ਯਾਦਾਂ ’ਚ ਵਸਿਆ ‘ਪੰਜਾਬੀ ਟ੍ਰਿਬਿਊਨ’
ਦਿਲਚਸਪ ਯਾਦ
1978 ਵਿੱਚ ਮੈਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਭਾਰਤੀ ਭਾਸ਼ਾ ਕੇਂਦਰ ਦਾ ਖੋਜ ਵਿਦਿਆਰਥੀ ਸਾਂ। ਪੰਜਾਬੀ ਯੂਨੀਵਰਸਿਟੀ ਵਿੱਚ 20 ਸਾਲ ਦੇ ਹਿੰਦੀ ਅਧਿਆਪਨ ਮਗਰੋਂ ਮੈਂ 2005 ਵਿੱਚ ਜੇਐੱਨਯੂ ’ਚ ਹਿੰਦੀ ਅਨੁਵਾਦ ਦੇ ਪ੍ਰੋਫੈਸਰ ਵਜੋਂ ਨਿਯੁਕਤ ਅਤੇ 2013 ਦੇ ਸ਼ੁਰੂ ਵਿੱਚ ਸੇਵਾਮੁਕਤ ਹੋਇਆ।
ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਭਾਰਤ ਅਤੇ ਦੁਨੀਆ ਦੀਆਂ ਅਨੇਕਾਂ ਭਾਸ਼ਾਵਾਂ ਦੇ ਅਖ਼ਬਾਰ ਅਤੇ ਰਸਾਲੇ ਆਉਂਦੇ ਸਨ ਪਰ ਪੰਜਾਬੀ ਦੇ ਨਹੀਂ। ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਹੋਣ ’ਤੇ ਖ਼ੁਸ਼ੀ ਸਹਿਤ ਮੈਂ ਲਾਇਬ੍ਰੇਰੀ ਨੂੰ ਇਹ ਅਖ਼ਬਾਰ ਅਤੇ ਪੰਜਾਬੀ ਰਸਾਲੇ ‘ਨਾਗਮਣੀ’ ਤੇ ‘ਆਰਸੀ’ ਲਗਵਾਉਣ ਦੀ ਸਿਫ਼ਾਰਸ਼ ਕੀਤੀ। ਇਹ ਤੁਰੰਤ ਮੰਨ ਲਈ ਗਈ ਅਤੇ ਇਹ ਅਖ਼ਬਾਰ ਤੇ ਰਸਾਲੇ ਜੇਐੱਨਯੂ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣ ਗਏ। ‘ਨਾਗਮਣੀ’ ਅਤੇ ‘ਆਰਸੀ’ ਤਾਂ ਇਸ ਦੌਰਾਨ ਬੰਦ ਹੋ ਗਏ ਪਰ ‘ਪੰਜਾਬੀ ਟ੍ਰਿਬਿਊਨ’ 45 ਸਾਲ ਤੋਂ ਵੱਧ ਸਮੇਂ ਬਾਅਦ ਵੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਿਆ ਹੋਇਆ ਹੈ। ਭਾਰਤੀ ਭਾਸ਼ਾ ਕੇਂਦਰ ਦਾ ਮੁਖੀ ਬਣਨ ਮਗਰੋਂ ਮੈਂ ਪੰਜਾਬੀ ਦੀਆਂ ਕੁਝ ਹੋਰ ਪ੍ਰਕਾਸ਼ਨਾਵਾਂ ਤੇ ਕਿਤਾਬਾਂ ਦੀ ਵੀ ਲਾਇਬ੍ਰੇਰੀ ਨੂੰ ਸਿਫ਼ਾਰਸ਼ ਕੀਤੀ ਅਤੇ ਮੇਰੇ ਸੇਵਾਮੁਕਤ ਹੋਣ ਤੋਂ ਦਸ ਸਾਲ ਬਾਅਦ ਵੀ ਉਹ ਉਵੇਂ ਹੀ ਜਾਰੀ ਹਨ। ਜਦੋਂ ਕਦੇ ਮੈਂ ਆਪਣੇ ਵਿਦਿਆਰਥੀ ਅਤੇ ਅਧਿਆਪਕ ਜੀਵਨ ਦੀ ਸਭ ਤੋਂ ਪਿਆਰੀ ਲਾਇਬ੍ਰੇਰੀ ਵਿੱਚ ਜਾਂਦਾ ਹਾਂ ਤਾਂ ਉੱਥੇ ਬੈਠ ਕੇ ‘ਪੰਜਾਬੀ ਟ੍ਰਿਬਿਊਨ’ ਪੜ੍ਹਦਾ ਖ਼ੁਸ਼ ਹੁੰਦਾ ਹਾਂ।
ਪੰਜਾਬੀ ਦੇ ਮੇਰੇ ਸਭ ਤੋਂ ਵੱਧ ਪਸੰਦੀਦਾ ਅਖ਼ਬਾਰ ਨੂੰ ਉਸ ਦੇ ਸਫ਼ਰ ਦੇ 46 ਸਾਲ ਪੂਰੇ ਹੋਣ ਦੀ ਮੁਬਾਰਕਬਾਦ। ਸ਼ਾਲਾ! ਏਹ ਸਫ਼ਰ ਅੰਗਰੇਜ਼ੀ ਟ੍ਰਿਬਿਊਨ ਵਾਂਗ ਸੌ ਸਾਲ ਤੋਂ ਵੱਧ ਪੂਰੇ ਕਰਨ ਮਗਰੋਂ ਵੀ ਨਿਰੰਤਰ ਚਲਦਾ ਰਹੇ।
ਚਮਨ ਲਾਲ
ਮੇਰਾ ਨਜ਼ਦੀਕੀ ਦੋਸਤ
ਮੈਂ ਪਿਛਲੇ ਅੱਠ ਕੁ ਵਰ੍ਹਿਆਂ ਤੋਂ ‘ਪੰਜਾਬੀ ਟ੍ਰਿਬਿਊਨ’ ਦੀ ਪਾਠਕ ਬਣੀ। ਪਹਿਲਾਂ-ਪਹਿਲ ਮੈਂ ਕਈ ਹੋਰ ਅਖ਼ਬਾਰ ਅਤੇ ਕਿਤਾਬਾਂ ਤਾਂ ਪੜ੍ਹਦੀ ਪਰ ਜੋ ਚੇਟਕ ਮੈਨੂੰ ਇਸ ਅਖ਼ਬਾਰ ਨੇ ਲਗਾਈ, ਉਸ ਨਾਲ ਮੈਂ ਸਾਹਿਤਕ ਖੇਤਰ ਨਾਲ ਬਹੁਤ ਹੱਦ ਤੱਕ ਜੁੜ ਗਈ ਹਾਂ। ਜਦੋਂ ਮੈਂ ਇਸ ਅਖ਼ਬਾਰ ਵਿੱਚ ਆਪਣੀਆਂ ਚਿੱਠੀਆਂ ਭੇਜਣੀਆਂ ਸ਼ੁਰੂ ਕੀਤੀਆਂ ਤਾਂ ਪਹਿਲੇ ਦਿਨ ਜਦੋਂ ਮੇਰੀ ਚਿੱਠੀ ਛਪੀ ਉਸ ਸਮੇਂ ਮੈਨੂੰ ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਅਥਾਹ ਖੁਸ਼ੀ ਹੋਈ। ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਕਈ ਵਾਰ ਮੈਨੂੰ ਮੇਰਾ ਇੱਕ ਨਜ਼ਦੀਕੀ ਦੋਸਤ ਲੱਗਦਾ ਹੈ ਕਿਉਂਕਿ ਸਾਹਿਤ ਪੜ੍ਹਨ ਨਾਲ ਮੈਨੂੰ ਜੋ ਰਾਹ ਲੱਭਦੇ ਹਨ ਤੇ ਸਕੂਨ ਮਿਲਦਾ ਹੈ, ਉਹ ਹੋਰ ਕਿਤੋਂ ਨਹੀਂ ਮਿਲਦਾ। ਇਸ ਦੇ ਹਰ ਇੱਕ ਲੇਖ, ਕਹਾਣੀ ਵਿੱਚ ਸਚਾਈ ਝਲਕਦੀ ਹੈ। ਅੱਜ ਇੰਝ ਲੱਗਦਾ ਹੈ ਜਿਵੇਂ ਲੇਖਕਾਂ ਨਾਲ ਕੋਈ ਪੁਰਾਣੀ ਸਾਂਝ ਹੋਵੇ।
ਮੇਰਾ ਪਰਿਵਾਰ ਇਸ ਅਖ਼ਬਾਰ ਨਾਲ ਪਿਛਲੇ 20 ਵਰ੍ਹਿਆਂ ਤੋਂ ਜੁੜਿਆ ਹੋਇਆ ਹੈ। ਹੁਣ ਸਾਹਿਤਕ ਸਮੱਗਰੀ ਕਾਫ਼ੀ ਹੱਦ ਤੱਕ ਇੰਟਰਨੈੱਟ ਨਾਲ ਜੁੜੀ ਹੋਣ ਕਰਕੇ ਕਈ ਵਾਰ ਮੋਬਾਈਲ ’ਤੇ ਵੀ ਅਖ਼ਬਾਰ ਪੜ੍ਹ ਲੈਂਦੇ ਹਾਂ, ਪਰ ਸਾਡੇ ਪਿਤਾ ਜੀ ਲਗਭਗ ਤਿੰਨ ਘੰਟੇ ਲਗਾ ਕੇ ਸਾਰਾ ਅਖ਼ਬਾਰ ਪੜ੍ਹਦੇ ਹਨ। ਜੇਕਰ ਕਈ ਵਾਰ ਮੈਂ ਕੰਮਾਂ ਵਿੱਚ ਜ਼ਿਆਦਾ ਰੁੱਝ ਜਾਵਾਂ ਤਾਂ ਇੱਕ ਦਿਨ ਪਹਿਲਾਂ ਵਾਲਾ ਅਖ਼ਬਾਰ ਸਕੂਲ ਨਾਲ ਲੈ ਕੇ ਜਾਂਦੀ ਹਾਂ ਤੇ ਲਾਇਬ੍ਰੇਰੀ ਵਿੱਚ ਬੈਠ ਕੇ ਬਹੁਤ ਹੀ ਸਕੂਨ ਨਾਲ ਪੜ੍ਹਦੀ ਹਾਂ। ਮੈਂ ਆਪਣੇ ਲੇਖ ਵੀ ਭੇਜਦੀ ਤਾਂ ਹਾਂ, ਪਰ ਅਜੇ ਮੈਂ ਆਪਣੇ ਤਜਰਬਿਆਂ ਰਾਹੀਂ ਆਪਣੀ ਲਿਖਤ ਨੂੰ ਹੋਰ ਨਿਖਾਰ ਰਹੀ ਹਾਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮੈਂ ਪੂਰੀ ਤਰ੍ਹਾਂ ਇਸ ਅਖ਼ਬਾਰ ਵਿੱਚ ਸਮੋ ਜਾਵਾਂ।
ਇਸ ਅਖ਼ਬਾਰ ਵਿੱਚ ਕੋਈ ਲੱਚਰਤਾ ਨਹੀਂ, ਭਾਸ਼ਾ ਦੀ ਤਰੁੱਟੀ ਨਹੀਂ। ਸਭ ਕੁਝ ਸੰਤੁਲਿਤ ਖੁਰਾਕ ਦੀ ਤਰ੍ਹਾਂ ਸ਼ੁੱਧ ਮਿਲਦਾ ਹੈ।
