ਪੰਜਾਬੀ ਫ਼ਿਲਮ ‘ਬਾਗ਼ੀ ਦੀ ਧੀ’ ਨੂੰ ਸਰਵੋਤਮ ਪੁਰਸਕਾਰ
ਨਵੀਂ ਦਿੱਲੀ: ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਅੱਜ 70ਵੇਂ ਕੌਮੀ ਫ਼ਿਲਮ ਐਵਾਰਡਜ਼ 2024 ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਵਾਰਡਜ਼ ਸਾਲ 2022 ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਲਈ ਦਿੱਤੇ ਗਏ ਹਨ ਜਿਨ੍ਹਾਂ ਵਿਚ ਦੱਖਣੀ ਭਾਰਤ ਦੀਆਂ ਫ਼ਿਲਮਾਂ ਦੀ ਸਰਦਾਰੀ ਰਹੀ। ਇਸ ਵਾਰ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਤੇ ਉਨ੍ਹਾਂ ਦੇ ਅਦਾਕਾਰਾਂ ਨੇ ਜ਼ਿਆਦਾਤਰ ਐਵਾਰਡਜ਼ ਜਿੱਤੇ। ਕੌਮੀ ਫਿਲਮ ਐਵਾਰਡਜ਼ ਵਿੱਚ ਸਰਵੋਤਮ ਪੰਜਾਬੀ ਫਿਲਮ ਦਾ ਖ਼ਿਤਾਬ ਮੁਕੇਸ਼ ਗੌਤਮ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਪੰਜਾਬੀ ਫਿਲਮ ‘ਬਾਗ਼ੀ ਦੀ ਧੀ’ ਨੇ ਹਾਸਲ ਕੀਤਾ ਹੈ। ਦੱਸਣਾ ਬਣਦਾ ਹੈ ਕਿ ਮੁਕੇਸ਼ ਗੌਤਮ ਬੌਲੀਵੁੱਡ ਅਦਾਕਾਰਾ ਯਾਮੀ ਗੌਤਮ ਦਾ ਪਿਤਾ ਹੈ। ਇਹ ਫ਼ਿਲਮ ਸਾਲ 2022 ਵਿਚ ਰਿਲੀਜ਼ ਹੋਈ ਸੀ ਜੋ ਆਜ਼ਾਦੀ ਹਾਸਲ ਕਰਨ ਲਈ ਲੜੇ ਸੰਘਰਸ਼ ’ਤੇ ਆਧਾਰਿਤ ਹੈ। ਇਸ ਫ਼ਿਲਮ ਵਿਚ ਕੁਲਜਿੰਦਰ ਸਿੰਘ ਸਿੱਧੂ, ਗੁਰਪ੍ਰੀਤ ਭੰਗੂ, ਦਿਲਨੂਰ ਕੌਰ, ਦਿਲਰਾਜ ਉਦੈ ਅਦਾਕਾਰ ਹਨ। ਇਸ ਵਾਰ ਰਿਸ਼ਭ ਸ਼ੈੱਟੀ ਨੂੰ ਕੰਨੜ ਫ਼ਿਲਮ ‘ਕੰਟਾਰਾ’ ਵਿੱਚ ਬਿਹਤਰੀਨ ਅਦਾਕਾਰੀ ਲਈ ਸਰਵੋਤਮ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਸੂਰਜ ਬੜਜਾਤੀਆ ਨੂੰ ਫਿਲਮ ‘ਊਂਚਾਈ’ ਲਈ ਸਰਵੋਤਮ ਨਿਰਦੇਸ਼ਕ ਐਲਾਨਿਆ ਗਿਆ ਹੈ। ਸਰਵੋਤਮ ਅਦਾਕਾਰਾ ਦਾ ਖ਼ਿਤਾਬ ਫ਼ਿਲਮ ‘ਤਿਰੁਚਿਤਰੰਬਲਮ’ ਅਤੇ ਫਿਲਮ ‘ਕੱਛ ਐਕਸਪ੍ਰੈਸ’ ਵਿੱਚ ਕ੍ਰਮਵਾਰ ਨਿਤਿਆ ਮੈਨਨ ਅਤੇ ਮਾਨਸੀ ਪਾਰਿਖ ਨੂੰ ਦਿੱਤਾ ਗਿਆ ਹੈ। ਦੂਜੇ ਪਾਸੇ ਉੱਘੇ ਅਦਾਕਾਰ ਮਨੋਜ ਬਾਜਪਾਈ ਨੇ ਫਿਲਮ ‘ਗੁਲਮੋਹਰ’ ਲਈ ਵਿਸ਼ੇਸ਼ ਜ਼ਿਕਰਯੋਗ ਪੁਰਸਕਾਰ ਜਿੱਤਿਆ। ਇਸ ਫ਼ਿਲਮ ਨੂੰ ਸਰਵੋਤਮ ਹਿੰਦੀ ਫ਼ਿਲਮ ਐਲਾਨਿਆ ਗਿਆ। ਮਲਿਆਲਮ ਫ਼ਿਲਮ ‘ਆਤਮ: ਦਿ ਪਲੇਅ’ ਨੂੰ ਸਰਵੋਤਮ ਫੀਚਰ ਫ਼ਿਲਮ ਵਜੋਂ ਚੁਣਿਆ ਗਿਆ। ਨੀਨਾ ਗੁਪਤਾ ਨੂੰ ਫ਼ਿਲਮ ‘ਉਂਚਾਈ’ ਲਈ ਸਰਵੋਤਮ ਸਹਿ ਅਦਾਕਾਰਾ ਅਤੇ ਹਰਿਆਣਵੀ ਫ਼ਿਲਮ ‘ਫੌਜਾ’ ਲਈ ਪਵਨ ਮਲਹੋਤਰਾ ਨੂੰ ਸਰਬੋਤਮ ਸਹਿ ਅਦਾਕਾਰ ਦਾ ਖ਼ਿਤਾਬ ਦਿੱਤਾ ਗਿਆ। ਅਯਾਨ ਮੁਖਰਜੀ ਦੀ ‘ਬ੍ਰਹਮਅਸਤਰ ਪਾਰਟ ਵਨ: ਸ਼ਿਵਾ’ ਦੇ ਗੀਤ ‘ਕੇਸਰੀਆ’ ਲਈ ਅਰਿਜੀਤ ਸਿੰਘ ਨੂੰ ਸਰਵੋਤਮ ਪਲੇਅਬੈਕ ਗਾਇਕ ਚੁਣਿਆ ਗਿਆ। ਸੰਗੀਤਕਾਰ ਪ੍ਰੀਤਮ ਨੇ ਹਿੰਦੀ ਫਿਲਮ ‘ਬ੍ਰਹਮਅਸਤਰ’ ਲਈ ਸਰਵੋਤਮ ਸੰਗੀਤ ਪੁਰਸਕਾਰ ਜਿੱਤਿਆ। ਬਲਾਕਬਸਟਰ ‘ਕੇਜੀਐਫ ਚੈਪਟਰ 2’ ਦੇ ਅਦਾਕਾਰ ਯਸ਼ ਨੂੰ ਸਰਵੋਤਮ ਕੰਨੜ ਫਿਲਮ ਲਈ ਕੌਮੀ ਫਿਲਮ ਐਵਾਰਡ ਦਿੱਤਾ ਗਿਆ। ਫਿਲਮਸਾਜ਼ ਮਨੀ ਰਤਨਮ ਦੀ ‘ਪੋਨੀਯਿਨ ਸੇਲਵਨ 1’ ਨੂੰ ਸਰਵੋਤਮ ਤਾਮਿਲ ਫ਼ਿਲਮ ਦਾ ਖ਼ਿਤਾਬ ਦਿੱਤਾ ਗਿਆ। -ਆਈਏਐੱਨਐੱਸ