ਪੰਜਾਬੀ ਫ਼ਿਲਮ ‘ਚੇਤਾ ਸਿੰਘ’ ਦਾ ਮੈਲਬਰਨ ਵਿੱਚ ਪ੍ਰੀਮੀਅਰ
ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 31 ਅਗਸਤ
ਇੱਥੇ ਕਰੇਗੀਬਰਨ ਇਲਾਕੇ ’ਚ ਪੰਜਾਬੀ ਫ਼ਿਲਮ ‘ਚੇਤਾ ਸਿੰਘ’ ਨੂੰ ਪ੍ਰੀਮੀਅਰ ਮੌਕੇ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਮੁੱਖ ਅਦਾਕਾਰ ਵਜੋਂ ਪ੍ਰਿੰਸ ਕੰਵਲਜੀਤ ਸਿੰਘ ਅਤੇ ਅਦਾਕਾਰਾ ਜਪਜੀ ਖਹਿਰਾ ਨੇ ਅਹਿਮ ਕਿਰਦਾਰ ਨਿਭਾਏ ਹਨ। ਆਸ਼ੀਸ਼ ਕੁਮਾਰ ਦੀ ਨਿਰਦੇਸ਼ਨਾ ਹੇਠ ਸਮਾਜਿਕ ਬੇਇਨਸਾਫੀ ਨੂੰ ਲੈ ਕੇ ਬਣੀ ਇਸ ਫ਼ਿਲਮ ਦਾ ਇਹ ਵਿਸ਼ਾ ਪੰਜਾਬੀ ਫਿਲਮ ਇੰਡਸਟਰੀ ’ਚ ਨਿਵੇਕਲੀ ਪਹੁੰਚ ਨਾਲ ਪੇਸ਼ ਕੀਤਾ ਗਿਆ ਹੈ। ਅੱਜ ਰਾਇਲ ਪ੍ਰੋਡਕਸ਼ਨਜ਼ ਵੱਲੋਂ ਇਸ ਫ਼ਿਲਮ ਦਾ ਪ੍ਰੀਮੀਅਰ ਯੁਨਾਈਟਡ ਸਿਨੇਮਾ ਵਿੱਚ ਰੱਖਿਆ ਗਿਆ ਸੀ, ਜਿੱਥੇ ਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਪੰਜਾਬੀ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ।
ਉੱਘੇ ਪ੍ਰਮੋਟਰ ਸਰਵਣ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਸਿਨੇਮਾ ਨੂੰ ‘ਚੇਤਾ ਸਿੰਘ’ ਵਰਗੀਆਂ ਖਾਸ ਵਿਸ਼ਿਆਂ ’ਤੇ ਬਣਾਈਆਂ ਫ਼ਿਲਮਾਂ ਦੇ ਨਾਲ-ਨਾਲ ਵੰਨਗੀ ਦਰਸ਼ਕਾਂ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੇ ਸਿਨੇਮਾ ਘਰਾਂ ’ਚ ਅੱਜ ਤੋਂ ਲੱਗ ਰਹੀ ਇਸ ਫ਼ਿਲਮ ਦੀ ਦਰਸ਼ਕਾਂ ਨੂੰ ਕਾਫੀ ਉਡੀਕ ਸੀ। ਇਸ ਮੌਕੇ ਫਿਲਮ ਨੂੰ ਇੱਥੇ ਜਾਰੀ ਕਰਨ ਵਾਲੀ ਟੀਮ ਤੋਂ ਇਲਾਵਾ ਮਨਜੋਤ ਸ਼ੇਰਗਿੱਲ, ਜਸਕੀਰਤ ਪੁਰੀ ਤੇ ਨੀਤਾ ਸ਼ੇਰਗਿੱਲ ਵੀ ਹਾਜ਼ਰ ਸਨ