ਨਵਜੋਤ ਕੌਰ
ਹਮੇਸ਼ਾ ਸਾਡੇ ਅੰਗ-ਸੰਗ
ਮੇਰੇ ਪਿਤਾ ਜੀ ਜ਼ਿਆਦਾ ਅੰਗਰੇਜ਼ੀ ਟ੍ਰਿਬਿਊਨ ਹੀ ਪੜ੍ਹਦੇ ਸਨ, ਪਰ ਜਿਉਂ ਹੀ 15 ਅਗਸਤ 1978 ਨੂੰ ‘ਪੰਜਾਬੀ ਟ੍ਰਿਬਿਊਨ’ ਦਾ ਆਗਮਨ ਹੋਇਆ ਤਾਂ ਘਰ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਓਦੋਂ ਹਰ ਸ਼ਨਿਚਰਵਾਰ ਕਹਾਣੀਆਂ ਛਪਦੀਆਂ ਸਨ ਜੋ ਬੜੇ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਸਨ। ਫਿਰ ਸ਼ਬਦ ਪਹੇਲੀ ਸ਼ੁਰੂ ਹੋਈ ਤਾਂ ਉਸ ਵਿੱਚ ਵੀ ਲਗਾਤਾਰ ਅਸੀਂ ਹਿੱਸਾ ਲੈਂਦੇ ਰਹੇ ਸਾਂ। ਮੇਰੀਆਂ ਵੀ ਕੁਝ ਕਹਾਣੀਆਂ ਤੇ ਲੇਖ ‘ਪੰਜਾਬੀ ਟ੍ਰਿਬਿਊਨ’ ਨੇ ਛਾਪੇ ਸਨ। ਇਉਂ ‘ਪੰਜਾਬੀ ਟ੍ਰਿਬਿਊਨ’ ਹਮੇਸ਼ਾਂ ਸਾਡੇ ਅੰਗ-ਸੰਗ ਰਿਹਾ ਹੈ। ਹੁਣ ਵੀ ਨਾਸ਼ਤੇ ਵੇਲੇ ਬਾਹਰ ਘੜੀ-ਮੁੜੀ ਦੇਖੀਦਾ ਹੈ। ਇਹ ਅਖ਼ਬਾਰ ਜ਼ਰੂਰ ਹੀ ਸਾਰਾ ਪੜ੍ਹਦੇ ਹਾਂ। ਓਲੰਪਿਕ ਖੇਡਾਂ ਸਮੇਂ ਉਚੇਚੇ ਤੌਰ ’ਤੇ ਦੇਖੀਦਾ ਸੀ। ਹੋਰ ਵੀ ਮਸ਼ਹੂਰ ਚੰਗੇ ਮਾੜੇ ਵਾਕਿਆਤ, ਸੰਪਾਦਕੀ ਲੇਖ ਤੇ ਉੱਚ ਹਸਤੀਆਂ ਬਾਰੇ ਸਾਹਿਤਕਾਰਾਂ ਦੇ ਖੋਜ ਭਰਪੂਰ ਲੇਖ ਪੜ੍ਹ ਕੇ ਅਥਾਹ ਜਾਣਕਾਰੀ ਹਾਸਲ ਹੁੰਦੀ ਹੈ। ਜੇ ਹੁਣ ਘਰ ਪਰਿਵਾਰ, ਜੀਵਨ ਜਾਚ ਤੇ ਪੰਜਾਬੀ ਸੱਭਿਆਚਾਰ ਬਾਰੇ ਲੇਖ ਜ਼ਿਆਦਾ ਛਾਪੇ ਜਾਣ ਤਾਂ ਚੰਗਾ ਹੈ। ਸ਼ਾਲਾ, ਇਹ ਅਖ਼ਬਾਰ ਰਹਿੰਦੀ ਦੁਨੀਆ ਤੱਕ ਜਾਰੀ ਰਹੇ।
ਜਸਬੀਰ ਕੌਰ, ਅੰਮ੍ਰਿਤਸਰ