰਾ ਸਿੰਘ ਭੁੱਲਰ ਸਮੇਂ ਮੈਂ ਸੁਝਾਅ ਦਿੱਤਾ ਕਿ ਐਤਵਾਰ ਦੇ ਮੈਗਜ਼ੀਨ ਪੰਨੇ ਬਾਰੇ ਐਤਵਾਰ ਨੂੰ ਹੀ ਪਾਠਕਾਂ ਦੇ ਖ਼ਤ ਛਪਣੇ ਚਾਹੀਦੇ ਹਨ। ਇਹ ਸੁਝਾਅ ਵੀ ਮੰਨ ਲਿਆ ਗਿਆ।
ਭੂਸ਼ਣ ਦਾ ਸੰਪਾਦਕੀ ਪੰਨੇ ’ਤੇ ਛਪਦਾ ਕਾਵਿ ਵਿਅੰਗ ਅਤੇ ਵਿਅੰਗਕਾਰ ਗੁਰਨਾਮ ਸਿੰਘ ਤੀਰ ਦਾ ‘ਚਾਚਾ ਚੰਡੀਗੜ੍ਹੀਆ’ ਪੰਜਾਬ ਦੇ ਹਾਲਾਤ ਬਾਰੇ ਵਧੀਆ ਵਿਅੰਗਮਈ ਕਾਲਮ ਸੀ। ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਕਾਲਮ ਨੇ ਪੂਰੇ ਪੰਜਾਬ ਦੇ ਪੇਂਡੂ ਸੱਭਿਆਚਾਰ ਦੇ ਦਰਸ਼ਨ ਕਰਵਾ ਦਿੱਤੇ ਸਨ ਜਿਸ ਸਦਕਾ ਸਾਡਾ ਇਹ ਪਿਆਰਾ ਅਖ਼ਬਾਰ ਸ਼ਹਿਰਾਂ ਨਾਲੋਂ ਵੱਧ ਪਿੰਡਾਂ ਵਿੱਚ ਪਿਆਰਿਆ ਜਾਣ ਲੱਗਿਆ। ਕਾਲਜ ਦੀ ਪੜ੍ਹਾਈ ਤੋਂ ਬਾਅਦ ਸਮੁੰਦਰੀ ਜਹਾਜ਼ਾਂ ਦੀ ਨੌਕਰੀ ’ਤੇ ਚਲਿਆ ਗਿਆ, ਪਰ ਅਖਬਾਰ ਨਾਲੋਂ ਟੁੱਟਿਆ ਨਹੀਂ। ਪਰਿਵਾਰ ਨੂੰ ਖ਼ਾਸ ਹਦਾਇਤ ਸੀ ਕਿ ਕੁਰੀਅਰ ਰਾਹੀਂ ਮੈਨੂੰ ‘ਪੰਜਾਬੀ ਟ੍ਰਿਬਿਊਨ’ ਦੇ ਖ਼ਾਸ ਅੰਕ ਭੇਜੇ ਜਾਇਆ ਕਰਨ। ਮੈਂ ‘ਪੰਜਾਬੀ ਟ੍ਰਿਬਿਊਨ’ ਨਾਲ ਪਾਠਕ ਵਜੋਂ ਜੁੜਨ ਮਗਰੋਂ ਲੇਖਕ ਵੀ ਬਣ ਗਿਆ। ਕੋਰੋਨਾ ਦੀ ਮਾਰ ਕਾਰਨ ‘ਪੰਜਾਬੀ ਟ੍ਰਿਬਿਊਨ’ ਦੇ ਪੰਨੇ ਘਟਾ ਦਿੱਤੇ ਗਏ। ਇਹ ਦੁਬਾਰਾ ਸ਼ੁਰੂ ਕਰਨੇ ਚਾਹੀਦੇ ਹਨ।
ਰਮੇਸ਼ਵਰ ਸਿੰਘ, ਪਟਿਆਲਾ

Advertisement

Advertisement
Advertisement
Author Image

Advertisement