For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ

08:35 AM Apr 24, 2024 IST
ਪੰਜਾਬੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ
Advertisement

ਅਮਨਦੀਪ ਸਿੰਘ

Advertisement

ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥
ਗੁਰੂ ਨਾਨਕ ਦੇਵ ਜੀ ਨੇ ਉਦੋਂ ਲੋਕਾਂ ਨੂੰ ਗ਼ੁਲਾਮੀ ਦੀ ਅਵਸਥਾ ਵਿੱਚੋਂ ਝੰਜੋੜਨ ਲਈ ਇਹ ਸ਼ਬਦ ਉਚਾਰਿਆ ਸੀ, ਜਦੋਂ ਹਰ ਇੱਕ ਘਰ ਵਿੱਚ ਲੋਕ ‘ਮੀਆ’ ਬੋਲਣ ਲੱਗ ਪਏ ਸਨ ਕਿਉਂਕਿ ਉਸ ਵੇਲੇ ਦੇ ਹਾਕਮਾਂ ਦੀ ਬੋਲੀ ਫ਼ਾਰਸੀ ਸੀ। ਅੱਜ ਜਦੋਂ ਅਸੀਂ ‘ਹੈਲੋ, ਹਾਏ!’ ਬੋਲਦੇ ਹਾਂ ਤਾਂ ਉਨ੍ਹਾਂ ਹਾਕਮਾਂ ਦੀ ਬੋਲੀ ਬੋਲਦੇ ਹਾਂ, ਜਿਨ੍ਹਾਂ ਨੂੰ ਦੇਸ਼ ਛੱਡਿਆਂ ਸੱਤ ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਅਸੀਂ ਅਜੇ ਵੀ ਮਾਨਸਿਕ ਤੌਰ ’ਤੇ ਉਨ੍ਹਾਂ ਦੀ ਭਾਸ਼ਾ ਦੇ ਗ਼ੁਲਾਮ ਹਾਂ। ਦਰਅਸਲ, ਅਸੀਂ ਕਦੇ ਇਸ ਗ਼ੁਲਾਮੀ ਤੋਂ ਮੁਕਤ ਹੀ ਨਹੀਂ ਹੋ ਸਕੇ ਜਾਂ ਫਿਰ ਮੁਕਤ ਹੋਣ ਬਾਰੇ ਨਹੀਂ ਸੋਚਿਆ ਤਾਂ ਹੀ ਤਾਂ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦੇ ਕੇ ਮਾਣ ਮਹਿਸੂਸ ਕਰਦੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਦੇਣੀ ਚਾਹੁੰਦੇ ਹਾਂ, ਜਿਸ ਦਾ ਇੱਕ ਮੂਲ ਕਾਰਨ ਅੰਗਰੇਜ਼ੀ ਮਾਧਿਅਮ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਆਲਮੀ ਪਿੰਡ ਬਣੇ ਯੁੱਗ ਵਿੱਚ ਅੰਗਰੇਜ਼ੀ ਤੋਂ ਬਿਨਾਂ ਨਹੀਂ ਵਿਚਰਿਆ ਜਾ ਸਕਦਾ ਅਤੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਸ਼ਾਨਦਾਰ ਭਵਿੱਖ ਲਈ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਵਿੱਦਿਆ ਦੇਣ ਦੇ ਚਾਹਵਾਨ ਹੁੰਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਸ ਦੇ ਮਾਨਸਿਕ ਤੌਰ ’ਤੇ ਗ਼ੁਲਾਮ ਹੋ ਜਾਈਏ। ਸਾਨੂੰ ਅੰਗਰੇਜ਼ੀ ਦਬਾਅ ਦੇ ਤੌਰ ’ਤੇ ਨਹੀਂ ਪੜ੍ਹਨੀ ਚਾਹੀਦੀ ਸਗੋਂ ਵਰਤੋਂ ਲਈ ਪੜ੍ਹਨੀ ਚਾਹੀਦੀ ਹੈ। ਉਸ ਨੂੰ ਇੱਕ ਤਰ੍ਹਾਂ ਦੇ ਸਾਧਨ ਦੇ ਤੌਰ ’ਤੇ ਵਰਤਣਾ ਚਾਹੀਦਾ ਹੈ। ਅਜੇ ਵੀ ਬਸਤੀਵਾਦ ਸਾਡੇ ਮਨਾਂ ਦੇ ਅੰਦਰ ਫੈਲਿਆ ਹੋਇਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਅੰਗਰੇਜ਼ੀ ਭਾਸ਼ਾ ਦੇ ਮਾਨਸਿਕ ਤੌਰ ’ਤੇ ਗ਼ੁਲਾਮ ਹਾਂ। ਇਸ ਮਾਨਸਿਕ ਗ਼ੁਲਾਮੀ ਦੀ ਅਵਸਥਾ ਵਿੱਚੋਂ ਕੱਢਣ ਵਾਸਤੇ ਅੱਜ ਵੀ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਅਤੇ ਅਸੀਂ ਉਸ ਦੇ ਅੱਗੇ ਨਤਮਸਤਕ ਵੀ ਹੁੰਦੇ ਹਾਂ ਪਰ ਉਸ ਬਾਣੀ ਦਾ ਮੂਲ ਭਾਵ ਨਹੀਂ ਸਮਝਦੇ ਜਾਂ ਫਿਰ ਸਾਨੂੰ ਅਜਿਹੀ ਸਿੱਖਿਆ ਹੀ ਨਹੀਂ ਮਿਲੀ ਕਿ ਅਸੀਂ ਉਸ ਦਾ ਮੂਲ ਭਾਵ ਸਮਝ ਸਕੀਏ। ਇਸ ਦਾ ਇੱਕੋ ਹੀ ਕਾਰਨ ਹੋ ਸਕਦਾ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਦਾ ਚੰਗੀ ਤਰ੍ਹਾਂ ਅਧਿਐਨ ਨਹੀਂ ਕੀਤਾ।
ਅਮੀਰ ਸੱਭਿਅਤਾ ਦੀ ਮਾਲਕ, ਪੰਜਾਬ ਦੀ ਉਹ ਧਰਤੀ ਜਿੱਥੇ ਰਿਗ ਵੇਦ, ਗੁਰੂ ਗ੍ਰੰਥ ਸਾਹਿਬ ਤੇ ਬਹੁਤ ਸਾਰੇ ਹੋਰ ਮਹਾਨ ਗ੍ਰੰਥ ਰਚੇ ਗਏ, ਅੱਜ ਆਪਣੀ ਪਹਿਚਾਣ, ਆਪਣੀ ਬੋਲੀ ਨੂੰ ਵਿਸਾਰਦੀ ਜਾ ਰਹੀ ਹੈ। ਅੱਜ ਰਾਣੀ ਨੂੰ ਤਖ਼ਤ ਤੋਂ ਉਤਾਰ ਕੇ ਪਟਰਾਣੀ ਦੀ ਤਾਜਪੋਸ਼ੀ ਕੀਤੀ ਜਾ ਰਹੀ ਹੈ। ਕੀ ਅਸੀਂ ਉਸ ਰਾਣੀ ਨੂੰ ਦੁਬਾਰਾ ਤਖ਼ਤ ’ਤੇ ਨਹੀਂ ਬਿਠਾ ਸਕਦੇ? ਜ਼ਰੂਰ ਬਿਠਾ ਸਕਦੇ ਹਾਂ, ਜੇਕਰ ਅਸੀਂ ਰੂਸ, ਚੀਨ ਅਤੇ ਯੂਰਪ ਦੇ ਦੇਸ਼ਾਂ ਵਾਂਗ ਆਪਣੀ ਰਾਣੀ ਮਾਂ ਬੋਲੀ ਨੂੰ ਬਣਦਾ ਰੁਤਬਾ ਪ੍ਰਦਾਨ ਕਰੀਏ। ਇਨ੍ਹਾਂ ਸਭ ਦੇਸ਼ਾਂ ਵਿੱਚ ਸਿੱਖਿਆ ਦਾ ਮੂਲ ਮਾਧਿਅਮ ਉੱਥੋਂ ਦੀ ਮੂਲ ਭਾਸ਼ਾ ਹੈ ਅਤੇ ਉਹ ਬੜੇ ਫਖ਼ਰ ਨਾਲ ਉਸ ਵਿੱਚ ਵਿੱਦਿਆ ਵਿਚਾਰਦੇ ਹਨ ਅਤੇ ਆਪਣੇ ਦੇਸ਼ਾਂ ਨੂੰ ਉੱਨਤੀ ਦੀ ਸਿਖਰ ’ਤੇ ਲੈ ਕੇ ਜਾ ਰਹੇ ਹਨ ਜੋ ਕਿ ਸਭ ਦੇ ਸਾਹਮਣੇ ਪ੍ਰਤੱਖ ਹੈ। ਫਿਰ ਅਸੀਂ ਅਜਿਹਾ ਕਿਉਂ ਨਹੀਂ ਕਰ ਸਕਦੇ?
ਅੱਜ ਵਿਗਿਆਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬਾਲਕ ਗਰਭ ਵਿੱਚ ਜਿਹੜੀ ਭਾਸ਼ਾ ਸੁਣਦਾ ਹੈ, ਉਸ ਵਿੱਚ ਹੀ ਉਸ ਨੂੰ ਮੁੱਢਲੀ ਸਿੱਖਿਆ ਦੇਣੀ ਚਾਹੀਦੀ ਹੈ ਕਿਉਂਕਿ ਉਹ ਮਾਤ-ਭਾਸ਼ਾ ਵਿੱਚ ਹੀ ਆਪਣੇ ਵਿਚਾਰ ਸਪੱਸ਼ਟ ਰੂਪ ਵਿੱਚ ਦਰਸਾ ਸਕਦਾ ਹੈ। ਮਾਤ-ਭਾਸ਼ਾ ਹੀ ਇੱਕ ਦੂਸਰੇ ਨਾਲ ਵਿਚਾਰ ਸਾਂਝੇ ਕਰਨ ਦਾ ਸਭ ਤੋਂ ਸਫਲ ਤਰੀਕਾ ਹੈ। ਅਸੀਂ ਕਿਸੇ ਵੀ ਭਾਸ਼ਾ ਵਿੱਚ ਲਿਖ ਸਕਦੇ ਹਾਂ ਪਰ ਰਚਨਾਤਮਕ ਲੇਖਣੀ ਸਿਰਫ਼ ਮਾਤ-ਭਾਸ਼ਾ ਵਿੱਚ ਹੀ ਸਫਲ ਤਰੀਕੇ ਨਾਲ ਰਚੀ ਜਾ ਸਕਦੀ ਹੈ। ਹਾਲਾਂਕਿ ਬੱਚੇ, ਇੱਕੋ ਸਮੇਂ ਬਾਰਾਂ ਭਾਸ਼ਾਵਾਂ ਸਿੱਖ ਸਕਦੇ ਹਨ ਪਰ ਮਾਤ-ਭਾਸ਼ਾ ਸਿੱਖਣੀ ਸਭ ਤੋਂ ਸੌਖੀ ਹੈ ਅਤੇ ਇਸ ਵਿੱਚ ਹੀ ਹੋਰ ਵਿਸ਼ੇ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਜਿਵੇਂ ਕਿ ਗਣਿਤ ਅਤੇ ਵਿਗਿਆਨ ਦੇ ਜਟਿਲ ਸਿਧਾਂਤ ਅਤੇ ਸੂਤਰ ਮਾਤ-ਭਾਸ਼ਾ ਵਿੱਚ ਜਲਦੀ ਸਮਝੇ ਜਾ ਸਕਦੇ ਹਨ ਕਿਉਂਕਿ ਬੱਚੇ ਨੂੰ ਦੂਜੀ ਭਾਸ਼ਾ ਦੇ ਵਾਕ ਯਾਦ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਵੇਗੀ ਅਤੇ ਨਾ ਹੀ ਉਸ ’ਤੇ ਕੋਈ ਦਬਾਅ ਹੋਵੇਗਾ। ਉਹ ਸੁਤੰਤਰ ਹੋ ਕਿ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ। ਉਹ ਆਪਣੀਆਂ ਸੋਚਾਂ ਵੀ ਵਿਗਿਆਨਕ ਢੰਗ ਨਾਲ ਲਿਖ ਸਕਦਾ ਹੈ। ਬੱਚਾ ਜਿਹੜੀ ਭਾਸ਼ਾ ਵਿੱਚ ਸੋਚਦਾ ਹੈ ਜੇ ਉਸੇ ਭਾਸ਼ਾ ਵਿੱਚ ਉਸ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਕੁਦਰਤੀ ਤੌਰ ’ਤੇ ਉਹ ਕੋਈ ਵੀ ਸਿਧਾਂਤ ਆਸਾਨੀ ਨਾਲ ਸਮਝ ਸਕੇਗਾ।
