ਪੰਜਾਬੀ ਬੰਦਾ: ਪਾਰ ਤੇ ਬਹੁ-ਸੱਭਿਆਚਾਰਵਾਦ
ਮਨਮੋਹਨ
ਪਾਰ ਤੇ ਬਹੁ-ਸੱਭਿਆਚਾਰ ਅੰਤਰ ਤੇ ਸਹਿ-ਸਬੰਧਕ ਵਰਤਾਰੇ ਹਨ। ਆਧੁਨਿਕ, ਉੱਤਰ-ਆਧੁਨਿਕ ਸਥਿਤੀਆਂ ਨੇ ਆਵਾਸ-ਪਰਵਾਸ ਦੀਆਂ ਪ੍ਰਕਿਰਿਆਵਾਂ ਨੂੰ ਏਨਾ ਤੇਜ਼ ਕਰ ਦਿੱਤਾ ਹੈ ਕਿ ਪਰਵਾਸੀ ਬੰਦਾ ਇੱਕ ਸੱਭਿਆਚਾਰ ਤੋ ਦੂਜੇ ਸੱਭਿਆਚਾਰ ਵਿੱਚ ਦਾਖ਼ਲ ਹੋ ਰਿਹਾ ਹੈ। ਇੱਕ ਨਸਲ ਵਿੱਚ ਦੂਜੀ ਨਸਲ, ਇੱਕ ਭਾਸ਼ਾ ਵਿੱਚ ਦੂਜੀ ਭਾਸ਼ਾ, ਇੱਕ ਧਰਮ ਵਿੱਚ ਦੂਜੇ ਧਰਮ ਅਤੇ ਇੱਕ ਸੱਭਿਆਚਾਰ ਵਿੱਚ ਦੂਜੇ ਸੱਭਿਆਚਾਰ ਦਾ ਦਖ਼ਲ ਹੋ ਰਿਹਾ ਹੈ। ਇੱਕ ਸੱਭਿਆਚਾਰ ਤੋਂ ਪਾਰ ਅਤੇ ਬਹੁ-ਸੱਭਿਆਚਾਰ ਬਣ ਰਿਹਾ ਹੈ।
ਪਾਰ ਤੇ ਬਹੁ-ਸੱਭਿਆਚਾਰਵਾਦ ਕਿਸੇ ਸਮਾਜ ਵਿੱਚ ਰਹਿੰਦੇ ਵੱਖ ਵੱਖ ਸੱਭਿਆਚਾਰਾਂ ਦੇ ਵਖਰੇਵਿਆਂ ਅਤੇ ਅੰਤਰ-ਸਬੰਧਾਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦਾ ਹੈ। ਇਹ ਪ੍ਰਣਾਲੀ ਮੁੱਖ ਤੌਰ ’ਤੇ ਇਸ ਪ੍ਰਸ਼ਨ ਨੂੰ ਮੁੱਦਾ ਬਣਾਉਂਦੀ ਹੈ ਕਿ ਕਿਸੇ ਸਮਾਜ ਵਿੱਚ ਵਿਭਿੰਨ ਸੱਭਿਆਚਾਰਕ ਸਮੂਹਾਂ ਦੀ ਭਾਗੀਦਾਰੀ ਕੀ ਸਹੀ ਅਰਥਾਂ ਵਿੱਚ ਬਰਾਬਰੀ ਵਾਲੀ ਹੈ? ਜੇ ਨਹੀਂ ਤਾਂ ਕਿਉਂ ਨਹੀਂ? ਇੰਝ ਸੱਭਿਆਚਾਰਵਾਦ, ਸੱਭਿਆਚਾਰ ਦੀ ਰਾਜਨੀਤੀ ਦਾ ਸ਼ਾਸਤਰ ਹੈ। ਇਹ ਭਾਰੂ ਸੱਭਿਆਚਾਰਕ ਸਮੂਹਾਂ ਵੱਲੋਂ ਹਾਸ਼ੀਆਗਤ ਸਮੂਹਾਂ ਦੇ ਸੂਖ਼ਮ-ਸਥੂਲ ਦਮਨ ਦੀ ਨੀਤੀ ਦਾ ਅਧਿਐਨ ਕਰਦਾ ਹੈ। ਇਸ ਕਰਕੇ ਇਹ ਸੰਕਲਪ ਸੱਭਿਆਚਾਰਕ ਸਹਿਹੋਂਦ ਤੋਂ ਅੱਗੇ ਗੌਰਵਮਈ ਬਰਾਬਰੀ ਨੂੰ ਸੰਬੋਧਿਤ ਹੁੰਦਾ ਹੈ।
ਕਿਸੇ ਵੀ ਸੱਭਿਆਚਾਰਕ ਸਮੂਹ ਵਿੱਚ ਰੂਪਾਂਤਰਣ ਦੀ ਸਹਿਜ ਪ੍ਰਕਿਰਿਆ ਤਾਂ ਚੱਲਦੀ ਰਹਿੰਦੀ ਹੈ ਜਿਸ ਨੂੰ ਸੱਭਿਆਚਾਰਕ ਅਧਿਐਨ ਦੇ ਆਮ ਸੰਦਾਂ ਨਾਲ ਵੀ ਸਮਝਿਆ ਜਾ ਸਕਦਾ ਹੈ। ਮਸਲਾ ਉਸ ਵਕਤ ਪੈਦਾ ਹੁੰਦਾ ਹੈ ਜਦੋਂ ਕਿਸੇ ਦਬਾਅ-ਵਿਸ਼ੇਸ਼ ਰਾਹੀਂ ਰੂਪਾਂਤਰਣ ਦੀ ਪ੍ਰਕਿਰਿਆ ਬਹੁਤ ਸੂਖ਼ਮ, ਤੇਜ਼ ਅਤੇ ਅਚਾਨਕ ਹੁੰਦੀ ਹੈ। ਅਜਿਹੀ ਸੂਰਤ ਵਿੱਚ ਰੂਪਾਂਤਰਣ ਦੇ ਪਿਛੋਕੜ ਵਿੱਚ ਭਾਰੂ ਧਿਰ ਦੀ ਸਿਆਸਤ ਕਾਰਜਸ਼ੀਲ ਹੁੰਦੀ ਹੈ। ਅਜਿਹੇ ਰੂਪਾਂਤਰਣ ਨਾਲ ਹਾਸ਼ੀਅਗਤ ਵਰਗਾਂ ਲਈ ਪਛਾਣ ਦਾ ਸੰਕਟ ਖੜ੍ਹਾ ਹੋ ਜਾਂਦਾ ਹੈ।
