ਪੰਜਾਬੀ ਸਿਨੇਮਾ 2024: ਦਰਸ਼ਕ ਹਸਾਏ ਵੀ ਤੇ ਰੁਆਏ ਵੀ
ਸੁਰਜੀਤ ਜੱਸਲ
ਇਸ ਸਾਲ 60 ਦੇ ਕਰੀਬ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ, ਪਰ ਸਿਰਫ਼ 5-7 ਫਿਲਮਾਂ ਹੀ ਕਾਮਯਾਬ ਹੋਈਆਂ, ਜਦੋਂਕਿ ਪਿਛਲੇ ਸਾਲ ਰਚਨਾਤਮਕ ਪੱਖੋਂ ਉਸਾਰੂ ਸੋਚ ਵਾਲੀਆਂ ਚੰਗੀਆਂ ਫਿਲਮਾਂ ਦਾ ਦੌਰ ਚੱਲਿਆ। ਇਸ ਸਾਲ ਅਜਿਹੀਆਂ ਫਿਲਮਾਂ ਦੀ ਘਾਟ ਰੜਕਦੀ ਰਹੀ। 2024 ਦੀ ਸ਼ੁਰੂਆਤ ਪੰਜਾਬੀ ਸਿਨੇਮਾ ਲਈ ਨਿਰਾਸ਼ਾਜਨਕ ਹੀ ਰਹੀ। ਲੇਖਕ ਨਿਰਦੇਸ਼ਕ ਰਾਣਾ ਰਣਬੀਰ ਦੀ ਫਿਲਮ ‘ਮਨਸੂਬਾ’ ਗੁੰਝਲਦਾਰ ਵਿਸ਼ੇ ਕਰਕੇ ਦਰਸ਼ਕਾਂ ਦੀ ਸਮਝ ਤੋਂ ਬਾਹਰ ਰਹੀ। ਨਵੇਂ ਅਦਾਕਾਰ ਕਿਰਨਦੀਪ ਤੇ ਪ੍ਰਭ ਗਰੇਵਾਲ ਦੀ ਫਿਲਮ ‘ਜੱਟਾ ਡੋਲੀ ਨਾ’ ਵਿਸ਼ੇ ’ਤੇ ਚੰਗੀ ਪਕੜ ਨਾ ਹੋਣ ਕਰਕੇ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ।
ਗਾਇਕ ਯੁਵਰਾਜ ਹੰਸ ਫਿਲਮ ‘ਮੁੰਡਾ ਰੌਕਸਟਾਰ’ ਨਾਲ ਪੰਜਾਬੀ ਪਰਦੇ ’ਤੇ ਬਹੁਤਾ ਕਮਾਲ ਨਾ ਕਰ ਸਕਿਆ, ਜਦਕਿ ਹਰੀਸ਼ ਵਰਮਾ ਦੀ ਫਿਲਮ ‘ਡਰਾਮੇ ਆਲੇ’ ਚੰਗੀ ਫਿਲਮ ਹੋਣ ਦੇ ਬਾਵਜੂਦ ਬਹੁਤਾ ਪ੍ਰਭਾਵ ਨਾ ਛੱਡ ਸਕੀ। ਇਸੇ ਮਹੀਨੇ ਸਰਦਾਰ ਸੋਹੀ ਤੇ ਬੱਬਲ ਰਾਏ ਦੀ ਫਿਲਮ ‘ਲੰਬੜਾਂ ਦਾ ਲਾਣਾ’ ਭੂਤ-ਪ੍ਰੇਤਾਂ ਵਾਲੀ ਕਾਮੇਡੀ ਹੋਣ ਕਰਕੇ ਦਰਸ਼ਕਾਂ ਦੀ ਪਸੰਦ ਬਣੀ। ਭੂਤ-ਪ੍ਰੇਤਾਂ ਵਾਲੇ ਵਿਸ਼ਿਆਂ ਨੂੰ ਸਫਲ ਹੁੰਦੇ ਵੇਖ ‘ਜੱਟ ਨੂੰ ਚੁੜੇਲ ਟੱਕਰੀ’, ‘ਜਿਊਂਦੇ ਰਹੋ ਭੂਤ ਜੀ’, ‘ਬੂ ਮੈਂ ਡਰਗੀ’ ਅਤੇ ‘ਨੀਂ ਮੈਂ ਸੱਸ ਕੁੱਟਣੀ-2’ ਵਰਗੀਆਂ ਫਿਲਮਾਂ ਸਿਨੇਮਿਆਂ ਦਾ ਸ਼ਿੰਗਾਰ ਬਣੀਆਂ। ਇਨ੍ਹਾਂ ਵਿੱਚੋਂ ਅੰਬਰਦੀਪ ਦੀ ਲਿਖੀ ਅਤੇ ਵਿਕਾਸ ਵਸ਼ਿਸ਼ਟ ਦੀ ਨਿਰਦੇਸ਼ਿਤ ਫਿਲਮ ‘ਜੱਟ ਨੂੰ ਚੁੜੇਲ ਟੱਕਰੀ’ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰੂਪੀ ਗਿੱਲ ਆਦਿ ਕਲਾਕਾਰਾਂ ਨੇ ਇਸ ਫਿਲਮ ਵਿੱਚ ਅਹਿਮ ਕਿਰਦਾਰ ਨਿਭਾਏ। ਫਿਲਮ ‘ਨੀਂ ਮੈਂ ਸੱਸ ਕੁੱਟਣੀ-2’ ਪਹਿਲੀ ਚਰਚਿਤ ਫਿਲਮ ਵਾਂਗ ਦਰਸ਼ਕਾਂ ਦੀ ਪਸੰਦ ’ਤੇ ਖਰੀ ਨਾ ਉਤਰੀ, ਜਦਕਿ ਫਿਲਮ ‘ਬੂ ਮੈਂ ਡਰਗੀ’ ਨੇ ਦਰਸ਼ਕਾਂ ਪੱਲੇ ਕੋਰੀ ਨਿਰਾਸ਼ਾ ਪਾਈ।
ਐਕਸ਼ਨ ਅਤੇ ਥ੍ਰਿਲ ਭਰਪੂਰ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਅਮਰ ਹੁੰਦਲ ਨੇ ਫਿਲਮਾਂ ‘ਵਾਰਨਿੰਗ-2’, ‘ਫੂਰਤੀਲਾ’ ਅਤੇ ‘ਬੀਬੀ ਰਜਨੀ’ ਨਾਲ ਆਪਣੀ ਪਹਿਚਾਣ ਹੋਰ ਗੂੜ੍ਹੀ ਕੀਤੀ। 2021 ਦੀ ਸਫਲ ਫਿਲਮ ‘ਵਾਰਨਿੰਗ’ ਦੇ ਸੀਕੂਏਲ ‘ਵਾਰਨਿੰਗ -2’ ਨੂੰ ਹੋਰ ਵੀ ਬਿਹਤਰ ਅਤੇ ਦਿਲਚਸਪ ਬਣਾਉਣ ਲਈ ਖ਼ੂਬ ਮਿਹਨਤ ਕੀਤੀ। ਬੌਲੀਵੁੱਡ-ਹੌਲੀਵੁੱਡ ਪੱਧਰ ਦੇ ਐਕਸ਼ਨ ਨੂੰ ਪੇਸ਼ ਕਰਦੀ ਇਸ ਫਿਲਮ ਦੇ ਕਲਾਈਮੈਕਸ ਨੇ ਦਰਸ਼ਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ। ਪ੍ਰਿੰਸ ਕੰਵਲਜੀਤ ਸਿੰਘ, ਗਿੱਪੀ ਗਰੇਵਾਲ, ਹੌਬੀ ਧਾਲੀਵਾਲ, ਸਰਦਾਰ ਸੋਹੀ ਅਤੇ ਜੈਸਮੀਨ ਭਸੀਨ ਵਰਗੇ ਕਲਾਕਾਰਾਂ ਦੀ ਅਦਾਕਾਰੀ ਨੇ ਖ਼ੂਬ ਰੰਗ ਬੰਨ੍ਹਿਆ। ਅਦਾਕਾਰ ਤੋਂ ਨਿਰਮਾਤਾ ਬਣੇ ਜਗਜੀਤ ਸੰਧੂ ਨੇ ਫਿਲਮ ‘ਓਏ ਭੋਲੇ ਓਏ’ ਨਾਲ ਲੰਬੀ ਛਾਲ ਮਾਰੀ। ਸਮਾਜਿਕ ਮੁੱਦਿਆ ’ਤੇ ਵਿਅੰਗ ਕਰਦੀ ਤੇ ਹਾਸੇ-ਹਾਸੇ ਵਿੱਚ ਸੋਚ ਨੂੰ ਹਲੂਣਾ ਦਿੰਦੀ ਇਹ ਫਿਲਮ ਟਿਕਟ ਖਿੜਕੀ ’ਤੇ ਭੀੜ ਜਮਾਂ ਕਰਨ ਵਿੱਚ ਕਾਮਯਾਬ ਰਹੀ। ਜਗਜੀਤ ਸੰਧੂ ਦੀ ਇੱਕ ਹੋਰ ਫਿਲਮ ‘ਚੋਰਦਿਲ’ ਵੀ ਇਸੇ ਸਾਲ ਰਿਲੀਜ਼ ਹੋਈ।
ਫਿਲਮ ‘ਤੁਣਕਾ-ਤੁਣਕਾ’ ਨਾਲ ਗਾਇਕ ਤੋਂ ਅਦਾਕਾਰ ਬਣੇ ਹਰਦੀਪ ਗਰੇਵਾਲ ਦੀ ਇਸ ਸਾਲ ਤੀਸਰੀ ਫਿਲਮ ‘ਜੇ ਪੈਸਾ ਬੋਲਦਾ ਹੁੰਦਾ’ ਵੀ ਰਿਲੀਜ਼ ਹੋਈ। ਕਾਮੇਡੀ ਅਤੇ ਸਸਪੈਂਸ ਭਰਪੂਰ ਇਹ ਫਿਲਮ ਚੰਗੀ ਹੋਣ ਦੇ ਬਾਵਜੂਦ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ। ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਦੀ ਜੋੜੀ ਵਾਲੀ ਫਿਲਮ ‘ਜੀ ਵੇ ਸੋਹਣਿਆ ਜੀ’ ਵਿਸ਼ੇ ਪੱਖੋਂ ਦਿਲਚਸਪ ਫਿਲਮ ਰਹੀ। ਗੁਰਨਾਮ ਭੁੱਲਰ ਦੀ ਫਿਲਮ ‘ਖਿਡਾਰੀ’ ਚੰਗੇ ਵਿਸ਼ੇ ਦੀ ਫਿਲਮ ਸਾਬਤ ਹੋਈ। ਪਹਿਲੀਆਂ ਫਿਲਮਾਂ ਦੇ ਮੁਕਾਬਲੇ ਗੁਰਨਾਮ ਭੁੱਲਰ ਇਸ ਫਿਲਮ ਨਾਲ ਬਹੁਤਾ ਕੱਦ ਨਾ ਕੱਢ ਸਕਿਆ। ਕਰਮਜੀਤ ਅਨਮੋਲ ਅਤੇ ਸਿਮਰ ਖਹਿਰਾ ਦੀ ਕਾਮੇਡੀ ਫਿਲਮ ‘ਵੇਖੀ ਜਾ ਛੇੜੀ ਨਾ’ ਨੂੰ ਕਿਸੇ ਵੀ ਦਰਸ਼ਕ ਨੇ ਨਾ ਛੇੜਿਆ।
‘ਇਕੋ-ਮਿਕੇ’ ਤੇ ‘ਕਲੀ ਜੋਟਾ’ ਦੀ ਬੇਮਿਸਾਲ ਸਫਲਤਾ ਤੋਂ ਬਾਅਦ ਸਤਿੰਦਰ ਸਰਤਾਜ ਦੀ ਇਸ ਸਾਲ ਫਿਲਮ ‘ਸ਼ਾਯਰ’ ਨੇ ਨਵੇਂ ਮੀਲ-ਪੱਥਰ ਸਥਾਪਤ ਕੀਤੇ। ਸ਼ਾਇਰੋ-ਸ਼ਾਇਰੀ ਨਾਲ ਭਰਪੂਰ ਇਸ ਫਿਲਮ ਨੂੰ ਦਰਸ਼ਕਾਂ ਦਾ ਰੱਜਵਾਂ ਪਿਆਰ ਮਿਲਿਆ। ‘ਇਕੋ-ਮਿਕੇ’ ਵਾਂਗ ‘ਸ਼ਾਯਰ’ ਫਿਲਮ ਨਾਲ ਸਤਿੰਦਰ ਸਰਤਾਜ ਦਰਸ਼ਕਾਂ ਨੂੰ ਸਾਹਿਤ ਨਾਲ ਜੋੜਦਿਆਂ ਸੱਚੀਆਂ ਮੁਹੱਬਤਾਂ ਦੀ ਬਾਤ ਪਾਉਣ ਵਿੱਚ ਕਾਮਯਾਬ ਰਿਹਾ। ਇਸ ਫਿਲਮ ਵਿਚਲੀ ਅਦਾਕਾਰੀ ਦੇ ਨਾਲ-ਨਾਲ ਫਿਲਮ ਦੇ ਸ਼ਾਇਰੀ-ਨੁਮਾ ਗੀਤ ਵੀ ਦਰਸ਼ਕਾਂ ਦੀ ਪਸੰਦ ਬਣੇ।
ਪਿਛਲੇ ਸਾਲ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਦੀ ਫਿਲਮ ‘ਮਸਤਾਨੇ’ ਵਾਂਗ ਇਤਿਹਾਸਿਕ ਗਾਥਾ ’ਤੇ ਆਧਾਰਿਤ ਫਿਲਮ ‘ਬੀਬੀ ਰਜਨੀ’ ਵੀ ਚਰਚਾ ਵਿੱਚ ਰਹੀ। 26 ਜੂਨ 1972 ਨੂੰ ਰਿਲੀਜ਼ ਹੋਈ ਨਿਰਮਾਤਾ ਕੰਵਰ ਮਹਿੰਦਰ ਸਿੰਘ ਬੇਦੀ ਦੀ ਫਿਲਮ ‘ਦੁੱਖ ਭੰਜਨ ਤੇਰਾ ਨਾਮ’ ਵੀ ਬੀਬੀ ਰਜਨੀ ਦੀ ਕਹਾਣੀ ਸੀ। 70ਵੇਂ ਦਹਾਕੇ ਦੀ ਸਫਲ ਫਿਲਮ ਵਾਂਗ ਮੌਜੂਦਾ ਦੌਰ ਦੀ ਫਿਲਮ ‘ਬੀਬੀ ਰਜਨੀ’ ਨੇ ਦਰਸ਼ਕਾਂ ਨੂੰ ਮੁੜ ਸਿੱਖ ਇਤਿਹਾਸ ਨਾਲ ਜੋੜਿਆ। ਬੀਬੀ ਰਜਨੀ ਦੀ ਚੰਗੀ ਕਾਰਗੁਜ਼ਾਰੀ ਵੇਖਦਿਆਂ ਧਾਰਮਿਕ ਵਿਸ਼ੇ ਦੀਆਂ ਕਈ ਹੋਰ ਫਿਲਮਾਂ ਵੀ ਰਿਲੀਜ਼ ਹੋਈਆਂ ਜੋ ਗੁਰਬਾਣੀ ਨਾਲ ਜੁੜ ਕੇ ਸੱਚੀ-ਸੁੱਚੀ ਕਿਰਤ ਕਰ ਕੇ ਵੰਡ ਛੱਕਣ ਦਾ ਉਪਦੇਸ਼ ਦਿੰਦੀਆਂ ਨਜ਼ਰ ਆਈਆਂ। ਰਾਮ ਮਹੇਸ਼ਵਰੀ ਦੀ 1969 ’ਚ ਨੈਸ਼ਨਲ ਐਵਾਰਡ ਜੇਤੂ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਤੋਂ ਬਾਅਦ ਇਸ ਸਾਲ ਨਵੀਂ ਨਿਰਦੇਸ਼ਿਕਾ ਕਲਿਆਣੀ ਸਿੰਘ ਵੱਲੋਂ ‘ਨਾਨਕ ਨਾਮ ਜਹਾਜ਼ ਹੈ’ ਨਾਮ ਦੀ ਇੱਕ ਹੋਰ ਫਿਲਮ ਰਿਲੀਜ਼ ਕੀਤੀ ਗਈ। 