ਪੰਜਾਬੀ ਭਾਸ਼ਾ ਬਨਾਮ ਮਸਨੂਈ ਬੁੱਧੀ
ਭਾਸ਼ਾ ਸੰਚਾਰ ਦਾ ਸ਼ਕਤੀਸ਼ਾਲੀ ਮਾਧਿਅਮ ਹੁੰਦੀ ਹੈ ਜੋ ਕਿਸੇ ਕੌਮੀਅਤ ਦੇ ਹਾਵਾਂ-ਭਾਵਾਂ ਤੇ ਵਿਚਾਰਾਂ ਦਾ ਆਪਸੀ ਆਦਾਨ-ਪ੍ਰਦਾਨ ਕਰਦੀ ਹੈ। ਹਰ ਭਾਸ਼ਾ ਦੀ ਧੁਨੀ ਉਸ ਦੀ ਸੰਸਕ੍ਰਿਤੀ, ਸਮਾਜ ਤੇ ਇਤਿਹਾਸ ਮੁਤਾਬਿਕ ਸਿਰਜੀ ਜਾਂਦੀ ਹੈ।
ਪੰਜਾਬ ਰਾਜ ਭਾਸ਼ਾ ਕਾਨੂੰਨ 1967 ਵਿੱਚ ਸਾਲ 2008 ਦੀ ਸੋਧ ਅਨੁਸਾਰ ‘‘ਕੋਈ ਵੀ ਕਾਨੂੰਨ ਪੰਜਾਬ ਦੀਆਂ ਅਦਾਲਤਾਂ, ਦਫਤਰਾਂ, ਸਕੂਲਾਂ ਤੇ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਵਿੱਚ ਰੁਕਾਵਟ ਨਹੀਂ ਬਣ ਸਕਦਾ।’’ ਇਹ ਕਾਨੂੰਨ ਲਾਗੂ ਹੋਣ ਦੇ ਬਾਵਜੂਦ ਇਸ ਦਿਸ਼ਾ ਵਿੱਚ ਕੋਈ ਸਾਕਾਰਾਤਮਿਕ ਵਿਕਾਸ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਦੁਨੀਆ ਦੀ ਪ੍ਰਤੀਨਿਧ ਸੰਸਥਾ ਯੂਨੈਸਕੋ ਦੀ ਰਿਪੋਰਟ ਅਨੁਸਾਰ ਪੰਜਾਬੀ ਸਮੇਤ ਅਨੇਕਾਂ ਖੇਤਰੀ ਭਾਸ਼ਾਵਾਂ ਦੇ ਆਉਂਦੇ 50 ਸਾਲਾਂ ਵਿੱਚ ਖ਼ਤਮ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ਜਿਸ ਤਹਿਤ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਕਾਇਮ ਰੱਖਣ ਹਿੱਤ ਸਾਹਿਤਕ ਵਿਚਾਰ ਗੋਸ਼ਟੀਆਂ ਤੇ ਕਾਨਫਰੰਸਾਂ ਦੀਆਂ ਲੜੀਆਂ ਦੀ ਸ਼ੁਰੂਆਤ ਹੋਈ।
ਇਸ ਸਭ ਦੇ ਬਾਵਜੂਦ ਵਰਤਮਾਨ ਸਮੇਂ ਪੰਜਾਬੀ ਭਾਸ਼ਾ, ਪੰਜਾਬੀ ਬੋਲਦੇ ਖੇਤਰਾਂ ਦੀ ਨਹੀਂ ਸਗੋਂ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦਿਆਂ 150 ਮੁਲਕਾਂ ਵਿੱਚ ਵੱਸਦੇ 15 ਕਰੋੜ ਲੋਕਾਂ ਦੀ ਭਾਸ਼ਾ ਬਣ ਚੁੱਕੀ ਹੈ। ਇਹ ਦੁਨੀਆ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ 10ਵੇਂ ਸਥਾਨ ’ਤੇ ਆਉਂਦੀ ਹੈ।