ਪਾਰ ਸੱਭਿਆਚਾਰ ਭਾਵ ਸੱਭਿਆਚਾਰ ਤੋਂ ਪਾਰ/ਪਰ੍ਹਾਂ (ਟ੍ਰਾਂਸ) ਹੈ। ਇਹ ਅਰਥ ‘ਬਿਓਂਡ’ ਤੋਂ ਭਿੰਨ ਹਨ। ਸੱਭਿਆਚਾਰ ਤੋਂ ਪਾਰ ਹੋਣ ਦਾ ਮਤਲਬ ਸੱਭਿਆਚਾਰ ਤੋਂ ਦੂਰ ਹੋਣਾ ਨਹੀਂ ਬਲਕਿ ਕੁਝ ਹੱਦ ਤੱਕ ਕੌਮੀ ਕਿਸਮ ਦੀਆਂ ਸੀਮਾਵਾਂ, ਸੱਭਿਆਚਾਰਕ ਰੋਕਾਂ ਤੋਂ ਪਾਰ, ਪਰ੍ਹੇ ਜਾਂ ਕਹਿ ਸਕਦੇ ਹੋ ਉੱਪਰ ਉੱਠ ਜਾਣਾ ਹੈ। ਇਹ ਸੱਭਿਆਚਾਰਕ ਰੂਪਾਂਤਰਣ ਦੀ ਅਵਸਥਾ ਹੈ। ਇਹ ਰੂਪਾਂਤਰਣ ਸੱਭਿਆਚਾਰਕ ਰੂਪ ਵਿੱਚ ਰਲਣ ਵਾਲੇ ਜਾਂ ਰਲਾਉਣ ਵਾਲੇ ਸੱਭਿਆਚਾਰਾਂ ’ਚ ਇੱਕ ਜਾਂ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਲਏ ਗਏ ਆਜ਼ਾਦਾਨਾ ਨਿਰਣਿਆਂ ਤੋਂ ਬਾਅਦ ਹੁੰਦਾ ਹੈ। ਰੂਪਾਂਤਰਣ ਤੋਂ ਇਹ ਭਾਵ ਨਾ ਲਿਆ ਜਾਵੇ ਕਿ ਕਿਸੇ ਸੱਭਿਆਚਾਰ ਨੂੰ ਛੱਡਿਆ ਜਾ ਰਿਹਾ ਹੈ ਬਲਕਿ ਇੱਕ ਸੱਭਿਆਚਾਰ ਸਰਬ-ਸੰਮਤੀ ਨਾਲ ਦੂਸਰੇ ਸੱਭਿਆਚਾਰ ਨੂੰ ਅਪਣਾਉਂਦਾ ਹੈ। ਇਸ ਨਾਲ ਮੂਲ ਸੱਭਿਆਚਾਰ ਤਿਆਗਿਆ ਨਹੀਂ ਜਾਂਦਾ ਬਲਕਿ ਦੂਜੇ ਸੱਭਿਆਚਾਰ ਨੂੰ ਧਾਰਣ ਕਰਨਾ ਜਾਂ ਉਸ ਅੰਦਰ ਸ਼ਮੂਲੀਅਤ ਕਰਨਾ ਹੈ। ਇਸ ਤਰ੍ਹਾਂ ਪਾਰ ਸੱਭਿਆਚਾਰ ਦਾ ਭਾਵ ਵਿਸ਼ੇਸ਼ ਪੱਧਰ ’ਤੇ ਅਪਣਾਏ ਗਏ ਦੂਜੇ ਸੱਭਿਆਚਾਰ ਨਾਲ ਸੰਵਾਦ ਹੁੰਦਾ ਹੈ। ਇਸ ਪ੍ਰਕਿਰਿਆ ਲਈ ‘ਮੈਲਟਿੰਗ ਪੌਟ’ ਅਤੇ ‘ਪਲੇਟ ਆਫ ਸੈਲੇਡ’ ਜਿਹੇ ਸੰਕਲਪ ਪੈਦਾ ਹੋਏ। ਮੈਲਟਿੰਗ ਪੋਟ ਤੋਂ ਭਾਵ ਜਿਵੇਂ ਕੁਠਾਲੀ ’ਚ ਸਾਰੀਆਂ ਧਾਤਾਂ ਪਿਘਲ ਕੇ ਇੱਕ ਧਾਤ ਬਣ ਜਾਂਦੀਆਂ ਹਨ ਉਵੇਂ ਇਹ ਸੱਭਿਆਚਾਰ ਆਪਣੀ ਮੂਲ ਪਛਾਣ ਗੁਆ ਕੇ ਨਵੀਂ ਪਛਾਣ ਅਪਣਾ ਲੈਂਦੇ ਹਨ। ‘ਪਲੇਟ ਆਫ ਸੈਲੇਡ’ ਤੋਂ ਭਾਵ ਹੈ ਕਿ ਵਿਭਿੰਨ ਸੱਭਿਆਚਾਰ ਆਪਣੀ ਪਛਾਣ, ਰੰਗ, ਨਸਲ ਤਾਂ ਰੱਖਦੇ ਹਨ ਪਰ ਉਵੇਂ ਵਿਚਰਦੇ ਹਨ ਜਿਵੇਂ ਸਲਾਦ ਦੀ ਪਲੇਟ ਵਿੱਚ ਭਿੰਨ ਭਿੰਨ ਸਬਜ਼ੀਆਂ ਤੇ ਫਲ ਹੋਣ।
