ਯਾਦਾਂ ’ਚ ਵਸਿਆ ‘ਪੰਜਾਬੀ ਟ੍ਰਿਬਿਊਨ’
‘ਪੰਜਾਬੀ ਟ੍ਰਿਬਿਊਨ’ ਨਾਲ ਸਫ਼ਰ
‘ਪੰਜਾਬੀ ਟ੍ਰਿਬਿਊਨ’ ਨਾਲ 46 ਵਰ੍ਹੇ ਹੰਢਾਉਂਦਿਆਂ ਇਸ ਵਿੱਚ ਕਿਸੇ ਦਾ ਛਪਿਆ ਪੜ੍ਹਨ ਅਤੇ ਆਪਣੇ ਲਿਖੇ ਨੂੰ ਛਪਿਆ ਵੇਖਣ ਦੇ ਅਹਿਸਾਸ ਨੇ ਜ਼ਿੰਦਗੀ ਨੂੰ ਲਗਾਤਾਰ ਤਾਜ਼ਗੀ ਬਖ਼ਸ਼ੀ ਹੈ। ਮੇਰਾ ਸਭ ਤੋਂ ਪਹਿਲਾ ਛੋਟਾ ਲੇਖ ‘ਦੂਰ ਦੇ ਢੋਲ’ ਇਸ ਅਖ਼ਬਾਰ ਦੇ ਸੰਪਾਦਕੀ ਪੰਨੇ ਦੇ ਸੰਪਾਦਕੀ ਕਾਲਮ ਵਿੱਚ ਹੀ ਲੱਗਿਆ ਵੇਖ ਕੇ ਮੈਂ ਉਸ ਦਿਨ ਪੰਜਾਬੀ ਯੂਨੀਵਰਸਿਟੀ ਦੇ ਵਿਭਾਗਾਂ ਨੂੰ ਮੇਲਦੇ ਕੌਰੀਡੋਰ ਵਿੱਚੋਂ ਜਦੋਂ ਖ਼ੁਸ਼ੀ-ਖ਼ੁਸ਼ੀ ਲੰਘ ਰਹੀ ਸੀ ਤਾਂ ‘ਪੰਜਾਬੀ ਵਿਕਾਸ’ ਵਾਲਾ ਗਰੇਵਾਲ ਮਿਲ ਗਿਆ। ਉਸ ਨੇ ਮੈਨੂੰ ਵਧਾਈ ਦਿੰਦਿਆਂ ਕਿਹਾ ਸੀ, ‘‘ਤੁਸੀਂ ਬੜੇ ਭਾਗਾਂ ਵਾਲੇ ਹੋ।’’ ਇਹੋ ਲੇਖ ‘ਦੂਰ ਦੇ ਢੋਲ’ ਮੇਰੀ ਵਾਰਤਕ-ਪੁਸਤਕ ‘ਵਾਰਤਕ ਦੇ ਰੰਗ’ ਦਾ ਮੁੱਢਲਾ ਲੇਖ ਬਣਿਆ। ਮੈਂ ਉਨ੍ਹੀਂ ਦਿਨੀਂ ਪੀਐਚ.ਡੀ. ਕਰਨ ਵਾਸਤੇ ਨਾਟਕਲਾ ਵਿੱਚ ਸੁਹਜਾਤਮਕ ਦੂਰੀ ਦੇ ਸਿਧਾਂਤ ਨੂੰ ਸਮਝਣ ਲਈ ਕੁਝ ਦੁਰਲੱਭ ਪੁਸਤਕਾਂ ਨਿਰਖੀਆਂ ਸਨ ਤੇ ਨਤੀਜੇ ਵਜੋਂ ਇਹ ਲੇਖ ਸਹਿਵਨ ਹੀ ਲਿਖਿਆ ਗਿਆ ਸੀ। ਮੈਨੂੰ ਚੰਗਾ ਲੱਗਾ। ਮੈਂ ਅਖ਼ਬਾਰ ਨੂੰ ਭੇਜ ਦਿੱਤਾ ਤੇ ‘ਪੰਜਾਬੀ ਟ੍ਰਿਬਿਊਨ’ ਨੇ ਇਸ ਨੂੰ ਅਗਲੇ ਹੀ ਦਿਨ ਛਾਪ ਦਿੱਤਾ ਜਦੋਂਕਿ ਉਦੋਂ ਈ-ਮੇਲ ਦੀ ਸਹੂਲਤ ਨਹੀਂ ਸੀ। ਹੋਰ ਵੀ ਕਈ ਮਿਡਲ ਅਤੇ ਲੇਖ ਛਪਦੇ ਰਹੇ ਹਨ। ਹਰਿਆਣਾ ਅਤੇ ਪੰਜਾਬ ਦੇ ਪਾਠਕਾਂ ਵੱਲੋਂ ਕਈ ਵਾਰ ਇਹ ਸੁਣਨ ਨੂੰ ਮਿਲਿਆ, ‘‘ਤੁਸੀਂ ਲਿਖਦੇ ਜ਼ਰੂਰ ਰਹੋ ਜੀ, ਬੰਦ ਨਾ ਕਰਿਓ। ਸਾਨੂੰ ਤਸੱਲੀ ਹੁੰਦੀ ਹੈ ਇਹ ਜਾਣ ਕੇ ਕਿ ਇਕ ਪ੍ਰੋਫੈਸਰ ਸਾਡੇ ਵਰਗੇ ਪੇਂਡੂਆਂ ਦੀਆਂ ਸਮੱਸਿਆਵਾਂ ਬਾਰੇ ਲਿਖ ਰਹੀ ਹੈ।’’ ਮੈਂ ਹਮੇਸ਼ਾ ‘ਪੰਜਾਬੀ ਟ੍ਰਿਬਿਊਨ’ ਦੀ ਚੜ੍ਹਦੀ ਕਲਾ ਲਈ ਦੁਆ ਕਰਦੀ ਰਹਾਂਗੀ।
