ਅਭੈ ਦਿਓਲ ਦੀ ਫਿਲਮ ‘ਬਨ ਟਿੱਕੀ’ ਦਾ ਗਲੋਬਲ ਪ੍ਰੀਮੀਅਰ
ਮੁੰਬਈ:
ਬੌਲੀਵੁੱਡ ਅਦਾਕਾਰ ਅਭੈ ਦਿਓਲ ਦੀ ਫਿਲਮ ‘ਬਨ ਟਿੱਕੀ’ ਦਾ ਗਲੋਬਲ ਪ੍ਰੀਮੀਅਰ 36ਵੇਂ ਪਾਮ ਸਪ੍ਰਿੰਗਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ (ਪੀਐੱਸਆਈਐੱਫਐੱਫ) ਕੈਲੀਫੋਰਨੀਆ ਵਿੱਚ ਕੀਤਾ ਗਿਆ। ਇਸ ਫਿਲਮ ਦੇ ਨਿਰਮਾਤਾ ਮਨੀਸ਼ ਮਲਹੋਤਰਾ ਹਨ ਜਦੋਂਕਿ ਨਿਰਦੇਸ਼ਨ ਫਰਾਜ਼ ਆਰਿਫ ਅੰਸਾਰੀ ਨੇ ਕੀਤਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਅਦਾਕਾਰ ਦਿਓਲ ਨੇ ਕਿਹਾ ਕਿ ਸਕ੍ਰਿਪਟ ਪੜ੍ਹਦਿਆਂ ਹੀ ਉਸ ਨੂੰ ‘ਬਨ ਟਿੱਕੀ’ ਪਸੰਦ ਆ ਗਈ ਸੀ। ਇਸ ਦੀ ਕਹਾਣੀ ਉਸ ਨੂੰ ਬੇਹੱਦ ਪਸੰਦ ਆਈ ਖ਼ਾਸਕਰ ਇਹ ਇੱਕ ਪਿਓ-ਪੁੱਤ ਦੁਆਲੇ ਘੁੰਮਦੀ ਹੈ। ਉਸ ਨੇ ਕਿਹਾ ਕਿ ਅਸੀਂ ਅਜਿਹੀ ਦੁਨੀਆਂ ਵਿੱਚ ਰਹਿੰਦੇ ਹਾਂ ਜਿੱਥੇ ਨਫਰਤ ਭਰੀ ਹੋਈ ਪਰ ਇਹ ਫਿਲਮ ਪਿਆਰ ਦੀ ਬਾਤ ਪਾਉਂਦੀ ਹੈ। ਅਦਾਕਾਰ ਨੇ ਕਿਹਾ ਜ਼ਰੂਰੀ ਨਹੀਂ ਹਰ ਕਹਾਣੀ ਕੋਈ ਵਿਸ਼ੇਸ਼ ਸੁਨੇਹਾ ਦੇਵੇ ਪਰ ਚੰਗੀ ਕਹਾਣੀ ਹਮੇਸ਼ਾ ਹਾਂ-ਪੱਖੀ ਸੁਨੇਹਾ ਦਿੰਦੀ ਹੈ ਅਤੇ ਉਸ ਵਿੱਚੋਂ ਇਹ ਕੁਦਰਤੀ ਤਰੀਕੇ ਨਾਲ ਆਪਣੇ ਆਪ ਹੀ ਬਾਹਰ ਆਉਂਦਾ ਹੈ। ਉਸ ਨੇ ਕਿਹਾ ਕਿ ਇਸ ਫਿਲਮ ਵਿੱਚ ਵੀ ਫਰਾਜ਼ ਦੇ ਨਿਰਦੇਸ਼ਨ ਵਿੱਚ ਅਜਿਹਾ ਹੀ ਹੋਇਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਨਿਰਦੇਸ਼ਨ ਫਰਾਜ਼ ਨੇ ਕਿਹਾ ਕਿ ਫਿਲਮ ‘ਬਨ ਟਿੱਕੀ’ ਉਸ ਲਈ ਬੇਹੱਦ ਖ਼ਾਸ ਹੈ। ਉਸ ਨੇ ਕਿਹਾ ਕਿ ਇਹ ਰਿਸ਼ਤਿਆਂ ਵਾਲਾ ਪਿਆਰ ਅਤੇ ਹਮਦਰਦੀ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਉਸ ਦੇ ਬਚਪਨ ਵਿੱਚ ਉਸ ਦੀ ਮਾਂ ਵੱਲੋਂ ਅਜਿਹਾ ਹੀ ਸਿਖਾਇਆ ਗਿਆ ਸੀ। ਨਿਰਮਾਤਾ ਮਨੀਸ਼ ਮਲਹੋਤਰਾ ਨੇ ਕਿਹਾ ਕਿ ਉਸ ਨੇ ਕਹਾਣੀ ਪੜ੍ਹਦਿਆਂ ਹੀ ਇਹ ਫਿਲਮ ਬਣਾਉਣ ਬਾਰੇ ਫ਼ੈਸਲਾ ਕਰ ਲਿਆ ਸੀ। ਇਸ ਵਿੱਚ ਅਦਾਕਾਰ ਦਿਓਲ ਤੋਂ ਇਲਾਵਾ ਸ਼ਬਾਨਾ ਆਜ਼ਮੀ, ਜ਼ੀਨਤ ਅਮਾਨ, ਨੁਸ਼ਰਤ ਭਰੂਚਾ ਅਤੇ ਰੋਹਨ ਪ੍ਰੀਤ ਸਿੰਘ ਵੀ ਨਜ਼ਰ ਆਉਣਗੇ। -ਆਈਏਐੱਨਐੱਸ