ਇਹ ਮੂਲ ਸੱਭਿਆਚਾਰ ਉਪਰ ਬਹੁ-ਸਭਿਆਚਾਰ, ਅੰਤਰ-ਸੱਭਿਆਚਾਰ ਦੀ ਵਖਰੇਵਿਆਂ ਅਤੇ ਮੇਲਾਂ ਦੀ ਜਟਿਲ ਕਿਸਮ ਦੀ ਅਵਸਥਾ ਹੈ। ਇਸ ਵਿੱਚ ਵੱਡੀ ਭੂਮਿਕਾ ਆਪਸੀ ਸਹਿਮਤੀ ਦੀ ਹੁੰਦੀ ਹੈ। ਇੰਝ ਅਸੀਂ ਪਾਰ ਸੱਭਿਆਚਾਰਵਾਦ ਨੂੰ ਵਿਭਿੰਨ ਪੱਧਰਾਂ ’ਤੇ ਪਛਾਣ ਸਕਦੇ ਹਾਂ। ਇਹ ਪੱਧਰ ਹਨ:
- ਬਹੁ-ਸੱਭਿਆਚਾਰ ਦਾ ਸਬੰਧ ਸਮਾਨਤਾ ਦੇ ਮੁੱਦੇ ਨਾਲ ਹੁੰਦਾ ਹੈ। ਬਹੁ-ਸੱਭਿਆਚਾਰ ਦੀ ਮੰਗ ਹੁੰਦੀ ਹੈ ਕਿ ਵਿਭਿੰਨ ਕੌਮਾਂ, ਬਰਾਦਰੀਆਂ/ਸਮੁਦਾਇਆਂ, ਫ਼ਿਰਕਿਆਂ ਵਿੱਚ ਸ਼ਾਂਤੀ ਬਣੀ ਰਹੇ ਤੇ ਉਹ ਇਕੱਠੇ ਸੁਹਿਰਦ ਰਹਿੰਦਿਆਂ ਸਹਿਹੋਂਦ ਵਿੱਚ ਵਿਚਰਨ। ਅੰਦਰੂਨੀ ਤੇ ਬਾਹਰੀ ਤੌਰ ’ਤੇ ਜਨਤਕ ਖੇਤਰ ਅੰਦਰ ਅਨੇਕ ਸੱਭਿਆਚਾਰ ਅਤੇ ਅਨੇਕ ਸੱਭਿਆਚਾਰਾਂ ਨੂੰ ਸਮਾਨਤਾ ਦੇਣ ਦੀ ਅਵਸਥਾ ਹੈ।
- ਸੱਭਿਆਚਾਰਕ ਵਿਲੀਨਤਾ ਪਾਰ ਸੱਭਿਆਚਾਰ ਦੀ ਉਹ ਅਵਸਥਾ ਹੈ ਜਦੋਂ ਕੋਈ ਪ੍ਰਭੂਤਾਸ਼ਾਲੀ/ਗ਼ਾਲਬਿ ਸੱਭਿਆਚਾਰ ਘੱਟਗਿਣਤੀ ਸੱਭਿਆਚਾਰ ਨੂੰ ਉਸ ਦੀ ਮਰਜ਼ੀ ਨਾਲ ਜਾਂ ਬਿਨਾਂ ਮਰਜ਼ੀ ਤੋਂ ਆਪਣੇ ਅੰਦਰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਘੱਟਗਿਣਤੀ ਸਮਾਜ ਦੇ ਵਖਰੇਵਿਆਂ ਤੇ ਪਛਾਣਾਂ ਨੂੰ ਕਿਸੇ ਹੱਦ ਤੱਕ ਨਜ਼ਰਅੰਦਾਜ਼ ਕਰਕੇ ਆਪਣੇ ਅੰਦਰ ਵਿਲੀਨ ਕਰ ਲਵੇ।
- ਸੱਭਿਆਚਾਰਕ ਮਿਸ਼ਰਣ ਦੋ ਵਿਭਿੰਨ ਸੱਭਿਆਚਾਰਕ ਤੱਤਾਂ ਦੇ ਰਲਾਅ ਤੋਂ ਬਣਦਾ ਹੈ। ਅਰਥ ਅਤੇ ਪਛਾਣ ਦੀ ਨਵੀਂ ਸਿਰਜਣਾ ਹੁੰਦੀ ਹੈ। ਨਵੇਂ ਆਲਮੀ ਸਮਾਜਾਂ ਅੰਦਰ ਸੱਭਿਆਚਾਰਕ ਹਾਈਬਰੀਡਿਟੀ ਕਾਰਨ ਅਲੰਕਾਰਕ ਤੌਰ ’ਤੇ ‘ਬਣੇ ਰਹਿਣ ਦੇ ਸਿਧਾਂਤ’ ਪਿੱਛੇ ਡਾਰਵਿਨੀਅਨ ਸਮਝ ਭੂਮਿਕਾ ਨਿਭਾਉਂਦੀ ਹੈ।
ਪੰਜਾਬੀ ਸੱਭਿਆਚਾਰ ਇਕ ਤਬਦੀਲੀ/ਨਵੀਂ ਉਤਪਤੀ ਵਾਂਗੂੰ ਪੱਛਮੀ ਦੇਸ਼ਾਂ ’ਚ ਆਇਆ ਅਤੇ ਰਚਣ-ਮਿਚਣ ਲਈ ਪੱਛਮੀ ਕਦਰਾਂ ਕੀਮਤਾਂ ਨਾਲ ਸਮਝੌਤਾ ਕੀਤਾ ਹੈ। ਇਸ ਨਾਲ ਪੰਜਾਬੀਆਂ ਦੇ ਪਹਿਰਾਵੇ, ਰਸਮੋ-ਰਿਵਾਜ਼, ਰਹਿਣ ਸਹਿਣ, ਖਾਣ ਪੀਣ, ਭਾਸ਼ਾ ਦੇ ਉਚਾਰਣ/ਲਹਿਜੇ ਤੇ ਸੋਚਣ ਦੇ ਢੰਗਾਂ ਦੇ ਨਾਲ ਨਾਲ ਕਿੱਤਿਆਂ, ਨੌਕਰੀਆਂ ਦੀ ਪ੍ਰਕਿਰਤੀ ਵਿੱਚ ਵੀ ਤਬਦੀਲੀ ਆਈ। ਹੁਣ ਤਾਂ ਕਈਆਂ ਨੇ ਵਰਜਿਤ ਸਮਝੇ ਜਾਂਦੇ ਕਿੱਤੇ ਵੀ ਅਪਣਾ ਲਏ ਹਨ। ਇੰਝ ਆਲਮੀ ਸਮਾਜਾਂ ਅਤੇ ਬਹੁ-ਸੱਭਿਆਚਾਰਾਂ ਅੰਦਰ ਹਰ ਮਨੁੱਖ ਪਰਵਾਸੀ ਹੋਂਦ ਹੰਢਾਉਂਦਾ ਹੈ। ਇਸ ਲਈ ਸਭ ਇੱਕੋ ਜਿਹਾ ਜਿਊਂਦੇ, ਇੱਕੋ ਜਿਹੇ ਹਾਈਬ੍ਰਿਡ ਸੱਭਿਆਚਾਰ ਸਿਰਜਣ ਲੱਗਦੇ ਹਨ। ਇੰਝ ਸੱਭਿਆਚਾਰਕ ਹਾਈਬ੍ਰਿਡਿਟੀ ਤੋਂ ਭਾਵ ਹੈ ਦੋ ਵਿਭਿੰਨ ਸੱਭਿਆਚਾਰਕ ਤੱਤਾਂ ਦਾ ਰਲਾਅ। ਇਸ ਨਾਲ ਅਰਥ ਅਤੇ ਪਛਾਣ ਦੀ ਨਵੀਂ ਸਿਰਜਣਾ ਹੁੰਦੀ ਹੈ। ਇਸ ਕਾਰਨ ਪਾਰ ਸੱਭਿਆਚਾਰ ਦੇ ਅਰਥ ਅਤੇ ਪਛਾਣ ਦੀ ਨਵੀਂ ਸਿਰਜਣਾ ਹੁੰਦੀ ਹੈ। ਇਸ ਕਾਰਨ ਪਾਰ ਸੱਭਿਆਚਾਰ ਭਿੰਨ ਭਿੰਨ ਘੱਟਗਿਣਤੀਆਂ, ਬਰਾਦਰੀਆਂ, ਭਾਸ਼ਾ ਪਰਿਵਾਰਾਂ, ਦਲਿਤਾਂ, ਨਾਰੀਆਂ, ਵਾਤਾਵਰਣ ਕਾਰਕੁਨਾਂ, ਸਮਲਿੰਗੀਆਂ ਅਤੇ ਹੋਰ ਹਾਸ਼ੀਆਗਤ ਹੋਂਦਾਂ ਨੂੰ ਜਗ੍ਹਾ ਦਿੰਦਾ ਹੈ।
ਪਾਰ ਸੱਭਿਆਚਾਰ ਦਾ ਵਰਤਾਰਾ ਪ੍ਰਮੁੱਖ ਅਤੇ ਪ੍ਰਤੱਖ ਰੂਪ ਵਿੱਚ ਦੂਸਰੀ ਆਲਮੀ ਜੰਗ ਤੋਂ ਬਾਅਦ ਸਾਹਮਣੇ ਆਇਆ ਜਦੋਂ ਅੰਤਰਰਾਸ਼ਟਰੀ ਪੱਧਰ ’ਤੇ ਚਿੰਤਨ ਅਤੇ ਬੌਧਿਕ ਖੇਤਰਾਂ ਵਿੱਚ ਬੇਹੱਦ ਤਬਦੀਲੀ ਵਾਪਰੀ। ਬਹੁਤ ਸਾਰੀਆਂ ਬਸਤੀਆਂ ਤੋਂ ਨਵੇਂ ਬਣੇ ਰਾਸ਼ਟਰਾਂ ਅਤੇ ਸਟੇਟਾਂ ਅੰਦਰ ਆਰਥਿਕ ਅਤੇ ਰਾਜਨੀਤਕ ਉਥਲ-ਪੁਥਲ, ਗ਼ੁਲਾਮ ਰਾਸ਼ਟਰਾਂ ਦੀ ਆਜ਼ਾਦੀ, ਪਰਵਾਸ ਪ੍ਰਕਿਰਿਆ, ਆਲਮੀ ਪੱਧਰ ਉਪਰ ਵਿਓਪਾਰ ਅਤੇ ਸੰਚਾਰ ਸਾਧਨਾਂ ਦੀ ਬਹੁਲਤਾ, ਵੱਡੇ ਪੱਧਰ ਉੱਪਰ ਸਿੱਖਿਆ ਦਾ ਫੈਲਾਅ, ਨਵੀਆਂ ਅਕਾਦਮਿਕ ਅਤੇ ਤਕਨੀਕੀ ਯੂਨੀਵਰਸਿਟੀਆਂ ਦੀ ਹੋਂਦ ਆਦਿ ਨੇ ਸਮੁੱਚੇ ਸੰਸਾਰ ਅੰਦਰ ਪਾਰ ਸੱਭਿਆਚਾਰ ਦੀ ਨਵੀਂ ਚੇਤਨਾ ਤੇ ਜਾਗਰੂਕਤਾ ਪੈਦਾ ਕੀਤੀ। ਮੂਲ ਰੂਪ ਵਿੱਚ ਰਵਾਇਤੀ ਅਤੇ ਪਾਰ ਸੱਭਿਆਚਾਰ ਵਿਚਲਾ ਵੱਡਾ ਫ਼ਰਕ ਇਹ ਹੈ ਕਿ ਰਵਾਇਤੀ ਖ਼ਾਸ ਕਲਾਸਕੀ, ਸਨਾਤਨੀ, ਰਾਸ਼ਟਰੀ, ਮੂਲਵਾਦੀ ਤੱਤਾਂ ਨਾਲ ਜੁੜ ਕੇ ਵਿਸ਼ੇਸ਼ ਸਾਪੇਖਿਕ ਮੁੱਲਾਂ ਨੂੰ ਸਿਰਜਦਾ ਹੈ, ਉੱਥੇ ਪਾਰ ਸੱਭਿਆਚਾਰ ਸੀਮਾਵਾਂ ਨੂੰ ਤੋੜ ਕੇ ਚੱਲਦਾ ਹੈ। ਰਾਸ਼ਟਰੀ ਮੂਲਵਾਦੀ ਤੇ ਸਨਾਤਨੀ ਕੀਮਤਾਂ ਉਪਰ ਕਿੰਤੂ ਕਰਦਾ ਹੈ ਤੇ ਨਿਰਪੱਖਤਾ ਨਾਲ ਮੁੜ ਵਿਚਾਰ ਕਰਦਾ ਹੈ।
ਪਾਰ ਸੱਭਿਆਚਾਰ ਨਾਲ ਇੱਕ ਚੰਗੀ ਗੱਲ ਇਹ ਵਾਪਰੀ ਕਿ ਸੰਸਾਰ ਪੱਧਰ ਉੱਪਰ ਇੱਕ ਭਾਸ਼ਾ ਦੀਆਂ ਲਿਖਤਾਂ ਦੂਸਰੀ ਭਾਸ਼ਾ ’ਚ ਅਤੇ ਦੂਸਰੀ ਭਾਸ਼ਾ ਦੀ ਲਿਖਤਾਂ ਹੋਰ ਭਾਸ਼ਾਵਾਂ ਵਿੱਚ ਪੜ੍ਹੀਆਂ ਜਾਣ ਲੱਗੀਆਂ। ਇਸ ਲਈ ਇਸ ਨੂੰ ਪਾਰ ਭਾਸ਼ਾਈ ਵਰਤਾਰਾ ਵੀ ਕਿਹਾ ਜਾਂਦਾ ਹੈ। ਪਰਵਾਸ ਦੇ ਵਿਭਿੰਨ ਪੜਾਵਾਂ ਵਿੱਚ ਕ੍ਰਿਓਲਾਈਜੇਸ਼ਨ ਦੀ ਪ੍ਰਕਿਰਿਆ ਵਾਪਰੀ। ਕ੍ਰਿਓਲ ਉਹ ਭਾਸ਼ਾ ਹੈ ਜਿਸ ਵਿੱਚ ਅੰਗਰੇਜ਼ੀ, ਸਪੇਨੀ ਅਤੇ ਸਥਾਨਕ ਭਾਸ਼ਾਵਾਂ ਦਾ ਮਿਲਗੋਭਾ ਹੈ। ਇਸ ਨਾਲ ਭਾਸ਼ਾ ਦੀ ਸ਼ੁੱਧਤਾ ਦਾ ਸੰਕਲਪ ਖ਼ਤਮ ਹੋ ਗਿਆ। ਇਸਦਾ ਕਾਰਨ ਹੈ ਕਿ ਦੇਸ਼ ਕੇਵਲ ਭਾਸ਼ਾ ਦਾ ਹੁੰਦਾ ਹੈ, ਲਿਖਤ ਸਾਹਿਤ ਦਾ ਕੋਈ ਦੇਸ਼ ਨਹੀਂ ਹੁੰਦਾ। ਸੱਭਿਆਚਾਰਕ ਸੀਮਾਵਾਂ ਤੋਂ ਪਾਰ ਜਾਣ ਵਿੱਚ ਲਿਖਤਾਂ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਰਾਹੀਂ ਲੇਖਕਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ’ਚ ਸਾਂਝ ਪੈਦਾ ਹੁੰਦੀ ਹੈ। ਵਿਸ਼ਵ-ਵਿਆਪੀ ਹੋਣ ਨਾਤੇ ਲਿਖਤ ਸਿੱਧੀ ਜਾਂ ਅਨੁਵਾਦ ਹੋ ਕੇ ਸਾਰੀ ਦੁਨੀਆ ਵਿੱਚ ਪੜ੍ਹੀ ਜਾਂਦੀ ਹੈ। ਇਸ ਲਈ ਇਹ ਪਾਰ ਰਾਸ਼ਟਰੀ ਅਤੇ ਪਾਰ ਸੱਭਿਆਚਾਰਕ ਸਮਾਜ ਉਸਾਰਨ ਵਿੱਚ ਸਹਾਈ ਹੁੰਦੀਆਂ ਹਨ। ਸੰਗੀਤ ਅਤੇ ਨਾਚਾਂ ’ਚ ਹਾਈਬ੍ਰਿਡਿਟੀ ਕਾਰਨ ਨਵੇਂ ਰੂਪ ਜਿਵੇਂ ਜੈਜ਼, ਰਾੱਕ, ਪੌਪ ਤੇ ਸਾਲਸਾ ਆਦਿ ਫਿਊਯਨ ਸ਼ੈਲੀਆਂ ਵਿਕਸਿਤ ਹੋਈਆਂ।
ਅਗਲੀ ਪ੍ਰਕਿਰਿਆ ਦਾ ਪੱਧਰ ਹੈ ਉੱਚਤਮ ਜਾਂ ਉੱਚ ਪੱਧਰੀ ਸਮਾਜ ਜਾਂ ਸੱਭਿਆਚਾਰ ਤੇ ਬਹੁ ਸੱਭਿਆਚਾਰ ਅੰਦਰ ਵਿਲੀਨਤਾ ਅਤੇ ਸੱਭਿਆਚਾਰਕ ਮਿਸ਼ਰਣ ਅਤੇ ਅੰਤਰ-ਸੱਭਿਆਚਾਰ ਵਾਪਰਨ ਦੇ ਬਾਵਜੂਦ ਵਖਰੇਵੇਂ ਬਣੇ ਰਹਿੰਦੇ ਹਨ। ਇਹ ਵਖਰੇਵਾਂ ਹੀ ਕਿਸੇ ਘੱਟਗਿਣਤੀ ਜਾਂ ਉਪ-ਸੱਭਿਆਚਾਰ ਲਈ ਮੌਲਿਕ ਪਛਾਣ ਹੁੰਦੀ ਹੈ। ਇਸ ਤਰ੍ਹਾਂ ਹਰੇਕ ਸੱਭਿਆਚਾਰ ਅੰਦਰ ਇੱਕ ਤੋਂ ਵੱਧ ਸੱਭਿਆਚਾਰ ਹੁੰਦੇ ਹਨ ਜਿਨ੍ਹਾਂ ਅੰਦਰ ਜਾਤੀ, ਨਸਲੀ, ਆਰਥਿਕ, ਰੰਗ ਅਤੇ ਲਿੰਗਕ ਭੇਦ ਬਣੇ ਰਹਿੰਦੇ ਹਨ। ਇਹ ਵਖਰੇਵਾਂ ਤੇ ਵਿਭਿੰਨਤਾ ਅੰਤਰ-ਸੱਭਿਆਚਾਰ ਨੂੰ ਜਨਮ ਦਿੰਦਾ ਹੈ।
