ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਲੋਕ-ਮਨ ਤੇ ਰਾਮ ਕਥਾ

07:30 AM Nov 12, 2023 IST
ਭਗਵਾਨ ਵਾਲਮੀਕੀ ਤੀਰਥ ਅਸਥਾਨ/ ਰਾਮ ਤੀਰਥ।

ਸਵਰਾਜਬੀਰ

ਲੋਕ-ਮਨ ਵਿਚ ਜ਼ਿੰਦਗੀ ਦੇ ਵਰਤਾਰਿਆਂ ਨੂੰ ਬਹੁਤ ਸਹਜਿ ਨਾਲ ਸਵੀਕਾਰ ਕਰਨ ਦੀ ਅਸੀਮ ਸ਼ਕਤੀ ਹੁੰਦੀ ਹੈ। ਸਦੀਆਂ ਤੋਂ ਇਕ ਖਿੱਤੇ ਵਿਚ ਰਹਿੰਦੇ ਲੋਕਾਂ ਦੇ ਮਨਾਂ ਵਿਚ ਉੱਥੇ ਹੋਏ ਯੁੱਧਾਂ, ਜਿੱਤਾਂ, ਹਾਰਾਂ, ਕਸ਼ਟ ਦੇ ਸਮਿਆਂ, ਜਸ਼ਨਮਈ ਵੇਲਿਆਂ ਅਤੇ ਉੱਥੇ ਪਣਪੀਆਂ ਕਥਾ-ਕਹਾਣੀਆਂ, ਰੀਤਾਂ, ਧਰਮਾਂ, ਇਨਕਲਾਬਾਂ ਤੇ ਦੁਖਾਂਤਾਂ ਦੀਆਂ ਯਾਦਾਂ ਪਈਆਂ ਹੁੰਦੀਆਂ ਹਨ। ਇਸੇ ਤਰ੍ਹਾਂ ਰਾਮਾਇਣ ਅਤੇ ਦੀਵਾਲੀ ਦੀ ਕਥਾ ਵੀ ਪੰਜਾਬੀ ਲੋਕ-ਮਨ ਦੀਆਂ ਕਈ ਪਰਤਾਂ ਵਿਚ ਗੁੰਦੀ ਹੋਈ ਹੈ। ਰਾਮਾਇਣ ਦੀਆਂ ਕਈ ਰਵਾਇਤਾਂ ਹਨ ਅਤੇ ਪੰਜਾਬ ਵਿਚ ਪ੍ਰਚਲਿਤ ਰਵਾਇਤ ਅਨੁਸਾਰ ਰਿਸ਼ੀ ਵਾਲਮੀਕ ਦਾ ਆਸ਼ਰਮ ਅੰਮ੍ਰਿਤਸਰ ਜ਼ਿਲ੍ਹੇ ਵਿਚ ਉਸ ਸਥਾਨ ’ਤੇ ਸੀ ਜਿਸ ਨੂੰ ਹੁਣ ਭਗਵਾਨ ਵਾਲਮੀਕੀ ਅਸਥਾਨ/ਰਾਮ ਤੀਰਥ ਕਿਹਾ ਜਾਂਦਾ ਹੈ; ਰਵਾਇਤ ਅਨੁਸਾਰ ਸੀਤਾ ਜੀ ਨੇ ਇੱਥੇ ਹੀ ਲਵ ਤੇ ਕੁਸ਼ ਨੂੰ ਜਨਮ ਦਿੱਤਾ; ਉਹ ਇੱਥੇ ਹੀ ਪਲੇ ਤੇ ਜਵਾਨ ਹੋਏ ਅਤੇ ਇਸ ਇਲਾਕੇ ਵਿਚ ਹੀ ਉਨ੍ਹਾਂ ਨੇ ਅਯੁੱਧਿਆ ਤੋਂ ਅਸ਼ਵਮੇਧ ਯੱਗ ਲਈ ਆਏ ਘੋੜੇ ਨੂੰ ਰੋਕਿਆ ਤੇ ਅਯੁੱਧਿਆ ਦੀ ਫ਼ੌਜ ਦਾ ਟਾਕਰਾ ਕੀਤਾ। ਤੰਦ ਨਾਲ ਤੰਦ ਜੁੜਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਲਵ ਨੇ ਲਾਹੌਰ ਵਸਾਇਆ ਅਤੇ ਕੁਸ਼ ਨੇ ਕਸੂਰ। ਦੋਵੇਂ ਸ਼ਹਿਰ ਪੰਜਾਬ ਵਿਚ ਗਿਆਨ ਦੇ ਕੇਂਦਰ ਬਣੇ। ਇਕ ਰਵਾਇਤ ਇਹ ਵੀ ਹੈ ਕਿ ਲੋਹ ਜੋਗੀ ਭਗਵਾਨ ਰਾਮ ਤੇ ਲਕਸ਼ਮਣ ਦਾ ਗੁਰੂ ਸੀ ਅਤੇ ਲਾਹੌਰ ਉਹਦੇ ਨਾਂ ’ਤੇ ਵੱਸਿਆ ਹੈ। ਪੰਜਾਬ ਵਿਚ ਰਾਮ ਨਾਮ ਦੇ ਨਾਲ ਸਬੰਧਿਤ ਕਈ ਸ਼ਹਿਰ, ਕਸਬੇ ਤੇ ਪਿੰਡ ਵੀ ਹਨ। ਪ੍ਰੋ. ਕਰਮ ਸਿੰਘ ਅਨੁਸਾਰ ਜੱਸੀ-ਬਗਸਰ ਲਵ-ਕੁਸ਼ ਦਾ ਤਪ ਸਥਾਨ ਮੰਨਿਆ ਜਾਂਦਾ ਹੈ। ਇਹ ਵੀ ਰਵਾਇਤ ਹੈ ਕਿ ਜ਼ਿਲ੍ਹਾ ਪਟਿਆਲਾ ਦਾ ਪਿੰਡ ਘੁੜਾਮ ਭਗਵਾਨ ਰਾਮ ਦਾ ਨਾਨਕਾ ਪਿੰਡ ਹੈ, ਉਨ੍ਹਾਂ ਦੀ ਮਾਤਾ ਕੌਸ਼ਲਿਆ ਦੇ ਪੇਕੇ। ਉੱਥੇ ਮਾਤਾ ਕੌਸ਼ਲਿਆ ਦਾ ਮੰਦਰ ਹੈ। ਇਕ ਹੋਰ ਰਵਾਇਤ ਅਨੁਸਾਰ ਮਾਤਾ ਕੌਸ਼ਲਿਆ ਦੇ ਪੇਕੇ ਕੌਸ਼ਲ ਪ੍ਰਦੇਸ਼ (ਛੱਤੀਸਗੜ੍ਹ ਵਿਚ ਸਥਿਤ) ਦੇ ਪਿੰਡ ਚੰਦਖੁਰੀ ਵਿਚ ਦੱਸੇ ਜਾਂਦੇ ਹਨ।
ਭਗਵਾਨ ਰਾਮ ਦੇ ਪਰਮ ਭਗਤ ਹਨੂੰਮਾਨ ਨੂੰ ਪੰਜਾਬ ਵਿਚ ਜਤੀ ਸਤੀ ਵਜੋਂ ਪਿਆਰਿਆ ਜਾਂਦਾ ਹੈ; ਵੇਖੋ ਪੰਜਾਬੀ ਲੋਕ-ਮਨ ਦੀ ਵਿਸ਼ਾਲਤਾ : ‘‘ਦੇਵੀ ਦੀ ਮੈਂ ਕਰਾਂ ਕੜਾਹੀ, ਪੀਰ ਫਕੀਰ ਧਿਆਵਾਂ/ ਹੈਦਰ ਸ਼ੇਖ ਦਾ ਦੇਵਾਂ ਬੱਕਰਾ, ਨੰਗੇ ਪੈਰੀ ਜਾਵਾਂ/ ਹਨੂੰਮਾਨ ਦੀ ਦੇਵਾਂ ਮੰਨੀ, ਰਤੀ ਫ਼ਰਕ ਨਾ ਲਾਵਾਂ/ ਨੀ ਮਾਤਾ ਭਗਵਤੀਏ ਮੈਂ ਤੇਰਾ ਜੱਸ ਗਾਵਾਂ।’’ ਇਸੇ ਤਰ੍ਹਾਂ ਲੋਕ-ਮਨ ਰਾਮਾਇਣ ਦੇ ਨਾਇਕਾਂ ਨੂੰ ਆਦਰਸ਼ਕ ਸਮਾਜਿਕ ਤੇ ਪਰਿਵਾਰਕ ਜੀਆਂ ਵਜੋਂ ਵੀ ਪ੍ਰਵਾਨ ਕਰਦਾ ਹੈ, ‘‘ਧਰਤੀ ਜੇਡ ਗਰੀਬ ਨਾ ਕੋਈ/ ਇੰਦਰ ਜੇਡ ਨਾ ਦਾਤਾ/ ਬ੍ਰਹਮਾ ਜੇਡ ਨਾ ਪੰਡਿਤ ਕੋਈ/ ਸੀਤਾ ਜੇਡ ਨਾ ਮਾਤਾ/ ਲਛਮਣ ਜੇਡ ਜਤੀ ਨਾ ਕੋਈ/ ਰਾਮ ਜੇਡ ਨਾ ਭਰਾਤਾ/ ਦੁਨੀਆ ਮਾਣ ਕਰਦੀ/ ਰੱਬ ਸਭਨਾਂ ਦਾ ਦਾਤਾ।’’ ਇਹ ਸਤਰਾਂ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਵਿਚ ਪੰਜਾਬੀ ਲੋਕ-ਮਨ ਪੁਰਾਣੇ ਦੇਵੀ-ਦੇਵਤਿਆਂ ਨੂੰ ਬਹੁਤ ਸਹਜਿ ਨਾਲ ਸਵੀਕਾਰ ਕਰ ਕੇ ਇਕ ਸਰਬਸ਼ਕਤੀਮਾਨ ਰੱਬ ਦੇ ਸੰਕਲਪ ਨੂੰ ਵੀ ਸਵੀਕਾਰ ਕਰਦਾ ਹੈ। ਪੰਜਾਬ ਦੀ ਧੀ ਆਪਣੇ ਲਈ ਸ਼੍ਰੀਰਾਮ ਵਰਗਾ ਵਰ ਲੋਚਦੀ ਹੈ, ‘‘ਮੈਂ ਤਾਂ ਵਰ ਮੰਗਾਂ ਸ਼੍ਰੀ ਰਾਮ/ ਛੋਟਾ ਦੇਵਰ ਲਛਮਣ ਜੀ।’’
ਪੰਜਾਬ ਦੇ ਸ਼ਾਇਰਾਂ ਨੇ ਰਾਮ-ਕਥਾ ਨੂੰ ਕਈ ਰੂਪਾਂ ਵਿਚ ਲਿਖਿਆ ਹੈ; ਦਸਮ ਗ੍ਰੰਥ ਵਿਚ ਵੀ ਇਸ ਕਥਾ ਦਾ ਇਕ ਰੂਪ ‘ਰਾਮਵਤਾਰ’ ਮਿਲਦਾ ਹੈ। 16-17ਵੀਂ ਸਦੀ ਵਿਚ ਪੰਜਾਬ ਵਿਚ ਰਾਮਾਇਣ ਬਾਰੇ ਵੱਡੀ ਪੱਧਰ ’ਤੇ ਰਚਨਾ ਬ੍ਰਜਿ ਭਾਸ਼ਾ ਵਿਚ ਹੋਈ ਅਤੇ 19ਵੀਂ ਸਦੀ ਵਿਚ ਭਾਈ ਸੰਤੋਖ ਸਿੰਘ ਦਾ ਵਾਲਮੀਕ ਰਾਮਾਇਣ ਦਾ ਅਨੁਵਾਦ ‘ਬਾਲਮੀਕਿ ਰਾਮਾਇਣ’ ਇਸੇ ਪ੍ਰੰਪਰਾ ਵਿਚ ਆਉਂਦਾ ਹੈ। ਭਗਵਾਨ ਰਾਮ ਤੇ ਰਾਵਣ ਦੇ ਯੁੱਧ, ਉਨ੍ਹਾਂ ਦੇ ਪਰਿਵਾਰਾਂ ਦੇ ਵੱਡੇ ਹੋਣ, ਉਨ੍ਹਾਂ ਦੇ ਖ਼ਤਮ ਹੋ ਜਾਣ ਅਤੇ ਇਸ ਕਥਾ ਵਿਚੋਂ ਉੱਭਰਦੀ ਜੀਵਨ ਦੀ ਅਸਥਿਰਤਾ ਦੇ ਬਿੰਬ ਪੰਜਾਬੀ ਸਾਹਿਤ ਵਿਚ ਬਿਖਰੇ ਪਏ ਹਨ। ਗੁਰੂ ਤੇਗ ਬਹਾਦਰ ਜੀ ਦਾ ਇਹ ਸਲੋਕ, ‘‘ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ।। ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ।।’’ ਹਰ ਪੰਜਾਬੀ ਨੂੰ ਯਾਦ ਹੈ। ਨਾਸ਼ਵਾਨਤਾ ਦਾ ਇਹ ਬਿੰਬ ਪੰਜਾਬ ਲੋਕ-ਸ਼ਾਇਰੀ ਵਿਚ ਵੀ ਵਾਰ ਵਾਰ ਉੱਭਰਦਾ ਹੈ, ‘‘ਜਿਕੋ ਰੌਣ (ਜਿਸ ਤਰ੍ਹਾਂ ਰਾਵਣ) ਦਾ ਖ਼ਾਤਮਾ ਕਰਨ ਵਾਲੇ/ ਚਲੇ ਗਏ ਰਾਮ ਅਵਤਾਰ ਜੇਹੇ/ ਜਿਕੋ (ਜਿਵੇਂ) ਕੌਰਵਾਂ ਦੀ ਵੰਸ਼ ਗਵਾਉਣ ਵਾਲੇ/ ਨਹੀਂ ਰਹੇ ਕ੍ਰਿਸ਼ਨ ਮੁਰਾਰ ਜਿਹੇ।’’
ਪੰਜਾਬ ਵਿਚ ਦੀਵਾਲੀ ਸਦੀਆਂ ਤੋਂ ਮਨਾਈ ਜਾਂਦੀ ਹੈ। ਭਾਈ ਗੁਰਦਾਸ ਨੇ ਇਸ ਰਾਤ ਦੀਵੇ ਬਾਲਣ ਦੀ ਰਵਾਇਤ ਦੀ ਉਪਮਾ ਜੀਵਨ ਦੀ ਅਸਥਿਰਤਾ ਅਤੇ ਨਾਸ਼ਵਾਨਤਾ ਨਾਲ ਕੀਤੀ ਹੈ, ‘‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।। ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।। ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।। ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ।। ਹਰ ਚੰਦਉਰੀ ਝਾਤਿ ਵਸਾਇ ਉਚਾਲੀਅਨਿ।। ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ।।’’ ਭਾਵ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਹਨ, ਤਰ੍ਹਾਂ ਤਰ੍ਹਾਂ ਦੇ ਤਾਰੇ ਦਿਨ ਚੜ੍ਹੇ ਛਿਪ ਜਾਂਦੇ ਹਨ, ਫੁੱਲ ਚੁਣ ਚੁਣ ਕੇ ਤੋੜ ਲਏ ਜਾਂਦੇ ਹਨ, ਤੀਰਥਾਂ ਦੇ ਜਾਂਦੇ ਯਾਤਰੀਆਂ ਨੂੰ ਅਸੀਂ ਅੱਖਾਂ ਨਾਲ ਦੇਖਦੇ ਹਾਂ, ਕਲਪਿਤ ਨਗਰੀ ‘ਹਰਿ ਚੰਦਉਰੀ’ ਕਲਪਨਾ ਵਿਚ ਰਾਤ ਨੂੰ ਹੀ ਵੱਸਦੀ ਹੈ ਅਤੇ ਦਿਨ ਨੂੰ ਚੁੱਕ ਲਈ (ਗਾਇਬ ਹੋ) ਜਾਂਦੀ ਹੈ, ਇਹ ਸਭ ਵਰਤਾਰੇ ਅਸਥਾਈ ਹਨ, ਗੁਰਮੁਖਾਂ ਨੂੰ ਸੁਖ ਫਲ ਦੀ ਦਾਤ ਸ਼ਬਦ ਦੇ ਰੂਪ ਵਿਚ ਮਿਲਦੀ ਹੈ ਜਿਸ ਨੂੰ ਉਹ ਸੰਭਾਲਦੇ ਹਨ (ਉਹ ਗਵਾਚਦੀ ਨਹੀਂ)। ਪੰਜਾਬ ਵਿਚ ਇਸ ਦਿਨ ਨੂੰ ਗੁਰੂ ਹਰਗੋਬਿੰਦ ਜੀ ਦੇ ਅੰਮ੍ਰਿਤਸਰ ਪਰਤਣ ਅਤੇ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।
15-16ਵੀਂ ਸਦੀ ਵਿਚ ਪੰਜਾਬ ਵਿਚ ਰਾਮਾਇਣ ਦੀ ਕਹਾਣੀ ਬ੍ਰਜ ਭਾਸ਼ਾ ਵਿਚ ਪਰ ਗੁਰਮੁਖੀ ਲਿੱਪੀ ਵਿਚ ਇਨ੍ਹਾਂ ਗ੍ਰੰਥਾਂ ਵਿਚ ਲਿਖੀ ਗਈ: ਰਾਮ ਅਵਤਾਰ (ਗੁਸਾਈ ਸਾਂਈਦਾਸ), ਆਦਿ ਰਾਮਾਇਣ (ਗੁਰੂ ਰਾਮਦਾਸ ਜੀ ਦੇ ਪੋਤਰੇ ਸੋਢੀ ਮਿਹਰਬਾਨ ਦੀ ਲਿਖਤ), ਹਨੂੰਮਾਨ ਨਾਟਕ (ਹਿਰਦੇ ਰਾਮ ਭੱਲਾ), ਅਧਿਆਤਮ ਰਾਮਾਇਣ (ਗੁਲਾਬ ਸਿੰਘ ਨਿਰਮਲਾ) ਆਦਿ। ਬ੍ਰਜ ਭਾਸ਼ਾ ਨੂੰ ਗੁਰਮੁਖੀ ਲਿੱਪੀ ਵਿਚ ਲਿਖਣਾ ਉਨ੍ਹਾਂ ਸਮਿਆਂ ਦੇ ਪੰਜਾਬ ਦਾ ਵੱਖ ਵੱਖ ਭਾਸ਼ਾਵਾਂ ਨੂੰ ਸਵੀਕਾਰ ਕਰਨ ਦਾ ਪ੍ਰਤੀਕ ਵੀ ਹੈ।