ਹੁਣ ਤਕਨੀਕੀ ਯੁੱਗ ਵਿੱਚ ਮਸਨੂਈ ਬੁੱਧੀ (ਏਆਈ) ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਰਿਲੀਜ਼ ਹੋਣ ਤੋਂ ਬਾਅਦ ਖ਼ਾਸਕਰ ਗੂਗਲ ਵੱਲੋਂ ਜੇਮਿਨੀ ਪ੍ਰੋ (ਬਾਰਡ) ਲਾਂਚ ਕੀਤਾ ਗਿਆ। ਇਸ ਮਗਰੋਂ ਸਾਹਿਤਕ ਖੇਤਰ ਵਿੱਚ ਪੰਜਾਬੀ ਭਾਸ਼ਾ ਦੀ ਹੋਂਦ ਅਤੇ ਇਸ ਦੀਆਂ ਭਵਿੱਖੀ ਸੰਭਾਵਨਾਵਾਂ ਦੀ ਮੁੜ ਚਰਚਾ ਸ਼ੁਰੂ ਹੋਈ ਹੈ ਕਿਉਂਕਿ ਇਸ ਪ੍ਰੋਗਰਾਮ ਵਿੱਚ ਭਾਰਤ ਦੀਆਂ 9 ਭਾਸ਼ਾਵਾਂ ਹਿੰਦੀ, ਬੰਗਾਲੀ, ਮਰਾਠੀ, ਤਾਮਿਲ, ਤੇਲਗੂ, ਗੁਜਰਾਤੀ, ਮਲਿਆਲਮ, ਕੰਨੜ ਤੇ ਉਰਦੂ ਨੂੰ ਸ਼ਾਮਿਲ ਕੀਤਾ ਗਿਆ ਹੈ ਜਦੋਂਕਿ ਹਿੰਦੀ ਤੇ ਬੰਗਾਲੀ ਮਗਰੋਂ ਪੰਜਾਬੀ ਅਜਿਹੀ ਭਾਸ਼ਾ ਹੈ ਜਿਸ ਦੇ 15 ਕਰੋੜ ਬੁਲਾਰੇ ਹਨ।
ਪੰਜਾਬੀ ਭਾਸ਼ਾ ਨੂੰ ਇਸ ਪ੍ਰੋਗਰਾਮ ਵਿੱਚ ਨਾ ਸ਼ਾਮਿਲ ਕਰਨ ਦਾ ਪ੍ਰਮੁੱਖ ਕਾਰਨ ਪੰਜਾਬੀ ਦੇ ਵਰਤੋਂਕਾਰਾਂ ਦਾ ਵੱਖ-ਵੱਖ ਲਿੱਪੀਆਂ ਵਿੱਚ ਵੰਡਿਆ ਹੋਣਾ ਹੈ ਕਿਉਂਕਿ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਗੁਰਮੁਖੀ, ਸ਼ਾਹਮੁਖੀ, ਰੋਮਨ ਤੇ ਥੋੜ੍ਹਾ ਬਹੁਤ ਦੇਵਨਗਰੀ ਰਾਹੀਂ ਲਿਖਿਆ ਜਾਂਦਾ ਹੈ। ਇੰਟਰਨੈੱਟ ’ਤੇ ਅਪਲੋਡ ਹੁੰਦੀ ਪੰਜਾਬੀ ਭਾਸ਼ਾ ਦੀ ਸਾਰੀ ਸਮੱਗਰੀ ਗੁਰਮੁਖੀ ਵਿੱਚ ਨਹੀਂ ਸਗੋਂ ਵੱਖ-ਵੱਖ ਲਿੱਪੀਆਂ ਵਿੱਚ ਖ਼ਾਸਕਰ ਰੋਮਨ ਲਿਪੀ ਵਿੱਚ ਹੁੰਦੀ ਹੈ। ਭਾਵ ਜਿੰਨੇ ਡਾਟਾ ਦੀ ਜ਼ਰੂਰਤ ਹੈ ਉਹ ਡਿਜੀਟਲ ਰੂਪ ਵਿੱਚ ਖ਼ਾਸਕਰ ਗੁਰਮੁਖੀ ਲਿੱਪੀ ਵਿੱਚ ਮੌਜੂਦ ਨਹੀਂ ਹੈ।
ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ ਦੀਆਂ ਵੱਖ-ਵੱਖ ਜਨਤਕ ਵੈੱਬਸਾਈਟਾਂ ’ਤੇ ਮੌਜੂਦ ਸਮੱਗਰੀ ਵੀ ਗੁਰਮੁਖੀ ਵਿੱਚ ਨਹੀਂ ਹੈ। ਪੰਜਾਬੀ ਸਾਹਿਤ ਨਾਲ ਸਬੰਧਿਤ ਕੁਝ ਕੁ ਵੈੱਬਸਾਈਟ ਹੋਂਦ ਵਿੱਚ ਆਈਆਂ ਹਨ ਜਿਨ੍ਹਾਂ ਤੋਂ ਸਾਹਿਤਕ ਸਮੱਗਰੀ ਪ੍ਰਾਪਤ ਹੁੰਦੀ ਹੈ। ਗਿਆਨ-ਵਿਗਿਆਨ, ਕਾਨੂੰਨ, ਡਾਕਟਰੀ, ਗਣਿਤ ਨਾਲ ਸਬੰਧਿਤ ਕਿਤਾਬਾਂ ਵੀ ਸਾਨੂੰ ਗੁਰਮੁਖੀ ਲਿੱਪੀ ਵਿੱਚ ਪ੍ਰਾਪਤ ਨਹੀਂ ਹੁੰਦੀਆਂ। ਇਸ ਲਈ ਇੰਟਰਨੈੱਟ ਦੀਆਂ ਵੱਖ-ਵੱਖ ਸਾਈਟਾਂ ’ਤੇ ਮੌਜੂਦ ਡੇਟਾ ਬਹੁਤ ਥੋੜ੍ਹੀ ਸੰਖਿਆ ਵਿੱਚ ਹੈ। ਜਿਹੜਾ ਡੇਟਾ ਮੌਜੂਦ ਹੈ ਵੀ, ਉਨ੍ਹਾਂ ਵਿੱਚ ਵੱਖ-ਵੱਖ ਫੌਂਟਾਂ ਦੀ ਸਮੱਸਿਆ ਹੈ। ਅਜਿਹੇ ਵਿੱਚ ਬਹੁਤ ਥੋੜ੍ਹਾ ਡੇਟਾ ਮੌਜੂਦ ਰਹਿ ਜਾਂਦਾ ਹੈ।
ਇਸ ਲਈ ਸਾਨੂੰ ਮਸਨੂਈ ਬੁੱਧੀ (ਏਆਈ) ਦੇ ਦੌਰ ਵਿੱਚ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਦੀ ਲੋੜ ਹੈ ਜਿਸ ਨਾਲ ਅਸੀਂ ਇੰਟਰਨੈੱਟ ਤੇ ਵੱਖ-ਵੱਖ ਸਾਈਟਾਂ ਦੀ ਵਰਤੋਂ ਕਰਦੇ ਸਮੇਂ ਗੁਰਮੁਖੀ ਲਿਪੀ ਦੀ ਵਰਤੋਂ ਕਰ ਸਕੀਏ। ਕੋਈ ਵੀ ਸਵਾਲ ਜਵਾਬ ਜਾਂ ਟਿੱਪਣੀ ਵੀ ਗੁਰਮੁਖੀ ਵਿੱਚ ਕੀਤੀ ਜਾਵੇ। ਪੰਜਾਬੀ ਸਾਹਿਤ ਤੋਂ ਇਲਾਵਾ ਗਿਆਨ-ਵਿਗਿਆਨ, ਗਣਿਤ, ਕਾਨੂੰਨ, ਡਾਕਟਰੀ ਨਾਲ ਸਬੰਧਿਤ ਕਿਤਾਬਾਂ ਪੰਜਾਬੀ ਵਿੱਚ ਤਿਆਰ ਕਰਕੇ ਵੈੱਬਸਾਈਟਾਂ ’ਤੇ ਅਪਲੋਡ ਕਰਨੀਆਂ ਚਾਹੀਦੀਆਂ ਹਨ। ਸਰਕਾਰ ਨੂੰ ਆਪਣੀਆਂ ਸਾਰੀਆਂ ਜਨਤਕ ਵੈੱਬਸਾਈਟਾਂ ’ਤੇ ਡਿਜੀਟਲ ਡੇਟਾ ਪੰਜਾਬੀ ਵਿੱਚ ਅਪਲੋਡ ਕਰਨ ਦੀਆਂ ਨਵੀਆਂ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ। ਸਾਰਾ ਡੇਟਾ ਇੱਕ ਯੂਨੀਕੋਡ ਫੌਂਟ ਰਾਹੀਂ ਹੀ ਅਪਲੋਡ ਕੀਤਾ ਜਾਵੇ ਤਾਂ ਜੋ ਵਰਤੋਕਾਰ ਤੇ ਅਪਲੋਡ ਕਰਤਾ ਦਾ ਸਾਂਝਾ ਫੌਂਟ ਹੋਵੇ। ਇਸ ਤੋਂ ਇਲਾਵਾ ਸਾਨੂੰ ਵਿਸ਼ਵੀਕਰਨ ਦੇ ਦੌਰ ਵਿੱਚ ਬਾਜ਼ਾਰ ਨੂੰ ਪੰਜਾਬੀ ਸਮੱਗਰੀ ਦੀ ਲੋੜ ਮਹਿਸੂਸ ਕਰਵਾਉਣੀ ਹੋਵੇਗੀ। ਵੈਸੇ ਵੀ ਅਸੀਂ ਆਪਣੇ ਪੰਜਾਬੀ ਏਆਈ (ਬਾਰਡ), ਚੈਟ, ਜੀਪੀਟੀ ਪ੍ਰੋਗਰਾਮ ਲਾਂਚ ਕਰ ਸਕਦੇ ਹਾਂ।
ਅੰਤ ਸਾਨੂੰ ਸਾਡੀ ਮਾਨਸਿਕਤਾ ਬਦਲਣ ਦੀ ਲੋੜ ਹੈ। ਗੂਗਲ ’ਚ ਪੰਜਾਬੀ ਹੈ ਜਾਂ ਨਹੀਂ ਹੈ...! ਇਹ ਕੋਈ ਵੱਡਾ ਮਸਲਾ ਨਹੀਂ ਸਗੋਂ ਪੰਜਾਬੀ ਭਾਸ਼ਾ ਪ੍ਰਤੀ ਸੁਹਿਰਦਤਾ ਅਪਣਾਉਂਦਿਆਂ ਇਸ ਨੂੰ ਤਕਨੀਕੀ ਯੁੱਗ ਦੀਆਂ ਲੋੜਾਂ ਮੁਤਾਬਿਕ ਰੁਜ਼ਗਾਰ ਤੇ ਗਿਆਨ-ਵਿਗਿਆਨ ਦੀ ਭਾਸ਼ਾ ਵਜੋਂ ਸਥਾਪਿਤ ਕਰਨ ਦੀ ਲੋੜ ਹੈ।
ਸੰਪਰਕ: 94179-71451