ਅੰਤਰ-ਸੱਭਿਆਚਾਰ ਪ੍ਰਕਿਰਿਆ ਹੇਠ ਵਿਅਕਤੀ ਅਜਨਬੀ, ਤੰਗਨਜ਼ਰੀ, ਪ੍ਰਾਂਤਵਾਦ, ਖੇਤਰਵਾਦ, ਰਾਸ਼ਟਰਵਾਦ, ਕੌਮਵਾਦ, ਨਿੱਜਵਾਦ, ਰੂੜ੍ਹੀਵਾਦ, ਪਰੰਪਰਾਵਾਦ, ਕੱਟੜਤਾ ਅਤੇ ਸਵਾਰਥਪੁਣੇ ਆਦਿ ਤੋਂ ਪਾਰ ਚਲਾ ਜਾਂਦਾ ਹੈ ਕਿਉਂਕਿ ਇਸ ਵਿੱਚ ਜੀਓ ਤੇ ਜਿਊਣ ਦਿਓ ਦੀਆਂ ਸ਼ਰਤਾਂ ਨਿਹਿਤ ਹੁੰਦੀਆਂ ਹਨ। ਇਹ ਜੀਓ ਤੇ ਜਿਊਣ ਦਿਓ ਦੀ ਬਿਹਤਰੀ ਹਰ ਇਨਸਾਨ ਨੂੰ ਵਿਅਕਤੀ/ਸਮੂਹ/ਸਮਾਜ ਆਦਿ ਦੇ ਮੁਕਾਬਲੇ ਲਿਆ ਖੜ੍ਹਾ ਕਰ ਦਿੰਦੀ ਹੈ। ਭਿਖੂ ਪਾਰੇਖ ਆਪਣੀ ਕਿਤਾਬ ‘ਰੀਥਿੰਕਿੰਗ ਮਲਟੀਕਲਚਰਿਜ਼ਮ’ ਵਿੱਚ ਕਹਿੰਦਾ ਹੈ: ‘ਅਭਿਆਸ ਅਤੇ ਵਿਸ਼ਵਾਸਾਂ ਦੇ ਪ੍ਰਬੰਧਾਂ ’ਚ ਕੋਈ ਵੀ ਸੱਭਿਆਚਾਰ ਆਪਣੀਆਂ ਪਛਾਣਾਂ ਵਿੱਚ ਬਿਨਾਂ ਮੁਕਾਬਲਿਆਂ ਦੇ ਨਹੀਂ ਰਹਿੰਦਾ। ਉਸ ਦੀ ਹੋਂਦ ਹਮੇਸ਼ਾ ਮੁਕਾਬਲਾਮਈ ਪ੍ਰਯੋਜਨ ਅਧੀਨ ਗਤੀਸ਼ੀਲ ਰਹਿੰਦੀ ਹੈ ਅਤੇ ਸਮੁੱਚਤਾ ਦਾ ਵਿਹਾਰ ਹਮੇਸ਼ਾ ਅਧੂਰਾ ਰਹਿੰਦਾ ਹੈ।’
ਅੰਤਰ-ਸੱਭਿਆਚਾਰਕ ਵਿਅਕਤਿਤਵ ਦੇ ਸੰਕਲਪ ਹੇਠ ਮਨੁੱਖ ਨੂੰ ਬਹੁ-ਸੱਭਿਆਚਾਰਕ, ਸਰਵਭੌਮਿਕ, ਸੱਭਿਆਚਾਰਕ ਮਿਸ਼ਰਤੀ, ਅੰਤਰਰਾਸ਼ਟਰੀ ਅਤੇ ਕੌਸਮੋਪੌਲੀਟਨ ਮਨੁੱਖ ਆਦਿ ਆਖਿਆ ਜਾ ਸਕਦਾ ਹੈ। ਇਸ ਤਰ੍ਹਾਂ ਅੰਤਰ-ਸੱਭਿਆਚਾਰ ਦੀਆਂ ਵਿਅਕਤੀਕਰਨ, ਸਰਬਵਿਆਪੀਕਰਨ ਅਤੇ ਵਿਅਕਤਿਤਵ ਦੀਆਂ ਪਛਾਣਾਂ ਕਿਸੇ ਸੱਭਿਆਚਾਰ ਦੀ ਸਕਾਰਾਤਮਕਤਾ ਅਤੇ ਵਿਸ਼ਾਲਤਾ ਨਾਲ ਜੁੜ ਕੇ ਨਵੇਂ ਪ੍ਰਬੰਧਾਂ ਤੇ ਮਨੋਰਥਾਂ ਤਕ ਪੁੱਜਦੀਆਂ ਹਨ।
ਗਲੋਬਲੀਕਰਨ ਅਤੇ ਗਲੋਕਲੀਕਰਨ ਕਿਸੇ ਸੱਭਿਆਚਾਰ ਦੀ ਨਵੀਂ ਸੱਭਿਆਚਾਰਕ ਅਵਸਥਾ ਹੈ ਜਿਸ ਅੰਦਰ ਸੱਭਿਆਚਾਰਕ ਮੁੱਲਾਂ, ਕੀਮਤਾਂ, ਜੀਵਨ ਜਾਚਾਂ ਅਤੇ ਪਰੰਪਰਾਵਾਂ ਉਤਪਾਦਨ ਅਤੇ ਖ਼ਪਤ ਦੇ ਰਿਸ਼ਤਿਆਂ ਨਾਲ ਬਣਦੀਆਂ ਤੇ ਬਦਲਦੀਆਂ ਰਹਿੰਦੀਆਂ ਹਨ। ਖ਼ਪਤ ਸੱਭਿਆਚਾਰ, ਪਾਪੂਲਰ ਕਲਚਰ, ਸੋਸ਼ਲ ਮੀਡੀਆ ਅਤੇ ਮਸਨੂਈ ਬੁੱਧੀ ਦੀ ਆਮਦ ਨਾਲ ਵਾਪਰੀ ਤਬਦੀਲੀ ਸੱਭਿਆਚਾਰ ਅਤੇ ਗਲੋਬਲੀਕਰਨ ਦੀ ਅਵਸਥਾ ਹੈ। ਇਸ ਅਵਸਥਾ ਅੰਦਰ ਸਮੁੱਚਾ ਸੰਸਾਰ ਅਤੇ ਉਸ ਦੇ ਤਮਾਮ ਸੱਭਿਆਚਾਰ ਸ਼ਾਮਿਲ ਹੋ ਰਹੇ ਹਨ।