18ਵੀਂ ਸਦੀ ਵਿਚ ਜਵਾਹਰ ਸਿੰਘ ਨੇ ‘ਵਾਰ ਸ੍ਰੀ ਰਾਮ ਜੀ ਕੀ’ ਲਿਖੀ। ਇਸ ਵਾਰ ਵਿਚ ਰਾਜਾ ਜਨਕ ਦੁਆਰਾ ਸੀਤਾ ਦਾ ਸਵੰਬਰ ਰਚਾਉਣ ਅਤੇ ਉਸ ਵਿਚ ਸ਼ਿਵ ਜੀ ਦਾ ਧਨੁਸ਼ ਤੀਰ ਚਲਾਉਣ ਦੀ ਸ਼ਰਤ ਦਾ ਵਰਣਨ ਕਮਾਲ ਦਾ ਹੈ, ‘‘ਕੀਤਾ ਜਨਕ ਸਵੰਬਰ, ਕਾਰਨ ਪੁਤਰੀ/ ਧਨੁਖ ਧਰਿਆ ਵਿਚ ਜੰਤਰ, ਭੋਲੇਨਾਥ ਦਾ/ ਕਰਕੇ ਰਾਮ ਅਗੰਬਰ, ਪਕੜਿਆ ਆਣ ਥਾ/ ਧਰਤ ਕੰਬੇ ਅੰਬਰ, ਪਈ ਹੁਲਹੁਲੀ/ ਕੇਸਰ ਤੇ ਬੁਹ ਅੰਬਰ, ਪਵੇ ਕਟੋਰੀਏ/ ਧਨ ਧੰਨ ਬਾਹਰ ਅੰਦਰ, ਹੋਈ ਰਾਮ ਕੀ।’’
ਰਾਮਾਇਣ ਵਿਚ ਮਤਰੇਈ ਮਾਂ ਕੈਕਈ ਆਪਣੇ ਪੁੱਤਰ ਭਰਤ ਨੂੰ ਰਾਜਾ ਬਣਾਉਣ ਲਈ ਭਗਵਾਨ ਰਾਮ ਨੂੰ ਬਨਵਾਸ ਭੇਜਣ ਦੀ ਮੰਗ ਕਰਦੀ ਹੈ। ਕੈਕਈ ਪੰਜਾਬ ਦੇ ਇਕ ਹਿੱਸੇ (ਜਨਪਦ ਕੈਕੇਯ) ਦੀ ਰਾਜਕੁਮਾਰੀ ਹੈ। ਉਸ ਨੇ ਆਪਣੇ ਪਤੀ ਰਾਜਾ ਦਸ਼ਰਥ ਦੀ ਇਕ ਜੰਗ ਜਿੱਤਣ ਵਿਚ ਸਹਾਇਤਾ ਕੀਤੀ ਸੀ ਜਿਸ ਦੇ ਇਵਜ਼ ਵਿਚ ਆਪਣੇ ਪੁੱਤਰ ਲਈ ਰਾਜ ਸਿੰਘਾਸਣ ਮੰਗਦੀ ਹੈ।
18ਵੀਂ ਸਦੀ ਵਿਚ ਸਿੱਖ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਅਦ ਵਿਚ ਮਿਸਲਦਾਰਾਂ ਦੀ ਅਗਵਾਈ ਵਿਚ ਮੁਗ਼ਲਾਂ ਵਿਰੁੱਧ ਲੜੇ ਅਤੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਿਰੁੱਧ ਵੀ ਲੜੇ। ਇਹ ਜੰਗਾਂ ਦਾ ਸਮਾਂ ਸੀ ਤੇ ਲੋਕ-ਮਨ ਵੀਰ-ਰਸ ਵਿਚ ਰੱਤਿਆ ਹੋਇਆ ਸੀ। ਇਨ੍ਹਾਂ ਸਮਿਆਂ ਵਿਚ ਕਵੀਆਂ ਨੇ ਵਾਰਾਂ ਰਚੀਆਂ ਤੇ ਸੂਰਮਿਆਂ ਦਾ ਜੱਸ ਗਾਇਆ। ਦੇਵੀ ਦਾਸ ਨੇ ‘ਵਾਰ ਲਵ ਕੁਸ਼ ਦੀ’ ਲਿਖੀ ਜਿਸ ਵਿਚ ਲਵ ਤੇ ਕੁਸ਼ ਦੀ ਪਿਤਾ ਰਾਮ ਦੀ ਸੈਨਾ ਵਿਰੁੱਧ ਦਿਖਾਈ ਬਹਾਦਰੀ ਦਾ ਜਸ ਗਾਇਆ ਗਿਆ, ‘‘ਖੜਗ ਸੂਤਿ ਕੇ ਜੁਟਿਆ, ਦੋਵੈਂ ਹੀ ਭਾਈ/ ਧੜ ਉਪਰਿ ਧੜ ਚੜ ਗਇਆ, ਜਾ ਪਈ ਲੜਾਈ/ ਧਰਤੀ ਉਪਰ ਰੁਧਰ (ਲਹੂ) ਦੀ, ਭਰ ਨਦੀ ਚਲਾਈ/ ਆਧੀ ਸੈਨਾ ਰਾਮ ਕੀ, ਮਾਰ ਧਰਨਿ ਗਿੜਾਈ/ ਰਹਿੰਦੀ ਸੈਨਾ ਨਸਦੀ, ਰਾਮ ਦਿਸਦੀ ਆਈ/ ਅੰਗਦ ਕਉ ਆਗਿਆ ਭਈ, ਲੈ ਮੋਹਰਾ ਭਾਈ/ ਧਨੁਖ ਬਾਣ ਅੰਗਦ ਲੀਏ, ਚਲਿਓ ਸੀਸ ਨਿਵਾਈ/ ਆਪ ਰੁਹ (ਰੋਹ) ਸਿਰ ਝੱਲਿਆ, ਹੋਰ ਸੈਨ ਬਚਾਈ।’’
ਕਵੀ ਜਸੋਧਾ ਨੰਧਨ ਦੀ ‘ਵਾਰ ਲਵ ਕੁਸ਼ ਦੀ’ ਵਿਚ ਲਾਹੌਰ ਦੀ ਨੀਂਹ ਰੱਖਣ ਵਾਲਾ ਸੂਰਮਾ ਲਵ ਆਪਣੇ ਚਾਚੇ ਸ਼ਤਰੂਘਣ ਨੂੰ ਹਰਾ ਕੇ ਉਸ ਨਾਲ ਇਉਂ ਪੇਸ਼ ਆਉਂਦਾ ਹੈ, ‘‘ਸੁਣਿ ਲਵ ਹੱਸ ਅਲਾਇਆ, ਚਾਚੇ ਸਾਮ੍ਹਣੇ/ ਤਉ ਕੇਡਾ ਸ਼ਤਰੂ ਘਾਇਆ, ਨਾਉਂ ਰਖਾਇਕੈ/ ਜਿਨ੍ਹਾਂ ਘੋੜੇ ਪਿਛੇ ਲਾਇਆ, ਸੇ ਭਿ ਭੁੱਲਿਆ/ ਹੋਵੇ ਸ਼ੁਰੂ ਸਵਾਇਆ, ਸੌ ਮੰਤ੍ਰ ਬਿਰਾਮਣਾਂ/ ਹੁਣ ਭੀ ਕੁਝ ਨ ਜਾਇਆ, ਮੁੜ ਵੰਞ ਲੱਜ ਨਾਲ/ ਜੇ ਜੀਵਣ ਥੀ ਦਿਲ ਚਾਇਆ ਤਾਂ ਲਹਿ ਪਉ ਘੋੜਿਓਂ/ ਹਿਕੇ ਆਖੁ ਜੋ ਭੁਲਿ ਅਲਾਇਆ, ਤਾਂ ਮੈਂ ਛੋੜਿਆ/ ਤੀਰ ਧਣੁ ਕਿਉ ਚਾਇਆ, ਸੋ ਭੀ ਸੱਟਿ ਘਤੁ।’’
ਅੰਤ ਵਿਚ ਰਿਸ਼ੀ ਵਾਲਮੀਕ ਸਭ ਦਾ ਮਿਲਾਪ ਕਰਾਉਂਦੇ ਹਨ :
ਸੀਤਾ ਲਉ ਕੁਸ ਤ੍ਰੈਏ ਆਂਦੇ ਬਾਲਮੀਕਿ,
ਪ੍ਰਭ ਦੇ ਚਰਨੀ ਲਾਏ ਭੁਲਾਂ ਮੰਨੀਆਂ।
ਸੀਤਾ ਪੈਰੀ ਪਾਏ ਤ੍ਰੈਏ ਦਸਰਥਾਂਣਿ,
ਭਰਥ ਲਛਮਣ ਗਾਲਿ ਲਾਏ ਚਰਨੀ ਲਗਿਆ।
ਸਭ ਮਿਲਿ ਆਨੰਦ ਪਾਏ ਸ਼ੋਕ ਮਿਟਾਇਆ,
ਲਉ ਕੁਸੁ ਸਭ ਰੀਝਾਏ ਰਮਾਇਣ ਗਾਇ ਗਾਇ।
ਦੇਵਾਂ ਫੁਲ ਵਸਾਏ ਜੈ ਜੈ ਕੀਤੀਆ,
ਮਿਲੇ ਅਜੋਧਿਆ ਆਏ ਨਾਲੇ ਬਾਲਮੀਕਿ,
ਘਰਿ ਘਰਿ ਮੰਗਲ ਗਾਏ ਥੀਆਂ ਵਧਾਈਆਂ।
ਇਸ ਤਰ੍ਹਾਂ ਰਾਮ ਕਥਾ ਵਿਚ ਦੋ ਵਾਰ ਮਹਾਂ ਮੰਗਲ (ਵੱਡੀ ਖ਼ੁਸ਼ੀ) ਹੁੰਦਾ ਹੈ ਪਹਿਲੀ ਵਾਰ ਭਗਵਾਨ ਰਾਮ, ਸੀਤਾ ਤੇ ਲਛਮਣ ਦੇ ਬਨਵਾਸ ਤੋਂ ਪਰਤਣ ’ਤੇ ਅਤੇ ਦੂਸਰੀ ਵਾਰ ਲਵ ਤੇ ਕੁਸ਼ ਦੇ ਅਯੁੱਧਿਆ ਪਰਤਣ ’ਤੇ। ਦੋਹਾਂ ਘਟਨਾਵਾਂ ਵਿਚ ਪਹਿਲਾਂ ਵਿਛੋੜਾ ਹੈ ਤੇ ਫਿਰ ਮਿਲਾਪ। ਏਹੀ ਜ਼ਿੰਦਗੀ ਹੈ।