ਕਮਲੇਸ਼ ਉੱਪਲ, ਪਟਿਆਲਾ
ਲਿਖਣ ਦੀ ਗੁੜ੍ਹਤੀ ਮਿਲੀ
ਮੈਂ ‘ਦਿ ਟ੍ਰਿਬਿਊਨ’ ਨਾਲ ਸਕੂਲ ਸਮੇਂ ਤੋਂ ਹੀ ਜੁੜਿਆ ਹੋਇਆ ਸੀ। ਉਦੋਂ ਦਸਵੀਂ ਦਾ ਬੋਰਡ ਦਾ ਨਤੀਜਾ ਅਖ਼ਬਾਰ ਵਿੱਚ ਆਉਂਦਾ ਹੁੰਦਾ ਸੀ। ਮੈਂ ਦਸਵੀਂ ਦੇ ਪੇਪਰ ਮਾਰਚ 1974 ਵਿੱਚ ਦੇਣ ਉਪਰੰਤ ‘ਦਿ ਟ੍ਰਿਬਿਊਨ’ ਦਾ ਚੰਦਾ ਆਪਣੇ ਪਿੰਡ ਦੰਦਰਾਲਾ ਢੀਂਡਸਾ ਦੇ ਡਾਕਘਰ ਤੋਂ ਮਨੀਆਰਡਰ ਕਰਵਾ ਦਿੱਤਾ। ਇਸ ਤਰ੍ਹਾਂ ਮੇਰੇ ਕੋਲ ਤਕਰੀਬਨ ਅੱਜ ਦਾ ਅਖ਼ਬਾਰ ਦੂਜੇ ਦਿਨ ਪਹੁੰਚ ਜਾਂਦਾ ਸੀ। ਸਭ ਤੋਂ ਪਹਿਲਾਂ ਮੈਂ ਆਪਣਾ ਪਾਸ ਹੋਣ ਦਾ ਨਤੀਜਾ ਅਖ਼ਬਾਰ ਵਿੱਚ ਦੇਖ ਕੇ ਖ਼ੁਸ਼ ਹੋਇਆ।
ਜਦੋਂ ਮੈਂ ਨਾਭਾ ਦੇ ਰਿਪੁਦਮਨ ਕਾਲਜ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਸੀ ਤਾਂ ‘ਪੰਜਾਬੀ ਟ੍ਰਿਬਿਊਨ’ ਦੀ ਸ਼ੁਰੂਆਤ 15 ਅਗਸਤ 1978 ਨੂੰ ਹੋਈ। ਉਸ ਸਮੇਂ ਮੈਂ ਪਹਿਲਾ ਅੰਕ ਗੁਪਤਾ ਨਿਊਜ਼ ਏਜੰਸੀ ਕੋਲੋਂ ਬੜੀ ਉਤਸੁਕਤਾ ਨਾਲ ਸਿਰਫ਼ 25 ਪੈਸੇ ਦਾ ਖਰੀਦਿਆ। ਉਦੋਂ ਇਨ੍ਹਾਂ ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਭਰੋਸੇਯੋਗ ਮੰਨਿਆ ਜਾਂਦਾ ਸੀ। ‘ਪੰਜਾਬੀ ਟ੍ਰਿਬਿਊਨ’ ਦੇ ਵੱਖ-ਵੱਖ ਸਮਿਆਂ ’ਤੇ ਚੱਲੇ ਨਿਵੇਕਲੇ ਕਾਲਮ ਪੜ੍ਹ ਕੇ ਗਿਆਨ ਵਿੱਚ ਵਾਧਾ ਹੋਇਆ। ਕਈ ਮੁਕਾਬਲੇ ਵਾਲੇ ਕਾਲਮ ਵੀ ਪ੍ਰਕਾਸ਼ਿਤ ਹੋਏ। ਇਹ ਅਖ਼ਬਾਰ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਨਵੇਂ ਵਿਸ਼ਿਆਂ ਉੱਪਰ ਉਨ੍ਹਾਂ ਦੀਆਂ ਰਚਨਾਵਾਂ ਹਫ਼ਤਾਵਾਰੀ ਪ੍ਰਕਾਸ਼ਿਤ ਕਰਦਾ ਰਿਹਾ ਹੈ। ਇੱਕ ਕਾਲਮ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਕਿਸੇ ਵੀ ਮਹਿਕਮੇ ਪ੍ਰਤੀ ਕੋਈ ਸ਼ਿਕਾਇਤ ਨੂੰ ਪਾਠਕ ਦੇ ਭੇਜਣ ’ਤੇ ਉਸ ਸ਼ਿਕਾਇਤ ਦਾ ਜਵਾਬ ਮਹਿਕਮੇ ਵੱਲੋਂ ਪ੍ਰਾਪਤ ਕਰਕੇ ਪ੍ਰਕਾਸ਼ਿਤ ਕਰਨ ਨਾਲ ਬਹੁਤ ਸਾਰੇ ਪਾਠਕਾਂ ਦੇ ਮਸਲੇ ਹੱਲ ਹੋਏ। ਮਹਿਕਮੇ ਵੱਲੋਂ ਸ਼ਿਕਾਇਤਕਰਤਾ ਨੂੰ ਲਿਖਤੀ ਜਵਾਬ ਵੀ ਭੇਜਿਆ ਜਾਂਦਾ ਸੀ। ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਿਸਟੈਂਸ ਐਜੂਕੇਸ਼ਨ ਰਾਹੀਂ ਬੀ.ਐੱਡ. ਕਰ ਰਿਹਾ ਸੀ ਤਾਂ ਵਿਭਾਗ ਨੇ ਆਪਣੇ ਸਾਲਾਨਾ ਰਸਾਲੇ ਲਈ ਰਚਨਾਵਾਂ ਮੰਗ ਲਈਆਂ। ਮੈਂ ਆਪਣੀ ਰਚਨਾ ਭੇਜ ਦਿੱਤੀ। ਮੈਂ ਬੀ.ਐੱਡ. ਕਰ ਲਈ, ਪਰ ਰਸਾਲੇ ਦੀ ਕਾਪੀ ਨਾ ਆਈ, ਫੀਸ ’ਚ ਮੈਗਜ਼ੀਨ ਫੰਡ ਯੂਨੀਵਰਸਿਟੀ ਨੇ ਲੈ ਲਿਆ ਸੀ। ਮੈਂ ਵੀ ਇਕੱਠੇ ਹੋਏ ਪੈਸੇ ਬਾਰੇ ਜ਼ਿਕਰ ਕਰਕੇ ਰਸਾਲਾ ਨਾ ਮਿਲਣ ਦੀ ਸੰਪਾਦਕੀ ਡਾਕ ’ਚ ਸ਼ਿਕਾਇਤ ਭੇਜ ਦਿੱਤੀ। ਇਸ ਤਰ੍ਹਾਂ ਇਸ ਮਸਲੇ ’ਚ ਪੰਜਾਬੀ ਯੂਨੀਵਰਸਿਟੀ ਪਾਸੋਂ ਲਿਖਤੀ ਜਵਾਬ ਪ੍ਰਾਪਤ ਕੀਤਾ ਅਤੇ ਮੈਨੂੰ ਦੋ ਕਾਪੀਆਂ ਮੈਗਜ਼ੀਨ ਦੀਆਂ ਆਈਆਂ ਅਤੇ ਬਾਕੀਆਂ ਨੂੰ ਜਲਦੀ ਕਾਪੀਆਂ ਭੇਜਣ ਬਾਰੇ ਵੀ ਦੱਸਿਆ। ਅਖ਼ਬਾਰ ਦੀ ਉਹ ਕਟਿੰਗ ਅਜੇ ਵੀ ਮੇਰੇ ਕੋਲ ਸਾਂਭ ਕੇ ਰੱਖੀ ਹੋਈ ਹੈ। ‘ਪੰਜਾਬੀ ਟ੍ਰਿਬਿਊਨ’ ਵਿੱਚ ਮੇਰੇ ਪੱਤਰ ਸੰਪਾਦਕ ਦੀ ਡਾਕ ਵਿੱਚ ਅਕਸਰ ਛਪਦੇ ਰਹੇ ਹਨ। ਮੇਰੀ ਪਹਿਲੀ ਰਚਨਾ ‘ਡਰਾਇੰਗ ਅਧਿਆਪਕਾਂ ਦਾ ਭਵਿੱਖ’ 22 ਅਕਤੂਬਰ 1993 ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ। ਇਸ ਤੋਂ ਬਾਅਦ ਮੇਰੀਆਂ ਬਹੁਤ ਸਾਰੀਆਂ ਰਚਨਾਵਾਂ ਛਪਦੀਆਂ ਆ ਰਹੀਆਂ ਹਨ। ਨਿਰਪੱਖਤਾ ਦੀ ਨੀਤੀ ਵਾਲੇ ਇਸ ਅਖ਼ਬਾਰ ’ਚ ਛਪਣ ਦਾ ਮੈਨੂੰ ਮਾਣ ਹੈ। ਆਸ ਹੈ ‘ਪੰਜਾਬੀ ਟ੍ਰਿਬਿਊਨ’ ਹੋਰ ਵੀ ਨਵੇਂ ਰੰਗ ਸ਼ਾਮਲ ਕਰੇਗਾ।
ਮੇਜਰ ਸਿੰਘ ਨਾਭਾ