ਗਲੋਕਲੀਕਰਨ ਸੱਭਿਆਚਾਰਕ ਅਵਸਥਾ ਦੀ ਉਹ ਧਾਰਨਾ ਹੈ ਜਦੋਂ ਸਥਾਨਕ ਸਥਿਤੀਆਂ ਦੇ ਸੰਕਲਪਾਂ ਤੇ ਸੰਕਟਾਂ ਨੂੰ ਗਲੋਬਲ ਪੱਧਰ ’ਤੇ ਸਮਝਿਆ ਜਾਂਦਾ ਹੈ। ਇਹ ਇੱਕ ਤਰ੍ਹਾਂ ਗਲੋਬਲ ਸਹਿਯੋਗ ਦਾ ਪੱਧਰ ਹੈ। ਇੱਕ ਪਾਸੇ ਸਮੁੱਚਾ ਸੰਸਾਰ ਨਵੇਂ ਸੰਚਾਰ ਮਾਧਿਅਮਾਂ ਨਾਲ ਛੋਟਾ ਹੁੰਦਾ ਜਾ ਰਹਾ ਹੈ। ਇਹ ਸਮੁੱਚੇ ਸੰਸਾਰ ਦੇ ਸਥਾਨੀਕਰਨ ਦੀ ਅਵਸਥਾ ਹੈ। ਇਸ ਤਰ੍ਹਾਂ ਗਲੋਕਲੀਕਰਨ ਆਲਮੀ ਨੂੰ ਸਥਾਨਕ ਅਤੇ ਸਥਾਨਕ ਨੂੰ ਆਲਮੀ ਸੰਕਲਪਾਂ ਰਾਹੀਂ ਸਮਝਣ ਦੀ ਅਧਿਐਨ ਪ੍ਰਕਿਰਿਆ ਹੈ।
ਇਨ੍ਹਾਂ ਹਾਂ-ਮੂਲਕ ਤੱਤਾਂ ਦੇ ਨਾਲ ਨਾਲ ਪਾਰ ਸੱਭਿਆਚਾਰ ਅਤੇ ਬਹੁ-ਸੱਭਿਆਚਾਰ ਦੇ ਪਿੱਛੇ ਪਏ ਪਰਵਾਸ ਨੇ ਕਈ ਤਰ੍ਹਾਂ ਦੇ ਨਸਲੀ ਵਿਤਕਰਿਆਂ, ਰੰਗਭੇਦਾਂ ਅਤੇ ਨਫ਼ਰਤਾਂ ਦੇ ਨਾਲ ਨਾਲ ਨਿੱਜੀ ਅਤੇ ਸਮੂਹਿਕ ਪੱਧਰ ’ਤੇ ਹੀਣਭਾਵਨਾ, ਪਰੇਸ਼ਾਨੀ, ਉਦਾਸੀ, ਤਾਂਘ, ਉਦਰੇਵਾਂ, ਹੇਰਵਾ ਆਦਿ ਮਨੋਸਥਿਤੀਆਂ ਨੂੰ ਵੀ ਜਨਮ ਦਿੱਤਾ। ਇਸ ਕਸ਼ਮਕਸ਼ ਵਿੱਚ ਸੰਵੇਦਨਸ਼ੀਲ ਮਨੁੱਖਾਂ ਨੇ ਆਪਣੇ ਆਪ ਨੂੰ ਨਵੀਂ ਜੀਵਨ ਵਿਧੀ ਅਤੇ ਕਿਰਿਆਤਮਕ ਕਸਬਾਂ ਨਾਲ ਜੋੜਿਆ। ਇਸ ਨਾਲ ਸੱਭਿਆਚਾਰਕ ਕਾਇਆਕਲਪ ਹੋਈ। ਇੱਕੋ ਥਾਂ ਰਹਿੰਦੇ ਦੋ ਸੱਭਿਆਚਾਰਾਂ ’ਚ ਕਾਇਆਕਲਪ ਸਹਿਜ ਵਰਤਾਰਾ ਹੈ। ਭਾਰੂ ਹੋਣ ਨਾਤੇ ਸਥਾਨਕ ਸੱਭਿਆਚਾਰਾਂ ’ਚ ਵਿਦੇਸ਼ੀ ਸੱਭਿਆਚਾਰ ਦੀ ਕਾਇਆਕਲਪ ਹੁੰਦੀ ਹੈ। ਖਾਣੇ ਦੀ ਉਦਾਹਰਣ ਲਈਏ ਤਾਂ ਪੱਛਮੀ ਸੱਭਿਆਚਾਰ ਨੇ ਪਰਵਾਸੀ ਪੰਜਾਬੀਆਂ ’ਚ ਸੁਆਦਾਂ, ਖਾਣਿਆਂ, ਫੈਸ਼ਨ, ਪਹਿਰਾਵੇ, ਰਸਮਾਂ, ਰਿਵਾਜ਼ਾਂ ਆਦਿ ਦਾ ਵੀ ਕਾਇਆਕਲਪ ਕੀਤਾ। ਸਾਈਬਰ ਸਪੇਸ ਤਕਨੀਕਾਂ ਨੇ ਇਸ ’ਚ ਹੋਰ ਤੇਜ਼ੀ ਲਿਆਂਦੀ। ਸੱਭਿਆਚਾਰ ਕਾਇਆਕਲਪ ਹੇਠ ਬਾਹਰਲੇ ਸੱਭਿਆਚਾਰਾਂ ਨੂੰ ਸਥਾਨਕ ਸੱਭਿਆਚਾਰ ’ਚ ਥਾਂ ਬਣਾਉਣ ਲਈ ਛੋਟੀਆਂ ਮੋਟੀਆਂ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ। ਅਜਿਹੀਆਂ ਤਬਦੀਲੀਆਂ ਕਾਰਨ ਪਾਰ ਸੱਭਿਆਚਾਰ ’ਚ ਸਥਾਨਕ ਸੱਭਿਆਚਾਰ ਆਪਣੀ ਥਾਂ ਬਣਾ ਕੇ ਸਮੇਂ ਨਾਲ ਬਹੁ-ਸਭਿਆਚਾਰਕ ਰੂਪ ਧਾਰ ਲੈਂਦੇ ਹਨ।