1982 ਵਿੱਚ ਰਿਲੀਜ਼ ਹੋਈ ਕੇ. ਪੱਪੂ ਵੱਲੋਂ ਨਿਰਦੇਸ਼ਿਤ ਫਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਆਪਣੇ ਸਮੇਂ ਦੀ ਸੁਪਰਡੁਪਰ ਹਿੱਟ ਫਿਲਮ ਰਹੀ ਹੈ। ਇਸੇ ਸਿਰਲੇਖ ਅਧੀਨ ਲੇਖਕ-ਨਿਰਦੇਸ਼ਕ ਤਰਨਪਾਲ ਸਿੰਘ ਜਗਪਾਲ ਦੀ ਫਿਲਮ ਰਿਲੀਜ਼ ਹੋਈ, ਪਰ ਇਸ ਫਿਲਮ ਨੂੰ ਚੰਗਾ ਹੁੰਗਾਰਾ ਨਾ ਮਿਲਿਆ। 2016 ਵਿੱਚ ਰਿਲੀਜ਼ ਹੋਈ ਸੁਪਰਡੁਪਰ ਹਿੱਟ ਫਿਲਮ ‘ਅਰਦਾਸ’ ਦਾ ਤੀਸਰਾ ਭਾਗ ‘ਅਰਦਾਸ-ਸਰਬੱਤ ਦੇ ਭਲੇ ਦੀ’ ਚੰਗੀ ਫਿਲਮ ਸਾਬਤ ਹੋਈ। ਪਹਿਲੀਆਂ ਦੋ ਫਿਲਮਾਂ ਵਾਂਗ ਇਸ ਫਿਲਮ ਨੂੰ ਵੀ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ, ਭਾਵੇਂ ਇਸ ਸਾਲ ਸੀਕੂਏਲ ਫਿਲਮਾਂ ਦਾ ਜ਼ਿਆਦਾ ਬੋਲ-ਬਾਲਾ ਰਿਹਾ, ਪ੍ਰੰਤੂ ਪਹਿਲੀਆਂ ਫਿਲਮਾਂ ਵਾਲੀ ਕਾਮਯਾਬੀ ਕਿਸੇ-ਕਿਸੇ ਦੇ ਹੱਥ ਹੀ ਆਈ। ਇਸ ਲੜੀ ਵਿੱਚ ‘ਬਲੈਕੀਆ-2’, ‘ਰੁਪਿੰਦਰ ਗਾਂਧੀ 3’, ‘ਪ੍ਰਹਾਉਣਾ 2’, ‘ਫੇਰ ਮਾਮਲਾ ਗੜਬੜ ਹੈ’, ‘ਨੀਂ ਮੈਂ ਸੱਸ ਕੁੱਟਣੀ 2’, ‘ਸਰੰਡਰ’, ‘ਤਬਾਹੀ ਰਿਲੋਡਡ’ ਆਦਿ ਫਿਲਮਾਂ ਆਈਆਂ ਜੋ ਸਿਰਫ਼ ਆਈਆਂ ਗਈਆਂ ਹੋ ਗਈਆਂ।
ਚੰਗੀ ਤੇ ਉਸਾਰੂ ਸੋਚ ਵਾਲੇ ਨੌਜਵਾਨ ਹੈਪੀ ਰੋਡੇ ਦੀ ਇਸ ਸਾਲ ਰਿਲੀਜ਼ ਫਿਲਮ ‘ਰੋਡੇ ਕਾਲਜ’ ਕਾਫ਼ੀ ਚਰਚਾ ਵਿੱਚ ਰਹੀ। ਵਿਸ਼ੇ ਅਤੇ ਨਿਰਦੇਸ਼ਨ ਪੱਖੋਂ ਚੰਗੀ ਕਾਰਗੁਜ਼ਾਰੀ ਕਰਨ ਵਾਲੀ ਇਸ ਫਿਲਮ ਦੀ ਚਰਚਾ ਨੇ ਸਭ ਨੂੰ ਹੈਰਾਨ ਕੀਤਾ। ਅਮਰਿੰਦਰ ਗਿੱਲ ਇਸ ਸਾਲ ਦੋ ਫਿਲਮਾਂ ਲੈ ਕੇ ਆਇਆ, ਜਿਨ੍ਹਾਂ ’ਚੋਂ ਪਹਿਲੀ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ਵਿੱਚ ਉਹ ਇੱਕ ਡਰਾਈਵਰ ਦੇ ਕਿਰਦਾਰ ਵਿੱਚ ਨਜ਼ਰ ਆਇਆ। ਰਾਕੇਸ਼ ਧਵਨ ਵੱਲੋਂ ਨਿਰਦੇਸ਼ਤਿਤ ਇਸ ਫਿਲਮ ਵਿੱਚ ਸੁਨੰਦਾ ਸ਼ਰਮਾ, ਹਰਦੀਪ ਗਿੱਲ ਅਤੇ ਬੌਲੀਵੁੱਡ ਅਦਾਕਾਰਾ ਸਯਾਨੀ ਗੁਪਤਾ ਨੇ ਬਾਕਮਾਲ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਦੂਜੀ ਫਿਲਮ ‘ਦਾਰੂ ਨਾ ਪੀਂਦਾ ਹੋਵੇ’ ਸ਼ਰਾਬੀਆਂ ਦੇ ਮਾੜੇ ਲੱਛਣਾਂ ਸਦਕਾ ਪੈਦਾ ਹੋਈਆਂ ਪਰਿਵਾਰਕ ਉਲਝਣਾਂ ਦੀ ਕਹਾਣੀ ਪੇਸ਼ ਕਰਦੀ ਚੰਗੀ ਫਿਲਮ ਸਾਬਤ ਹੋਈ। ਦਿਲਜੀਤ ਦੁਸਾਂਝ ਦੀ ਫਿਲਮ ‘ਜੱਟ ਐਂਡ ਜੂਲੀਅਟ 3’ ਨੇ ਵੀ ਸਫਲਤਾ ਦੇ ਝੰਡੇ ਲਹਿਰਾਏ।
ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਨਾਲ ਚਰਚਾ ਵਿੱਚ ਆਇਆ। ਪੰਜਾਬ ਅਤੇ ਬਾਹਰਲੇ ਸੱਭਿਆਚਾਰ ਦੇ ਵਖਰੇਵੇਂ ਅਤੇ ਸਹੀ ਪਰਿਵਾਰਕ ਪਾਲਣ ਪੋਸ਼ਣ ਦੀ ਗੱਲ ਕਰਦੀ ਇਹ ਚੰਗੀ ਫਿਲਮ ਸੀ। ਪਿੰਡਾਂ ਦੀ ਸਕੂਲੀ ਸਿੱਖਿਆ ਪ੍ਰਣਾਲੀ ’ਤੇ ਵਿਅੰਗ ਕਸਦੀ ਪ੍ਰੀਤ ਹਰਪਾਲ ਦੀ ਫਿਲਮ ‘ਪਿੰਡ ਆਲਾ ਸਕੂਲ’ ਸੰਜੀਦਾ ਵਿਸ਼ੇ ’ਤੇ ਆਧਾਰਿਤ ਸੀ। ਬੱਬੂ ਮਾਨ ਦੀ ਫਿਲਮ ‘ਸੁੱਚਾ ਸੂਰਮਾ’ ਵੀ ਇਸੇ ਸਾਲ ਰਿਲੀਜ਼ ਹੋਈ। ਪੁਰਾਣੀ ਲੋਕ ਗਾਥਾ ’ਤੇ ਆਧਾਰਿਤ ਇਸ ਫਿਲਮ ਨੂੰ ਅਮਿਤੋਜ਼ ਮਾਨ ਨੇ ਬਹੁਤ ਬਾਰੀਕੀ ਨਾਲ ਨਿਰਦੇਸ਼ਿਤ ਕੀਤਾ। ਫਿਲਮ ਦੀ ਪ੍ਰਸ਼ੰਸਾ ਤਾਂ ਹੋਈ, ਪਰ ਬਹੁਤੀ ਚਰਚਾ ਨਾ ਹੋ ਸਕੀ।
ਪਰਿਵਾਰਕ ਉਲਝਣਾਂ ਵਾਲੀ ਸਮਾਜਿਕ ਵਿਸ਼ੇ ਦੀ ਫਿਲਮ ‘ਸ਼ੁਕਰਾਨਾ’ ਆਮ ਫਿਲਮਾਂ ਤੋਂ ਹਟਕੇ ਸੀ, ਜਿਸ ਵਿੱਚ ਦਿਓਰ-ਭਰਜਾਈ ਦੇ ਸਤਿਕਾਰ ਅਤੇ ਮਾਣ ਮਰਿਆਦਾ ਭਰੇ ਰਿਸ਼ਤੇ ਨੂੰ ਮਜਬੂਰੀ ਵੱਸ ਦੂਸਰੇ ਵਿਆਹ ਬੰਧਨ ਵਿੱਚ ਵਿਖਾਇਆ ਗਿਆ। ਪੰਜਾਬ ਦੀਆਂ ਸੱਚੀਆਂ ਕਹਾਣੀਆਂ ਦੇ ਹਵਾਲੇ ਨਾਲ ਪੇਸ਼ ਕੀਤੀ ਇਸ ਫਿਲਮ ਦੇ ਕੁਝ ਦ੍ਰਿਸ਼ ਕਾਲਜੇ ਤੋਂ ਰੁੱਗ ਭਰਦੇ ਨਜ਼ਰ ਆਏ। ਚੰਗੀ ਫਿਲਮ ਹੋਣ ਦੇ ਬਾਵਜੂਦ ਇਹ ਬਹੁਤੀ ਲੰਮਾ ਸਮਾਂ ਸਿਨੇਮਾਂ ਘਰਾਂ ਵਿੱਚ ਨਾ ਟਿਕ ਸਕੀ। ਲੇਖਕ ਨਿਰਦੇਸ਼ਕ ਨਵ ਬਾਜਵਾ ਦੀ ਫਿਲਮ ‘ਰੇਡੂਆ ਰਿਟਰਨਜ਼’ ਨੇ ਦਰਸ਼ਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ।
ਐਮੀ ਵਿਰਕ ਇਸ ਸਾਲ ਬੌਲੀਵੁੱਡ ਵਿੱਚ ਸਰਗਰਮ ਰਿਹਾ ਅਤੇ ਪੰਜਾਬੀ ਸਿਨੇਮਾ ਲਈ ਸਿਰਫ਼ ਇੱਕ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਨਾਲ ਇਸ਼ਕ ਪੇਚੇ ਲੜਾਉਂਦਾ ਨਜ਼ਰ ਆਇਆ। ਭਲਵਾਨੀ ਦੀ ਆੜ ’ਚ ਰੁਮਾਂਟਕ ਵਿਸ਼ੇ ਦੀ ਇਹ ਫਿਲਮ ਦਰਸ਼ਕਾਂ ਨੇ ਪਸੰਦ ਕੀਤੀ। ਇਸ ਵਿੱਚ ਐਮੀ ਵਿਰਕ ਪਹਿਲੀ ਵਾਰ ਭਲਵਾਨੀ ਕਰਦਾ ਨਜ਼ਰ ਆਇਆ। ਗੁਰੂ ਰੰਧਾਵਾ ਨੇ ਵੀ ਫਿਲਮ ‘ਸ਼ਾਹਕੋਟ’ ਨਾਲ ਅਦਾਕਾਰੀ ਵਿੱਚ ਪੈਰ ਧਰਿਆ। ਉਦਾਸੀਨਤਾ ਨਾਲ ਭਰੀ ਫਿਲਮ ‘ਆਪਣੇ ਘਰ ਬੇਗਾਨੇ’ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਨਾ ਮਿਲਿਆ। ਆਰਿਆ ਬੱਬਰ ਦੀ ‘ਹੇ ਸੀਰੀ ਵੇ ਸੀਰੀ’ ਅਤੇ ਪਰਵਾਸੀ ਮੁਲਕ ਵਿੱਚ ਬਣੀ ‘ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ’ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ। ਸਾਲ ਦੇ ਅੰਤ ਵਿੱਚ ਦਸੰਬਰ ਵਿੱਚ ਦੋ ਮੁੱਖ ਫਿਲਮਾਂ ‘ਵੱਡਾ ਘਰ’ ਅਤੇ ‘ਪੰਜਾਬ ਫਾਇਲਜ਼’ ਰਿਲੀਜ਼ ਹੋਈਆ। ਜਿੱਥੇ ‘ਵੱਡਾ ਘਰ’ ਸਾਂਝੇ ਵੱਡੇ-ਘਰ-ਪਰਿਵਾਰ ਦੀ ਅਹਿਮੀਅਤ ਦੱਸਦੀ ਹੈ, ਉੱਥੇ ‘ਪੰਜਾਬ ਫਾਇਲਜ਼’ ਪੰਜਾਬ ਦੇ ਕਾਲੇ ਦੌਰ ਦੀ ਗਾਥਾ ਬਿਆਨਦੀ ਪੀਰੀਅਡ ਡਰਾਮਾ ਕਹਾਣੀ ਹੈ।
ਸਿਨੇਮਿਆਂ ਵਿੱਚ ਰਿਲੀਜ਼ ਫਿਲਮਾਂ ਤੋਂ ਇਲਾਵਾ ਇਸ ਵਾਰ ਓਟੀਟੀ ਦੇ ਮੰਚ ਚੌਪਾਲ ’ਤੇ ਵੀ ਅਨੇਕਾਂ ਨਵੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਰਿਲੀਜ਼ ਹੋਈਆਂ। ਲੇਖਕ ਨਿਰਦੇਸ਼ਕ ਗੁਰਪ੍ਰੀਤ ਸਿੰਘ ਭਲੇਰੀ ਦੀ ਚੌਪਾਲ ’ਤੇ ਇਸ ਵਰ੍ਹੇ ਰਿਲੀਜ਼ ਹੋਈ ਵੈੱਬ ਸੀਰੀਜ਼ ‘ਸਰਪੰਚੀ’ ਨੇ ਦਰਸ਼ਕਾਂ ਦਾ ਭਰਪੂਰ ਪਿਆਰ ਲਿਆ। ਇਸ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਅੱਜ ਦਾ ਵੋਟਰ ਜਾਗਰੂਕ ਹੋ ਗਿਆ ਹੈ। ਲੇਖਕ ਅਵਰਾਜ ਗਿੱਲ ਅਤੇ ਨਿਰਦੇਸ਼ਕ ਅਨੀਤ ਸੇਖੋਂ ਦੀ ਵੈੱਬ ਸੀਰੀਜ਼ ‘ਤਖ਼ਤ’ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਦੋ ਨੰਬਰੀ ਬੰਦਿਆਂ ਦੀ ਹਕੀਕਤ ਪੇਸ਼ ਕਰਦੀ ਦਿਲਚਸਪ ਕਹਾਣੀ ਹੈ। ਇਸ ਤੋਂ ਇਲਾਵਾ ਵੈੱਬ ਸੀਰੀਜ਼ ‘ਪਲਸਤਰ’, ‘ਜੱਕੇ ਪੀ ਸੀ ਐੱਫ’ ਵੀ ਚਰਚਾ ਵਿੱਚ ਰਹੀਆਂ। ਗਾਇਕ ਰਵਿੰਦਰ ਗਰੇਵਾਲ ਦੀ ਫਿਲਮ ‘ਬਲੂ ਵੈਨ’ ਵੀ ਕਾਫ਼ੀ ਚਰਚਾ ਵਿੱਚ ਰਹੀ।
ਸੰਪਰਕ: 98146-07737