ਬਸਤੀਵਾਦ ਨਾਲ ਇਹ ਧਾਰਨਾ ਬਣ ਗਈ ਹੈ ਕਿ ਅੰਗਰੇਜ਼ੀ ਅਤੇ ਹੋਰ ਯੂਰਪ ਦੀਆਂ ਭਾਸ਼ਾਵਾਂ ਹੀ ਵਿਗਿਆਨਕ ਸ਼ਬਦਾਵਲੀ ਨੂੰ ਵਧੀਆ ਤੌਰ ’ਤੇ ਪੇਸ਼ ਕਰ ਸਕਦੀਆਂ ਹਨ ਪਰ ਇਹ ਸੱਚ ਨਹੀਂ ਹੈ। ਦੁਨੀਆ ਦੀਆਂ ਸਾਰੀਆਂ ਮੂਲ ਭਾਸ਼ਾਵਾਂ ਵਿਗਿਆਨਕ ਵਿਚਾਰਾਂ ਨੂੰ ਦਰਸਾਉਣ ਦੇ ਕਾਬਲ ਹਨ ਅਤੇ ਉਨ੍ਹਾਂ ਵਿੱਚ ਨਵੇਂ ਸਿਧਾਂਤ ਅਤੇ ਸੰਕਲਪ ਉਲੀਕੇ ਜਾ ਸਕਦੇ ਹਨ। ਇੱਥੇ ਸੰਸਕ੍ਰਿਤ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ ਜਿਸ ਵਿੱਚ ਪੁਰਾਤਨ ਭਾਰਤ ਵਿੱਚ ਗਣਿਤ ਵਿਕਸਿਤ ਹੋਇਆ। ਪੰਜਾਬ ਵਿੱਚ ਵੀ ਸਮੁੱਚੀ ਸਿੱਖਿਆ ਦਾ ਮਾਧਿਅਮ ਪੰਜਾਬੀ ਹੀ ਹੋਣਾ ਚਾਹੀਦਾ ਹੈ। ਸਿਰਫ਼ ਸਰਕਾਰੀ ਸਕੂਲਾਂ ਵਿੱਚ ਹੀ ਨਹੀਂ ਪ੍ਰਾਈਵੇਟ ਸਕੂਲਾਂ ਵਿੱਚ ਵੀ ਪੰਜਾਬੀ ਮਾਧਿਅਮ ਵਿੱਚ ਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਪ੍ਰਾਈਵੇਟ ਸਕੂਲਾਂ ਦੀਆਂ ਅਖੌਤੀ ਵਧੀਆ ਸਹੂਲਤਾਂ ਨਾਲ ਬੱਚਿਆਂ ਦਾ ਦਿਮਾਗ਼ ਹੋਰ ਵੀ ਪ੍ਰਫੁੱਲਿਤ ਹੋ ਸਕਦਾ ਹੈ। ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਹਨ, ਜਿਨ੍ਹਾਂ ਵਿੱਚ ਪੰਜਾਬੀ ਮਾਧਿਅਮ ਹੈ ਅਤੇ ਬੱਚੇ ਵੀ ਚੰਗੇ ਨੰਬਰ ਲੈ ਕੇ ਆਉਂਦੇ ਹਨ।
ਇੱਥੇ ਅਸੀਂ ਇਹ ਦਲੀਲ ਦੇ ਸਕਦੇ ਹਾਂ ਕਿ ਗ੍ਰੈਜੂਏਟ ਜਾਂ ਪੋਸਟ-ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਅੰਗਰੇਜ਼ੀ ਹੀ ਮੁੱਖ ਮਾਧਿਅਮ ਹੈ ਅਤੇ ਫਿਰ ਪੰਜਾਬੀ ਮਾਧਿਅਮ ਵਿੱਚ ਪੜ੍ਹਿਆ ਬੱਚਾ ਕਿਸ ਤਰ੍ਹਾਂ ਕਾਮਯਾਬ ਹੋ ਸਕਦਾ ਹੈ? ਪਰ ਅੱਜ ਦੇ ਵਿਦਿਆਰਥੀਆਂ ਨੇ ਪੰਜਾਬੀ ਮਾਧਿਅਮ ਵਿੱਚ ਉੱਚ-ਸਿੱਖਿਆ ਲੈ ਕੇ ਤੇ ਯੂਨੀਵਰਸਿਟੀਆਂ ਵਿੱਚ ਪਹਿਲਾ ਦਰਜਾ ਲੈ ਕੇ ਇਹ ਸਾਬਤ ਕਰ ਦਿੱਤਾ ਹੈ ਕੇ ਮਾਧਿਅਮ ਭਾਵੇਂ ਕੋਈ ਵੀ ਹੋਵੇ। ਫਿਰ ਵੀ ਵਿਸ਼ਵ ਵਿੱਚ ਵਿਚਰਨ ਤੇ ਸੰਚਾਰ ਲਈ ਜੇ ਅੰਗਰੇਜ਼ੀ ਵਿੱਚ ਉੱਚ-ਸਿੱਖਿਆ ਜ਼ਰੂਰੀ ਹੈ ਤਾਂ ਵਿਦਿਆਰਥੀਆਂ ਦਾ ਮਾਧਿਅਮ ਹੌਲੀ-ਹੌਲੀ ਤਰੀਕੇ ਨਾਲ ਬਦਲਣਾ ਚਾਹੀਦਾ ਹੈ। ਇਸ ਵਾਸਤੇ ਅਧਿਆਪਨ ਦੀਆਂ ਕਈ ਵਿਧੀਆਂ ਵਰਤੀਆਂ ਜਾ ਸਕਦੀਆਂ ਹਨ। ਪੰਜਾਬ ਸਿੱਖਿਆ ਬੋਰਡ ਦਾ ਪਾਠ-ਕ੍ਰਮ ਵਿਸ਼ਵ ਪੱਧਰ ਦਾ ਹੈ ਪਰ ਲੋੜ ਹੈ ਉਸ ਨੂੰ ਸਹੀ ਢੰਗ ਨਾਲ ਪੜ੍ਹਾਉਣ ਦੀ, ਅਧਿਆਪਕਾਂ ਨੂੰ ਚੰਗੀ ਸਿਖਲਾਈ ਅਤੇ ਪ੍ਰੇਰਨਾ ਦੇਣ ਦੀ ਅਤੇ ਬੱਚਿਆਂ ਨੂੰ ਪਰਿਕਲਪਨਾ (ਥਿਊਰੀ) ਨਾਲੋਂ, ਪ੍ਰਯੋਗਾਤਮਕ (ਪ੍ਰੈਕਟੀਕਲ) ਵਿੱਦਿਆ ਦੇਣ ਦੀ। ਇਸ ਦੇ ਨਾਲ ਵਿਦਿਆਰਥੀ ਪੰਜਾਬੀ ਵਿੱਚ ਮਾਹਿਰ ਤਾਂ ਹੋਣਗੇ ਹੀ ਸਗੋਂ ਅੰਗਰੇਜ਼ੀ ਵਿੱਚ ਵੀ ਆਪਣੇ ਵਿਚਾਰ ਚੰਗੀ ਤਰ੍ਹਾਂ ਪ੍ਰਗਟਾ ਸਕਣਗੇ। ਆਓ, ਪੰਜਾਬੀ ਮਾਧਿਅਮ ਵਿੱਚ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਟੀਚਾ ਮਿੱਥੀਏ। ਇਸ ਸਬੰਧ ਵਿੱਚ ਸਰਕਾਰ ਅਤੇ ਆਮ ਨਾਗਰਿਕਾਂ ਨੂੰ ਮਿਲ ਕੇ ਸਾਂਝਾ ਉਪਰਾਲਾ ਕਰਨਾ ਚਾਹੀਦਾ ਹੈ ਅਤੇ ਪੰਜਾਬੀ ਮਾਤ-ਭਾਸ਼ਾ ਨੂੰ ਦੁਬਾਰਾ ਤਖ਼ਤ ’ਤੇ ਬਿਠਾ ਕੇ ਉਸ ਦਾ ਯੋਗ ਦਰਜਾ ਦੇਣਾ ਚਾਹੀਦਾ ਹੈ।
ਸੰਪਰਕ: +1 508-243-8846

Advertisement
Author Image

joginder kumar

View all posts

Advertisement
Advertisement
×