ਇੰਝ ਕਹਿ ਸਕਦੇ ਹਾਂ ਕਿ ਵੀਹਵੀਂ ਅਤੇ ਇੱਕੀਵੀਂ ਸਦੀ ’ਚ ਖ਼ਾਸਕਰ ਬੌਧਿਕ ਅਤੇ ਸਿਆਸੀ ਖੇਤਰਾਂ ਵਿੱਚ ਕਈ ਪ੍ਰਵਿਰਤੀਆਂ ਨੇ ਜਨਮ ਲਿਆ। ਪ੍ਰਵਿਰਤੀਆਂ ਰਾਸ਼ਟਰੀ, ਅੰਤਰਰਾਸ਼ਟਰੀ, ਘੱਟਗਿਣਤੀਆਂ, ਬਹੁਗਿਣਤੀ ਖੇਤਰਾਂ ਅਤੇ ਪਰਿਵਾਰਕ ਦਾਇਰਿਆਂ ਨਾਲ ਜੁੜ ਕੇ ਸਾਹਮਣੇ ਆਈਆਂ। ਪਾਰ ਸੱਭਿਆਚਾਰਕ ਪ੍ਰਕਿਰਿਆਵਾਂ ਦਰਅਸਲ ਪਛਾਣ, ਵਿਭਿੰਨਤਾ ਅਤੇ ਵਖਰੇਵਿਆਂ ਨੂੰ ਮਾਨਤਾ ਨਾਲ ਜੁੜੀ ਹੈ।
ਬਹੁ-ਸੱਭਿਆਚਾਰ ਦੀ ਮੰਗ ਅਸਲ ਵਿੱਚ ਇਨ੍ਹਾਂ ਵਰਗਾਂ ਦੀ ਪਛਾਣ ਅਤੇ ਮਾਨਤਾ ਦੀ ਮੰਗ ਨੂੰ ਪੂਰਿਆਂ ਕਰਦੀ ਹੈ। ਇਸ ਨੂੰ ‘ਮਾਨਤਾ ਦੀ ਰਾਜਨੀਤੀ’ ਵੀ ਕਿਹਾ ਗਿਆ ਹੈ। ਵਿਭਿੰਨ ਲੋਕ ਸਮੂਹਾਂ ਦੀ ਇਹ ਲਗਾਤਾਰ ਮੰਗ ਰਹੀ ਹੈ ਕਿ ਉਨ੍ਹਾਂ ਨੂੰ ਸਮਾਜਿਕ ਮਨੁੱਖ ਹੋਣ ਨਾਤੇ ਸਮੁੱੱਚੇ ਕਾਨੂੰਨੀ ਤੇ ਪ੍ਰਬੰਧਾਂ ਅੰਦਰ ਵੱਖਰੇ ਜੀਵਨ ਅਭਿਆਸਾਂ ਤੇ ਜੀਵਨ ਵਿਧੀਆਂ ਨੂੰ ਪੂਰੀ ਮਾਨਤਾ ਅਤੇ ਪ੍ਰਮਾਣਿਕਤਾ ਨਾਲ ਦੇਖਿਆ ਜਾਵੇ। ਕਿਸੇ ਵੀ ਸੱਭਿਆਚਾਰ ਜਾਂ ਪਾਰ ਸੱਭਿਆਚਾਰ ਦਾ ਸਬੰਧ ਦੂਜੇ ਸੱਭਿਆਚਾਰਾਂ ਨਾਲ ਵੀ ਹੈ ਜੋ ਬਹੁ-ਸੱਭਿਆਚਾਰਕ ਵਰਤਾਰੇ ਦੇ ਰੂਪ ਵਿੱਚ ਉੱਭਰਦੇ ਹਨ। ਬਹੁਤ ਸਾਰੇ ਪੱਛਮੀ ਸਮਾਜਾਂ ਅਤੇ ਸੱਭਿਆਚਾਰਾਂ ਨੇ ਸਿੱਖਾਂ ਦੀ ਪੱਗ ਬੰਨ੍ਹਣ ਦੀ ਮਰਿਆਦਾ ਨੂੰ ਆਪਣੀਆਂ ਸਰਕਾਰੀ ਸੰਸਥਾਵਾਂ ਵਿੱਚ ਸਵੀਕਾਰ ਕਰ ਲਿਆ ਹੈ। ਇਉਂ ਹੀ ਬਹੁਤ ਸਾਰੇ ਸਿੱਖਾਂ ਨੇ ਪੱਛਮੀ ਦੇਸ਼ਾਂ ਦੀ ਆਬੋ ਹਵਾ ਅਤੇ ਜੀਵਨ ਵਿਧੀ ਮੁਤਾਬਿਕ ਪੱਗ ਨਾ ਬੰਨ੍ਹਦਿਆਂ ਸਥਾਨਕ ਜੀਵਨ ਸ਼ੈਲੀ ਅਪਣਾਈ ਹੈ।
ਪਾਰ ਸੱਭਿਆਚਾਰਕ ਸਰੋਕਾਰ ਇਸ ਰੂਪ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਸਰੋਕਾਰਾਂ ਨਾਲ ਜੁੜ ਕੇ ਬਹੁ-ਸੱਭਿਆਚਾਰ ਦੇ ਰੂਪ ਵਿੱਚ ਉੱਭਰਦੇ ਹਨ। ਇਸੇ ਕਾਰਨ ਪਾਰ ਸੱਭਿਆਚਾਰ, ਪਾਰ ਰਾਸ਼ਟਰੀ ਅਤੇ ਪਾਰ ਭਾਸ਼ਾਈ ਸਮੱਸਿਆਵਾਂ, ਪਛਾਣ/ਮਾਨਤਾ ਦੇ ਸੰਕਟ, ਵਖਰੇਵਿਆਂ ਦੀ ਜ਼ਿੰਦਗੀ, ਜੜ੍ਹਹੀਣਤਾ ਦਾ ਅਹਿਸਾਸ, ਸ਼ਰਨਾਰਥੀ, ਖਾਨਾਬਦੋਸ਼, ਹਾਸ਼ੀਆਗਤ ਹੋਂਦਾਂ, ਨਾਰੀਵਾਦੀ ਮਸਲਿਆਂ, ਤੀਜੀ ਦੁਨੀਆ ਅਤੇ ਕਾਲੇ ਲੋਕਾਂ ਦੇ ਸੰਕਟ ਇਸ ਨਾਲ ਜੁੜੇ ਹਨ।
ਸੰਪਰਕ: 82839-48811