For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਜੀਵਨ ਤੇ ਪਸ਼ੂ-ਪੰਛੀ

07:45 AM Apr 27, 2024 IST
ਪੰਜਾਬੀ ਜੀਵਨ ਤੇ ਪਸ਼ੂ ਪੰਛੀ
Advertisement

ਡਾ. ਬਿਹਾਰੀ ਮੰਡੇਰ

Advertisement

ਪਿੱਛੇ ਜਿਹੇ ਕਿਸੇ ਗੀਤ ਵਿੱਚ ਵਰਤੇ ਸ਼ਬਦ ‘ਭੇਡ’ ਸਬੰਧੀ ਬਹੁਤ ਰੌਲਾ ਰੱਪਾ ਪਿਆ ਪਰ ਸਾਡੇ ਪੰਜਾਬੀ ਜੀਵਨ ਵਿੱਚ ਤਾਂ ਥਾਂ ਥਾਂ ਬਨਸਪਤੀ, ਪਸ਼ੂ ਪੰਛੀਆਂ ਅਤੇ ਜਾਨਵਰਾਂ ਦੇ ਨਾਵਾਂ ਦੀ ਵਰਤੋਂ ਮਨੁੱਖਾਂ ਲਈ ਅਕਸਰ ਕੀਤੀ ਜਾਂਦੀ ਹੈ। ਮਨੁੱਖੀ ਜ਼ਿੰਦਗੀ ਕੁਦਰਤ ਦੀ ਅਨਮੋਲ ਦੇਣ ਹੈ। ਕੁਦਰਤ ਵਿੱਚੋਂ ਉਪਜੇ ਹੋਣ ਕਾਰਨ ਸਾਡੀ ਜ਼ਿੰਦਗੀ ਦੇ ਹਰ ਪਲ ’ਤੇ ਕੁਦਰਤ ਦਾ ਪਰਛਾਵਾਂ ਹੈ। ਦੁਨੀਆਂ ਦੇ ਵੱਖਰੋ ਵੱਖਰੇ ਦੇਸ਼ਾਂ ਦੀ ਵੰਨ ਸੁਵੰਨਤਾ ਉੱਥੋਂ ਦੀਆਂ ਕੁਦਰਤੀ ਪਰਿਸਥਿਤੀਆਂ ਕਾਰਨ ਹੀ ਹੈ। ਸਾਡਾ ਆਪਣਾ ਹੀ ਦੇਸ਼ ਲੈ ਲਈਏ। ਇੱਥੇ ਵੀ ਵੱਖਰੇ ਪੌਣ ਪਾਣੀ, ਜਲਵਾਯੂ ਕਾਰਨ ਜੀਵਨ ਜਾਚ ਵੰਨ-ਸੁਵੰਨੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣ ਹੋਣ ਕਾਰਨ ਪੰਜਾਬੀ ਜੀਵਨ ਦੇ ਹਰ ਖੇਤਰ ਵਿੱਚ ਕੁਦਰਤ ਦਾ ਰੰਗ ਵੇਖਿਆ ਜਾ ਸਕਦਾ ਹੈ। ਸਾਡੇ ਖਾਣ-ਪੀਣ, ਰਹਿਣ-ਸਹਿਣ, ਬੋਲ-ਚਾਲ ਅਤੇ ਕੰਮਕਾਰ ਵਿੱਚ ਹਰ ਥਾਂ ਕੁਦਰਤ ਦਾ ਪਰਛਾਵਾਂ ਹੈ ।
ਸਾਡੇ ਸੱਭਿਆਚਾਰ ਵਿੱਚ ਵੀ ਕੁਦਰਤ ਦਾ ਵਰਣਨ ਘੁਲਿਆ ਮਿਲਿਆ ਪਿਆ ਹੈ। ਨਾਵਾਂ ਦੀ ਹੀ ਗੱਲ ਲੈ ਲਈਏ ਤਾਂ ਸਾਡੇ ਬਜ਼ੁਰਗਾਂ ਦੇ ਨਾਮ ਕਿੱਕਰ ਸਿੰਘ, ਬੋਹੜ ਸਿੰਘ, ਪਿੱਪਲ ਸਿੰਘ ਆਦਿ ਮਿਲ ਜਾਂਦੇ ਹਨ। ਸਾਡੇ ਪੰਜਾਬੀ ਜੀਵਨ ਵਿੱਚ ਬੰਦੇ ਦੀ ਕੱਦ-ਕਾਠੀ, ਡੀਲ- ਡੌਲ ਅਤੇ ਜ਼ੋਰ ਨੂੰ ਵੀ ਦਰੱਖਤਾਂ ਜਾਂ ਜਾਨਵਰਾਂ ਦੀਆਂ ਉਦਾਹਰਨਾਂ ਦੇ ਕੇ ਉਚਿਆਇਆ ਜਾਂ ਨਿਵਾਇਆ ਜਾਂਦਾ ਰਿਹਾ ਹੈ। ਜਿਵੇਂ ਕਹਿਣਾ ਕਿ ਸਰੂ ਵਰਗਾ ਕੱਦ, ਝੋਟੇ ਜਿੰਨਾ ਜ਼ੋਰ, ਹਾਥੀ ਜਿੰਨਾ ਬਲ ਅਤੇ ਘੋੜੇ ਵਰਗਾ ਤੇਜ਼। ਅਕਲ ਨੂੰ ਵੀ ਜਾਨਵਰਾਂ ਨਾਲ ਹੀ ਮੇਚ ਕੇ ਦੇਖਿਆ ਜਾਂਦੈ। ਜਿਵੇਂ ਮੂਰਖ ਨੂੰ ਗਧਾ, ਚਲਾਕ ਨੂੰ ਗਿੱਦੜ, ਸ਼ਰਾਰਤੀ ਨੂੰ ਬਾਂਦਰ, ਗੱਲ ਗੱਲ ’ਤੇ ਲੜਨ ਵਾਲੇ ਨੂੰ ਮਾਰ ਖੋਰਾ ਸਾਂਢ, ਕਿਸੇ ਸੁਸਤ ਸੁਭਾਅ ਵਾਲੇ ਨੂੰ ਸੀਲ ਮੱਛੀ, ਤੇਜ਼ ਚੱਲਣ ਵਾਲੇ ਨੂੰ ਨਗੌਰੀ ਬਲਦ, ਤੇਜ਼ ਦੌੜਨ ਵਾਲੇ ਨੂੰ ਘੋੜਾ, ਫੁਰਤੀਲੇ ਨੂੰ ਚੀਤਾ, ਕਿਸੇ ਦਲੇਰ ਬੰਦੇ ਨੂੰ ਸ਼ੇਰ, ਕਿਸੇ ਡਰਪੋਕ ਨੂੰ ਗਿੱਦੜ, ਗੱਲ ਗੱਲ ’ਤੇ ਬਦਲਣ ਵਾਲੇ ਨੂੰ ਕੋੜ੍ਹ ਕਿਰਲਾ (ਗਿਰਗਟ), ਕਿਸੇ ਮਸਤ ਬੰਦੇ ਨੂੰ ਹਾਥੀ ਅਤੇ ਜ਼ਿਆਦਾ ਚੁਕੰਨੇ ਨੂੰ ਕਾਂ ਕਹਿਣਾ। ਇਹ ਸਾਡੇ ਪੰਜਾਬੀ ਜੀਵਨ ਦੇ ਸੱਭਿਆਚਾਰ ਦਾ ਅਟੁੱਟ ਵਰਤਾਰਾ ਹੈ। ਸਾਡੀ ਜ਼ਿੰਦਗੀ ਦੇ ਸੋਹਜ ਸਵਾਦ ਜਾਂ ਦੁੱਖ ਸੁੱਖ ਵਿੱਚ ਹਰ ਜਗ੍ਹਾ ਕੁਦਰਤ ਦਾ ਝਲਕਾਰਾ ਹੈ। ਕੁਦਰਤੀ ਸੰਤੁਲਨ ਵਿੱਚ ਨਰ ਤੇ ਮਾਦਾ ਦਾ ਅਹਿਮ ਰੋਲ ਹੈ। ਜੇਕਰ ਕਹੀਏ ਕਿ ਦੋਹਾਂ ਦੀ ਆਪਸੀ ਖਿੱਚ ਹੀ ਕੁਦਰਤ ਦਾ ਖੂਹ ਗੇੜਦੀ ਹੈ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਮਨੁੱਖੀ ਜੀਵਨ ਵਿੱਚ ਰੁਮਾਂਸ ਤੇ ਪਿਆਰ ਮੁਹੱਬਤ ਦੀ ਜ਼ਿੰਮੇਵਾਰੀ ਮਾਦਾ ਜੀਵਨ ਦੀ ਹੋਂਦ ਕਾਰਨ ਹੀ ਹੈ। ਇਸਤਰੀ, ਮਾਂ, ਭੈਣ ਤੇ ਪਤਨੀ ਦੇ ਰੂਪ ਵਿੱਚ ਸਾਡੇ ਜੀਵਨ ਵਿੱਚ ਆਉਂਦੀ ਹੈ। ਮਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਹੋਂਦ ਹੀ ਸੰਭਵ ਨਹੀਂ ਹੈ। ਬੇਸ਼ੱਕ ਸਾਇੰਸ ਬਹੁਤ ਅੱਗੇ ਨਿਕਲ ਗਈ ਹੈ।
ਸਾਡੇ ਪੰਜਾਬੀ ਜੀਵਨ ਵਿੱਚ ਅਨੇਕਾਂ ਪਿਆਰ ਕਹਾਣੀਆਂ ਅਤੇ ਕਿੱਸੇ ਹਨ। ਇਨ੍ਹਾਂ ਕਿੱਸਿਆਂ ਵਿੱਚ ਵੀ ਇਸਤਰੀ ਦੇ ਰੰਗ ਰੂਪ, ਸੁੰਦਰਤਾ ਨੂੰ ਕੁਦਰਤ ਦੇ ਪ੍ਰਤੀਬਿੰਬਾਂ, ਬਨਸਪਤੀ ਅਤੇ ਪਸ਼ੂ ਪੰਛੀਆਂ ਦੇ ਨਾਵਾਂ ਨਾਲ ਨਾਲ ਮੇਚਿਆ ਗਿਆ ਹੈ, ਜਿਵੇਂ ਕਿ ਸਰੋਂ ਦੀ ਗੰਦਲ ਵਰਗੀ ਨਾਰ, ਦਿਨ ਚੜ੍ਹਦੇ ਦੀ ਲਾਲੀ ਵਰਗਾ ਰੰਗ, ਮੋਰਨੀ ਵਰਗੀ ਤੋਰ, ਤੀਲ੍ਹੇ ਵਰਗਾ ਨੱਕ, ਕਾਲੀਆਂ ਘਟਾਵਾਂ ਵਰਗੀਆਂ ਜੁਲਫ਼ਾਂ, ਸੱਪਣੀ ਵਾਂਗ ਮੇਲ੍ਹਣਾ, ਹਿਰਨੀ ਵਰਗੀਆਂ ਅੱਖਾਂ, ਮੋਤੀਆਂ ਵਰਗੇ ਦੰਦ, ਗੁੱਤ ਸੱਪਣੀ, ਚੰਦਨ ਗੇਲੀ, ਸਰੋਂ ਦੇ ਫੁੱਲ ਵਰਗੀ, ਸੰਧੂਰੀ ਅੰਬੀ, ਗੱਲਾਂ ਸਿਓ ਕਸ਼ਮੀਰ, ਗੁਲਾਬ ਦੇ ਫੁੱਲ ਵਰਗੀ, ਕੱਚੀ ਕਲੀ ਅਤੇ ਹੋਰ ਕਿੰਨੀਆਂ ਹੀ ਤੁਲਨਾਵਾਂ ਹਨ, ਜੋ ਇਸਤਰੀ ਦੀ ਸੁੰਦਰਤਾ ਨੂੰ ਵਡਿਆਉਣ ਲਈ ਵਰਤੀਆਂ ਜਾਂਦੀਆਂ ਹਨ। ਇਸਤਰੀ ਸੁਭਾਅ ਨੂੰ ਵੀ ਅਕਸਰ ਪਸ਼ੂਆਂ ਨਾਲ ਤੁਲਨਾ ਦੇ ਦਿੱਤੀ ਜਾਂਦੀ ਹੈ। ਰਿਸ਼ਤਾ ਕਰਨ ਵੇਲੇ ਅਕਸਰ ਕਿਹਾ ਜਾਂਦਾ ਹੈ ਕਿ ਕੁੜੀ ਤਾਂ ਸਾਡੀ ਜਮਾਂ ਈ ਗਊ ਹੈ ਜੀ। ਸੱਸ ਲਈ ਬਘਿਆੜੀ ਸ਼ਬਦ ਅਕਸਰ ਵਰਤਿਆ ਜਾਂਦਾ ਹੈ। ‘ਮਾਪਿਆਂ ਨੇ ਮੈਂ ਰੱਖੀ ਲਾਡਲੀ, ਅੱਗੋਂ ਸੱਸ ਬਘਿਆੜੀ ਟੱਕਰੀ’। ਜਨਾਨੀਆਂ ਵੀ ਇੱਕ ਦੂਜੇ ਨੂੰ ਨਿੰਦਣ ਲਈ ਅਕਸਰ ਭੇਡ ਸ਼ਬਦ ਦੀ ਵਰਤੋਂ ਕਰਦੀਆਂ ਹਨ। ਇਸ ਤਰ੍ਹਾਂ ਸਾਡਾ ਪੰਜਾਬੀ ਸੱਭਿਆਚਾਰ ਜਾਂ ਸੱਭਿਆਚਾਰਕ ਜੀਵਨ ਕਹਿ ਲਈਏ ਕੁਦਰਤ ਨਾਲ ਓਤ ਪੋਤ ਹੈ। ਸਾਡੇ ਜੰਮਣ, ਮਰਨ ਅਤੇ ਖੁਸ਼ੀ ਗ਼ਮੀ ਵਿੱਚ ਹਰ ਮੌਕੇ ਕੁਦਰਤ ਹਾਜ਼ਰ ਹੁੰਦੀ ਹੈ। ਬੱਚੇ ਦੇ ਜਨਮ ਦੀ ਖ਼ੁਸ਼ੀ ਵਿੱਚ ਬੂਹੇ ਅੱਗੇ ਨਿੰਮ੍ਹ ਬੰਨ੍ਹਿਆ ਜਾਂਦਾ ਹੈ ਅਤੇ ਲਾਸ਼ ਦੇ ਆਲੇ ਦੁਆਲੇ ਵੀ ਨਿੰਮ੍ਹ ਰੱਖਿਆ ਜਾਂਦਾ ਹੈ। ਵਿਆਹ ਸਮੇਂ ਨੁਹਾਈ-ਧੁਆਈ ਵੇਲੇ ਬੰਨ ਲਾਉਣ ਵੇਲੇ ਦੱਬ੍ਹ (ਹਰਾ ਕੱਚਾ ਘਾਹ) ਦੀ ਵਰਤੋਂ ਕੀਤੀ ਜਾਂਦੀ ਹੈ। ਘੋੜੀ ਚੜ੍ਹਨ ਵੇਲੇ ਜੰਡੀ ਨੂੰ ਟੱਕ ਲਾਇਆ ਜਾਂਦਾ ਹੈ।
ਮੁੱਖ ਕਿੱਤਾ ਖੇਤੀਬਾੜੀ ਦਾ ਹੋਣ ਕਾਰਨ ਪੰਜਾਬੀ ਜੀਵਨ ਹਰ ਪੱਖੋਂ ਕੁਦਰਤ ਦੇ ਨੇੜੇ ਹੈ। ਸਾਡਾ ਖਾਣ-ਪੀਣ ਸ਼ਾਕਾਹਾਰੀ ਜਾਂ ਮਾਸਾਹਾਰੀ ਕੁਦਰਤ ਦੀ ਦੇਣ ਹੈ। ਇਸ ਤਰ੍ਹਾਂ ਸਾਡੇ ਪੰਜਾਬੀ ਜੀਵਨ ਵਿੱਚ ਵਰਤੇ ਜਾਂਦੇ ਸ਼ਬਦ, ਅਲੰਕਾਰ, ਮੁਹਾਵਰੇ, ਕਹਾਵਤਾਂ ਸਭ ਕੁਦਰਤ ਦੇ ਅੰਸ਼ਾਂ ਨਾਲ ਕਿਤੇ ਨਾ ਕਿਤੇ ਮੇਲ ਖਾਂਦੇ ਹਨ। ਕਿਸੇ ਮੰਦਾ ਬੋਲਣ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਭਾਈ ਉਸ ਦੇ ਮੂੰਹੋਂ ਤਾਂ ਹਰ ਵਕਤ ਅੰਗਿਆਰ ਹੀ ਡਿੱਗਦੇ ਰਹਿੰਦੇ ਹਨ। ਕਿਸੇ ਸਲੀਕੇਦਾਰ ਬੰਦੇ ਨੂੰ ਕਿਹਾ ਜਾਂਦਾ ਹੈ ਕਿ ਉਹ ਤਾਂ ਭਾਈ ਬਹੁਤ ਮਿੱਠ ਬੋਲੜਾ ਹੈ। ਉਸ ਦੇ ਮੂੰਹੋਂ ਤਾਂ ਫੁੱਲ ਕਿਰਦੇ ਹਨ। ਇਸੇ ਤਰ੍ਹਾਂ ਗਰਮ ਸੁਭਾਅ ਵਾਲੇ ਨੂੰ ਅੱਗ ਅਤੇ ਠੰਢੇ ਸੁਭਾਅ ਵਾਲੇ ਨੂੰ ਪਾਣੀ ਕਿਹਾ ਜਾਂਦਾ ਹੈ। ਪੰਜਾਬੀ ਜੀਵਨ ਵਿੱਚ ਵੱਡਿਆਂ ਵੱਲੋਂ ਛੋਟਿਆਂ ਨੂੰ ਸਮਝਾਉਣ, ਸਿੱਖਿਆ ਦੇਣ, ਮਾੜੇ ਕੰਮ ਤੋਂ ਵਰਜਣ ਲਈ, ਕਿਸੇ ਨੂੰ ਚਿਤਾਵਨੀ ਦੇਣ ਲਈ ਅਤੇ ਕਿਸੇ ਕੰਮ ਦੇ ਚੰਗੇ ਮਾੜੇ ਨਤੀਜੇ ਬਾਰੇ ਸੁਚੇਤ ਕਰਨ ਲਈ ਕੁਦਰਤ ਦੇ ਅੰਸ਼ਾਂ ਨੂੰ ਉਦਾਹਰਨ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਬੰਦੇ ਦੀ ਖ਼ੁਸ਼ੀ ਵੰਡਾਉਣ ਨਾਲ ਦੁੱਗਣੀ ਹੋ ਜਾਂਦੀ ਹੈ ਅਤੇ ਦੁੱਖ ਵੰਡਾਇਆਂ ਅੱਧਾ ਰਹਿ ਜਾਂਦਾ ਹੈ। ਦੁੱਖ ਵੇਲੇ ਦੁਸ਼ਮਣੀ ਭੁੱਲਣਾ ਸਾਡੇ ਪੰਜਾਬੀ ਜੀਵਨ ਦਾ ਇੱਕ ਅਹਿਮ ਗੁਣ ਹੈ। ਸਾਡੇ ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਭਾਈ ਹੋਰ ਕੁਝ ਨਹੀਂ ਕਰ ਸਕਦੇ ਤਾਂ ਦੋ ਬੋਲ ਹੀ ਹਮਦਰਦੀ ਦੇ ਬੋਲ ਦੇਵੋ। ਕਿਸੇ ਦੁਖੀ ਨੂੰ ਧਰਵਾਸ ਦੇਣ ਲਈ ਵਰਤੀ ਜਾਂਦੀ ਸਾਡੀ ਪੰਜਾਬੀ ਕਹਾਵਤ ਵਿੱਚ ਵੀ ਪਸ਼ੂਆਂ, ਜਾਨਵਰਾਂ ਦੇ ਨਾਮ ਦਾ ਪ੍ਰਯੋਗ ਹੁੰਦਾ ਹੈ। ਬਿਮਾਰ ਬੰਦੇ ਨੂੰ ਅਕਸਰ ਇਹ ਕਹਿ ਕੇ ਧਰਵਾਸ ਦਿੱਤਾ ਜਾਂਦਾ ਹੈ ਕਿ ਭਾਈ ਸਬਰ ਰੱਖ ਦੁੱਖ ਆਉਂਦਾ ਘੋੜੇ ਦੀ ਚਾਲ ਹੈ ਅਤੇ ਜਾਂਦਾ ਕੀੜੀ ਦੀ ਚਾਲ। ਹੁਣ ਇਸ ਸਾਧਾਰਨ ਜਿਹੀ ਅਖੌਤ ਰਾਹੀਂ ਸਬਰ, ਠਰ੍ਹੰਮਾ, ਧੀਰਜ ਰੱਖਣ ਦੀ ਨਸੀਹਤ ਨੂੰ ਕਿੰਨੇ ਸਾਦਾ ਢੰਗ ਨਾਲ ਕਿਹਾ ਗਿਆ ਹੈ। ਵੇਖਿਆ ਜਾਵੇ ਤਾਂ ਸਾਡੇ ਜੀਵਨ ਵਿੱਚ ਬਿਮਾਰੀ, ਬਿਪਤਾ, ਘਾਟਾ, ਮੁਸੀਬਤ ਇਕਦਮ ਆਉਂਦੇ ਹਨ ਜਾਂ ਕਹਿ ਲਈਏ ਕਿ ਘੋੜੇ ਦੀ ਚਾਲ ਆ ਜਾਂਦੇ ਹਨ, ਪਰ ਇਨ੍ਹਾਂ ਦਾ ਸਮਾਧਾਨ ਜਲਦੀ ਨਹੀਂ ਹੁੰਦਾ। ਇਸ ਵਿੱਚ ਸਮਾਂ ਲੱਗਦਾ ਹੈ। ਜਿਸ ਲਈ ਕੀੜੀ ਦੀ ਚਾਲ ਦੀ ਉਦਾਹਰਨ ਕਿੰਨੀ ਸਟੀਕ ਜਾਪਦੀ ਹੈ। ਮਨ ਨੂੰ ਟਿਕਾਣੇ ਰੱਖਣ, ਉਡੀਕ ਕਰਨ, ਸਬਰ ਰੱਖਣ ਅਤੇ ਧਰਵਾਸ ਰੱਖਣ ਦੀ ਨਸੀਹਤ ਹੈ ਕਿ ਕਿਸੇ ਵੀ ਪ੍ਰਕਾਰ ਦਾ ਦੁੱਖ ਦਰਦ ਆਵੇਗਾ ਤਾਂ ਘੋੜੇ ਦੀ ਚਾਲ ’ਤੇ ਅਤੇ ਜਾਵੇਗਾ ਕੀੜੀ ਦੀ ਚਾਲ ’ਤੇ।
ਅਜੋਕੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸੰਜਮ, ਸਬਰ, ਉਡੀਕ ਦੀ ਬਹੁਤ ਘਾਟ ਹੈ। ਹਰ ਕੋਈ ਸਮੱਸਿਆ ਦਾ ਹੱਲ ਚੁਟਕੀ ਵਿੱਚ ਚਾਹੁੰਦਾ ਹੈ। ਜਦੋਂ ਚੁਟਕੀ ਵਿੱਚ ਹੱਲ ਨਹੀਂ ਹੁੰਦਾ ਤਾਂ ਹਰ ਬੰਦਾ ਬੇਚੈਨ ਹੁੰਦਾ ਹੈ। ਇਹ ਬੇਚੈਨੀ ਉਸ ਦੇ ਖ਼ੁਦ ਲਈ ਅਤੇ ਸਮਾਜ ਲਈ ਮਾਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਅੱਜਕੱਲ੍ਹ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਸਿਰਫ਼ ਤੇ ਸਿਰਫ਼ ਵਿਦੇਸ਼ ਜਾਣ ਨੂੰ ਮੰਨ ਰਹੇ ਹਨ ਪ੍ਰੰਤੂ ਜਦੋਂ ਬਾਹਰ ਜਾ ਕੇ ਸਮੱਸਿਆਵਾਂ ਨਾਲ ਵਾਹ ਪੈਂਦਾ ਹੈ ਤਾਂ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ। ਵਿਦੇਸ਼ਾਂ ਵਿੱਚ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਮੁੱਖ ਕਾਰਨ ਡਿਪਰੈਸ਼ਨ ਨੂੰ ਹੀ ਮੰਨਿਆ ਜਾ ਰਿਹਾ ਹੈ। ਕਿਸੇ ਵੀ ਸਮੱਸਿਆ ਦੇ ਹੱਲ ਲਈ ਸਮਾਂ ਜ਼ਰੂਰ ਲੱਗਦਾ ਹੈ। ਕਿਸਾਨੀ ਵਿੱਚ ਵੀ ਜੋ ਕਿਸਾਨ ਮੁਸ਼ਕਿਲ ਵਿੱਚ ਧੀਰਜ ਖੋ ਬੈਠਦਾ ਹੈ। ਉਹ ਆਤਮਹੱਤਿਆ ਵਰਗਾ ਭਿਆਨਕ ਕਦਮ ਉਠਾ ਲੈਂਦਾ ਹੈ। ਕਿਸਾਨੀ ਸੰਘਰਸ਼ ਨੂੰ ਹੀ ਵੇਖ ਲਓ ਜੋ ਕਿ ਬਹੁਤ ਧੀਰਜ ਨਾਲ ਲੜਿਆ ਗਿਆ। ਸੋ ਅੱਜ ਦੇ ਸਮੇਂ ਵਿੱਚ ਸਬਰ, ਸੰਜਮ, ਉਡੀਕ ਅਤੇ ਧੀਰਜ ਦੀ ਬਹੁਤ ਜ਼ਰੂਰਤ ਹੈ ਜਾਂ ਕਹਿ ਲਈਏ ਕਿ ਜ਼ਿੰਦਗੀ ’ਚ ਸਮੱਸਿਆਵਾਂ ਆਉਣਗੀਆਂ ਤਾਂ ਘੋੜੇ ਦੀ ਚਾਲ ਨਾਲ ਪਰ ਜਾਣਗੀਆਂ ਕੀੜੀ ਦੀ ਚਾਲ ਨਾਲ।
ਸੰਪਰਕ: 98144-65017

Advertisement
Author Image

joginder kumar

View all posts

Advertisement
Advertisement
×