For the best experience, open
https://m.punjabitribuneonline.com
on your mobile browser.
Advertisement

ਯਾਦਾਂ ’­ਚ ਵਸਿਆ ‘ਪੰਜਾਬੀ ਟ੍ਰਿਬਿਊਨ’

10:47 AM Sep 08, 2024 IST
ਯਾਦਾਂ ’­ਚ ਵਸਿਆ ‘ਪੰਜਾਬੀ ਟ੍ਰਿਬਿਊਨ’
Advertisement

46 ਸਾਲਾਂ ਦਾ ਚਸ਼ਮਦੀਦ ਗਵਾਹ

ਮੈਂ 1978 ਵਿੱਚ ਭੋਜੋਵਾਲੀ (ਸੰਗਰੂਰ) ਦੇ ਸਕੂਲ ਵਿੱਚ ਅਧਿਆਪਕ ਸਾਂ। ਸਾਡੇ ਮੁੱਖ ਅਧਿਆਪਕ ਅਜੀਤ ਸਿੰਘ ਸੋਢੀ ਕੋਲ ਅੰਗਰੇਜ਼ੀ ਟ੍ਰਿਬਿਊਨ ਅਖ਼ਬਾਰ ਆਉਂਦਾ ਸੀ। ਉਨ੍ਹਾਂ ਨੇ 15 ਅਗਸਤ 1978 ਨੂੰ ਸ਼ੁਰੂ ਹੋਇਆ ‘ਪੰਜਾਬੀ ਟ੍ਰਿਬਿਊਨ’ ਸਾਡੇ ਸਕੂਲ ਵਿੱਚ ਮੰਗਵਾਉਣਾ ਸ਼ੁਰੂ ਕੀਤਾ। ਉਸ ਦਿਨ ਤੋਂ ਅੱਜ ਤੱਕ ਮੈਂ ਇਸ ਦਾ ਪੱਕਾ ਪਾਠਕ ਹਾਂ। ਪਹਿਲਾਂ ਮੈਂ ਸਿਰਫ਼ ਗੀਤ ਅਤੇ ਕਵਿਤਾਵਾਂ ਹੀ ਲਿਖਦਾ ਸੀ। ਇਸ ਵਿੱਚ ਛਪਣ ਲਈ ਨਿਬੰਧ ਲਿਖਣੇ ਸ਼ੁਰੂ ਕੀਤੇ ਤਾਂ ਛੇਤੀ ਹੀ ਪਾਠਕ ਤੋਂ ਲੇਖਕ ਵੀ ਬਣ ਗਿਆ। ਹੌਲੀ ਹੌਲੀ ਵਾਰਤਕ ਤੋਂ ਇਲਾਵਾ ਮੇਰੀਆਂ ਕਾਵਿ ਰਚਨਾਵਾਂ ਵੀ ਛਪਣ ਲੱਗੀਆਂ ਤਾਂ ਸਾਂਝ ਹੋਰ ਵੀ ਗੂੜ੍ਹੀ ਹੋ ਗਈ। ਸਭ ਤੋਂ ਵਧੀਆ ਗੱਲ ਉਦੋਂ ਲਿਖਤਾਂ ਦਾ ਸੇਵਾ ਫਲ਼ ਵੀ ਦਿੱਤਾ ਜਾਂਦਾ ਸੀ।
ਇੱਕ ਹਫ਼ਤਾਵਾਰੀ ਕਾਲਮ ‘ਫੋਟੋ ਕੈਪਸ਼ਨ ਮੁਕਾਬਲਾ’ ਵੀ ਸ਼ੁਰੂ ਹੋਇਆ ਜੋ ਕਈ ਸਾਲ ਚਲਦਾ ਰਿਹਾ। ਉਸ ਵਿੱਚ ਵੀ ਬਹੁਤ ਛਪਦਾ ਰਿਹਾ ਹਾਂ। ਪੂਰੇ 16 ਵਾਰੀ ਮੈਂ ਪਹਿਲਾ, ਦੂਜਾ ਜਾਂ ਤੀਜਾ ਸਥਾਨ ਪ੍ਰਾਪਤ ਕੀਤਾ ਸੀ। ਹੋ ਸਕੇ ਤਾਂ ਉਹ ਕਾਲਮ ਦੁਬਾਰਾ ਸ਼ੁਰੂ ਕੀਤਾ ਜਾਵੇ। ਇੱਕ ਗੱਲ ਹੋਰ, ਬਾਕੀ ਅਖ਼ਬਾਰਾਂ ਦੇ ਮੁਕਾਬਲੇ ‘ਟ੍ਰਿਬਿਊਨ ਸਮੂਹ’ ਪਿੰਡਾਂ ਦੀ ਕਵਰੇਜ ਘੱਟ ਕਰਦਾ ਹੈ। ਇਸ ਲਈ ਕਸਬਿਆਂ ਅਤੇ ਵੱਡੇ ਪਿੰਡਾਂ ਵਿੱਚੋਂ ਪੱਤਰਕਾਰ ਬਣਾਉਣ ਦੀ ਖੇਚਲ ਕੀਤੀ ਜਾਵੇ।
ਮੂਲ ਚੰਦ ਸ਼ਰਮਾ, ਧੂਰੀ (ਸੰਗਰੂਰ)

Advertisement

ਸਭ ਤੋਂ ਵੱਧ ਖ਼ੁਸ਼ੀ ਵਾਲਾ ਦਿਨ

ਅੱਜ ਤੋਂ 46 ਸਾਲ ਪਹਿਲਾਂ 15 ਅਗਸਤ 1978 ਨੂੰ ਸ਼ੁਰੂ ਹੋਣ ਵਾਲੇ ‘ਪੰਜਾਬੀ ਟ੍ਰਿਬਿਊਨ’ ਦਾ ਜੀਵਨ ਬਹੁਤ ਮਾਣਮੱਤਾ ਤੇ ਸ਼ਾਨ ਵਾਲਾ ਹੈ। 1986 ਦੌਰਾਨ ਇਸ ਅਖ਼ਬਾਰ ਵੱਲੋਂ ਕਾਲਮ ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਚੱਲ ਰਿਹਾ ਸੀ। ਮੈਂ ਵੀ ਸੁੰਦਰ ਸੁੰਦਰ ਲਿਖਾਈ ਵਿੱਚ ਆਪਣੇ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਪਿੰਡ ਜੁੜਾਹਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਇਕੱਤਰ ਕਰਕੇ ਇੱਕ ਲੇਖ ਲਿਖ ਕੇ ਸੰਪਾਦਕ ਨੂੰ ਡਾਕ ਰਾਹੀਂ ਭੇਜ ਦਿੱਤਾ। ਮੇਰੇ ਲੇਖ ਭੇਜਣ ਤੋਂ 15 ਕੁ ਦਿਨ ਬਾਅਦ ਮੇਰੇ ਮੰਡੀ ਅਹਿਮਦਗੜ੍ਹ ਵਸਦੇ ਚਾਚਾ ਜੀ ਗੁਰਲਾਲ ਸਿੰਘ ਨੇ ਮੇਰੇ ਗੁਆਂਢ ਵਿੱਚ ਸੁਨੇਹਾ ਭੇਜਿਆ ਕਿ ਅੱਜ ਤਾਂ ਆਪਣੇ ਪਿੰਡ ਬਾਰੇ ਲਿਖਿਆ ਲੇਖ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪਿਆ ਹੈ। ਸਾਡਾ ਗੁਆਂਢੀ ਜਦੋਂ ਮੈਨੂੰ ਇਸ ਸਬੰਧੀ ਘਰ ਦੱਸ ਕੇ ਗਿਆ ਤਾਂ ਮੈਂ ਸਾਡੇ ਪਿੰਡ ਤੋਂ ਪੰਜ ਕਿਲੋਮੀਟਰ ਦੂਰ ਭੱਜ ਕੇ ਅਖ਼ਬਾਰਾਂ ਵਾਲੀ ਦੁਕਾਨ ’ਤੇ ਮੰਡੀ ਅਹਿਮਦਗੜ੍ਹ ਪਹੁੰਚ ਕੇ ਅਖ਼ਬਾਰ ਖਰੀਦਿਆ ਤੇ ਆਪਣੇ ਨਾਂ ਥੱਲੇ ਇਹ ਲੇਖ ਪੜ੍ਹ ਕੇ ਬਹੁਤ ਖ਼ੁਸ਼ ਹੋਇਆ। ਫਿਰ ਉਸੇ ਖ਼ੁਸ਼ੀ ਦੇ ਰੌਂਅ ਵਿੱਚ ਪਿੰਡ ਜੜਾਹੇਂ ਵੱਸਦੇ ਪਿੰਡ ਵਾਸੀਆਂ ਨੂੰ ਘਰ-ਘਰ ਜਾ ਕੇ ਉਹ ਲੇਖ ਪੜ੍ਹਾਇਆ। ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਲਈ ਜ਼ਿੰਦਗੀ ਵਿੱਚ ਇਹ ਖ਼ੁਸ਼ੀ ਦਾ ਅਨਮੋਲ ਦਿਨ ਸੀ। ਉਸ ਤੋਂ ਬਾਅਦ ਮੈਂ ਇਸ ਕਾਲਮ ਅਧੀਨ ‘ਪੰਜਾਬੀ ਟ੍ਰਿਬਿਊਨ’ ਲਈ ਬਹੁਤ ਸਾਰੇ ਪਿੰਡਾਂ ਬਾਰੇ ਲਿਖਿਆ। ਸੱਚ ਜਾਣਿਓ! ਅੱਜ ਮੈਨੂੰ ਪੰਜਾਬੀ ਸ਼ਾਇਰ ਤੇ ਚੰਗਾ ਪੱਤਰਕਾਰ ਬਣਾਉਣ ਵਿੱਚ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੇ ਪਹਿਲੇ ਲੇਖ ਦਾ ਯੋਗਦਾਨ ਹੈ।
ਅਮਨਦੀਪ ਦਰਦੀ

Advertisement

Advertisement
Author Image

sanam grng

View all posts

Advertisement