ਪਹਿਲੇ ਵਿਛੋੜੇ (ਰਾਜਾ ਦਸ਼ਰਥ, ਮਾਂ ਕੌਸ਼ਲਿਆ ਅਤੇ ਭਗਵਾਨ ਰਾਮ, ਸੀਤਾ ਤੇ ਲਛਮਣ) ਨੂੰ ਗੁਰਦਾਸ ਸਿੰਘ (19ਵੀਂ ਸਦੀ ਦੇ ਕਵੀ) ਨੇ ਇਉਂ ਚਿਤਰਿਆ ਹੈ, ‘‘ਜਿਨਕੇ ਪੂਤ ਬੈਰਾਗੀ ਥੀਵੈ, ਤਿਨਕੇ ਮਾਤਾ ਪਿਤਾ ਕਿਉਂ ਜੀਵੈ/ ਖਾਵੈ ਅੰਨ ਨਾ ਪਾਣੀ ਪੀਵੈ, ਬਸਤ੍ਰ ਸਦਾ ਮੈਲੇ ਰਖੀਵੈ/ ਰਾਜਾ ਉਠ ਉਠ ਪੰਧ ਤਕੀਵੇ, ਰਾਮ ਨਿਹਾਰਦਾ।੧। ਦਸ਼ਰਥ ਉਠ ਪੰਧ ਨਿਹਾਰੇ/ ਪਰ ਭਰ ਹੰਝੂ ਹਾਹੀਂ ਮਾਰੇ।’’ ਇਹ ਰਾਜਾ ਦਸ਼ਰਥ ਤੇ ਮਾਂ ਕੌਸ਼ਲਿਆ ਦੀ ਭਾਵਨਾਵਾਂ ਦਾ ਪੂਰਨ ਮਾਨਵੀ ਰੂਪ ਹੈ, ਪੰਜਾਬ ਲੋਕ ਕਾਵਿ ਰੂਪ ਬਾਰਾਮਾਹ ਵਿਚ ਚਿਤਰਿਆ ਹੋਇਆ। ਪੰਜਾਬੀ ਕਵੀ ਤੁਲਸੀ ਦਾਸ ਨੇ ਆਪਣੇ ਬਿਸ਼ਨ ਪਦਿਆਂ ਵਿਚ ਸੀਤਾ ਦੇ ਬਿਰਹਾ ਨੂੰ ਇਉਂ ਬਿਆਨ ਕੀਤਾ ਹੈ, ‘‘ਛੋਡ ਗਏ ਰਘੁਰਾਈ/ ਕਿਸ ਦੇ ਭਰੋਸੇ ਸੁਆਮੀ ਮੈਨੂੰ ਛੋੜਿਆ, ਮੋ ਕੇ ਦੇਹੁ ਬਤਲਾਈ/ ਇਕ ਘੜੀ ਮੈਂ ਸੁਖ ਨਹੀਂ ਪਾਇਆ, ਜਬ ਕੀ ਤੁਸਾਂ ਨਾਲ ਮੈਂ ਵਿਆਹੀ/ ਨਾ ਮੈਂ ਓਡਿਆ ਪਾਟ ਪਾਟੰਬਰ, ਅੰਗ ਭਬੂਤ ਲਗਾਈ/ ਤੁਲਸੀ ਦਾਸ ਸੀਆ ਰੁਦਨ ਕਰਤ ਹੈ, ਬਿਨ ਰਘੁਵਰ ਮੇਰਾ ਕੌਣ ਸਹਾਈ।’’ ਇਸੇ ਸਦੀ ਵਿਚ ਅੰਮ੍ਰਿਤਸਰ ਦੇ ਸ਼ਾਇਰ ਅਮਰ ਸਿੰਘ ਨੇ ‘ਅਮਰ ਰਮਾਇਣ’ ਸੀਹਰਫ਼ੀ ਵਿਚ ਲਿਖੀ। ਡਾ. ਹਰਿਭਜਨ ਸਿੰਘ ਇਸ ਬਾਰੇ ਲਿਖਦੇ ਹਨ, ‘‘ਹਿੰਦੂ ਭਗਤੀ ਵਾਲੀ ਇਹ ਰਚਨਾ ਮੁਸਲਮਾਨ ਪੰਜਾਬੀ ਸ਼ਾਇਰਾਂ ਦੁਆਰਾ ਪ੍ਰਚਲਿਤ ਕੀਤੀ ਗਈ ਸੀਹਰਫ਼ੀ ਸ਼ੈਲੀ ਵਿਚ ਲਿਖੀ ਗਈ ਅਤੇ ਅਚੇਤ ਹੀ ਭਾਰਤ ਦੀ ਸੱਭਿਆਚਾਰਕ ਸੰਜੁਗਤੀ ਵੱਲ ਸੰਕੇਤ ਕਰਦੀ ਹੈ।’’ ਬੁੱਲ੍ਹੇ ਸ਼ਾਹ ਨੇ ਪਰਮਾਤਮਾ ਨੂੰ ਕਈ ਰੂਪਾਂ ਵਿਚ ਚਿਤਰਦਿਆਂ ਆਖਿਆ ਸੀ, ‘‘ਬਿੰਦਰਾਬਨ ਮੇਂ ਗਊਆਂ ਚਰਾਵੇਂ/ ਲੰਕਾ ਚੜ ਕੇ ਨਾਦ ਵਜਾਵੇ/ ਮੱਕੇ ਦਾ ਬਣ ਹਾਜੀ ਆਵੇਂ/ ਵਾਹ ਵਾਹ ਰੰਗ ਵਟਾਈਦਾ/ ਹੁਣ ਕਿਸ ਥੀਂ ਆਪ ਛੁਪਾਈਦਾ।’’ ਬੁੱਲ੍ਹੇ ਸ਼ਾਹ ਰਾਮਾਇਣ ਕਥਾ ਦੀ ਪੁਨਰ-ਉਸਾਰੀ ਵੀ ਕਰਦਾ ਹੈ, ‘‘ਉਲਟੇ ਪਾਂਓ (ਪੈਰੀਂ) ਕੁੰਭਕਰਨ ਜਾਏ/ ਤਬ ਲੰਕ ਕਾ ਭੇਦ ਉਪਾਏ/ ਦਹਿਸਰ (ਦਸ ਸਿਰਾਂ ਵਾਲਾ ਰਾਵਣ) ਲੁੱਟਿਆ ਹੁਣ ਲਛਮਣ ਬਾਕੀ/ ਤਬ ਅਨਹਦ ਨਾਦ ਬਜਾਏ।’’
ਹੀਰ ਵਾਰਿਸ ਵਿਚ ਜਦੋਂ ਰਾਂਝਾ ਹੀਰ ਨੂੰ ਖੇੜਿਆਂ ਦੇ ਨਗਰ ਰੰਗਪੁਰ ਤੋਂ ਲੈ ਤੁਰਦਾ ਹੈ ਤਾਂ ਰਾਹ ਵਿਚ ਉਨ੍ਹਾਂ ਨੂੰ ਫੜ ਕੇ ਰਾਜੇ ਦੇ ਦਰਬਾਰ ਵਿਚ ਹਾਜ਼ਰ ਕੀਤਾ ਜਾਂਦਾ ਹੈ; ਕਾਜ਼ੀ ਹੀਰ ਨੂੰ ਰਾਂਝੇ ਤੋਂ ਖੋਹ ਫਿਰ ਖੇੜਿਆਂ ਨੂੰ ਦੇ ਦਿੰਦਾ ਹੈ। ਤਦ ਰਾਂਝਾ ਪੰਜਾਂ ਪੀਰਾਂ ਨੂੰ ਧਿਆਉਂਦਾ ਤੇ ਕਹਿੰਦਾ ਹੈ ਕਿ ਉਹ ਇਸ ਸ਼ਹਿਰ ਨੂੰ ਅੱਗ ਲਾ ਕੇ ਤਬਾਹ ਕਰ ਦੇਣ ਤੇ ਤਬਾਹ ਕਰਨ ਦੀਆਂ ਮਿਸਾਲਾਂ ਮਿਸਰ ਤੋਂ ਸ਼ੁਰੂ ਕਰਦਾ ਹੈ, ‘‘ਰੱਬਾ, ਉਹ ਪਾਈਂ ਕਹਿਰ ਸ਼ਹਿਰ ਉੱਤੇ, ਜਿਹੜਾ ਘੱਤ ਫ਼ਰਊਨ (ਮਿਸਰ ਦਾ ਰਾਜਾ) ਡੁਬਾਇਆ ਈ।’’ ਤੇ ਫਿਰ ਲੰਕਾ ਦੀ ਤਬਾਹੀ ’ਤੇ ਆਉਂਦਾ ਹੈ, ‘‘ਉਹ ਕਰੋਪ ਕਰ, ਜਿਹੜਾ ਪਾਇ ਰਾਵਣ, ਰਾਮ ਚੰਦ੍ਰ ਥੋਂ ਲੰਕ ਲੁਟਵਾਇਆ ਈ/ ਘਤ ਕਰੋਪ ਜੋ ਰਾਮ ਨਲ ਨੀਲ ਲੱਛਮਣ, ਕੁੰਭਕਰਣ ਦਾ ਬਾਬ ਬਣਾਇਆ ਈ।’’
ਸਾਡੇ ਸ਼ਾਇਰ-ਚਿੰਤਕ ਲੋਕਾਂ ਦੇ ਮਨਾਂ ਵਿਚ ਬੈਠੇ ਨਾਇਕਾਂ-ਨਾਇਕਾਵਾਂ ਨੂੰ ਮਿਲਾ ਕੇ ਸਾਂਝੀਵਾਲਤਾ ਵਾਲਾ ਸਮਾਜ ਬਣਾਉਣਾ ਚਾਹੁੰਦੇ ਸਨ। ਬਸਤੀਵਾਦ ਤੇ ਹੋਰ ਵਰਤਾਰਿਆਂ ਨੇ ਸਾਡੇ ਵਿਚ ਵੰਡੀਆਂ ਪਾ ਦਿੱਤੀਆਂ। ਵੇਲਾ ਹੈ ਉਨ੍ਹਾਂ ਵੰਡੀਆਂ ਨੂੰ ਮੇਟਣ-ਮਿਟਾਉਣ ਅਤੇ ਲੋਕ ਏਕਾ ਬਣਾਉਣ ਦਾ। ਦੀਵਾਲੀ ਏਦਾਂ ਹੀ ਮਨਾਈ ਜਾਣੀ ਸੋਭਦੀ ਹੈ।

Advertisement

Advertisement