For the best experience, open
https://m.punjabitribuneonline.com
on your mobile browser.
Advertisement

ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀ

11:43 AM Jul 21, 2024 IST
ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀ
Advertisement

ਨਵਦੀਪ ਸਿੰਘ ਗਿੱਲ

ਪੈਰਿਸ ਓਲੰਪਿਕ ਵਿੱਚ ਭਾਰਤ ਦੇ ਸਵਾ ਸੌ ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚ ਵੀਹ ਪੰਜਾਬ ਦੇ ਹਨ। ਇਨ੍ਹਾਂ ਵੀਹ ਵਿੱਚੋਂ 18 ਖਿਡਾਰੀ ਟੀਮ ਦਾ ਪੱਕਾ ਹਿੱਸਾ ਅਤੇ ਦੋ ਰਾਖਵੇਂ ਹਨ। ਹਾਕੀ ਤੇ ਨਿਸ਼ਾਨੇਬਾਜ਼ੀ ’ਚ ਕ੍ਰਮਵਾਰ 10 ਤੇ 7 ਖਿਡਾਰੀ ਪੰਜਾਬੀ ਜਦੋਂਕਿ ਅਥਲੈਟਿਕਸ ਵਿੱਚ ਦੋ ਅਤੇ ਗੋਲਫ ਵਿੱਚ ਇੱਕ ਖਿਡਾਰੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 9 ਖਿਡਾਰੀ ਪਹਿਲਾਂ ਵੀ ਓਲੰਪਿਕ ’ਚ ਹਿੱਸਾ ਲੈ ਚੁੱਕੇ ਹਨ। ਮਨਪ੍ਰੀਤ ਸਿੰਘ ਚੌਥੀ, ਹਰਮਨਪ੍ਰੀਤ ਸਿੰਘ ਤੀਜੀ ਅਤੇ ਹਾਰਦਿਕ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ, ਕ੍ਰਿਸ਼ਨ ਬਹਾਦਰ ਪਾਠਕ, ਅੰਜੁਮ ਮੌਦਗਿਲ ਅਤੇ ਤੇਜਿੰਦਰ ਪਾਲ ਸਿੰਘ ਤੂਰ ਦੂਜੀ ਵਾਰ ਓਲੰਪਿਕਸ ਖੇਡ ਰਹੇ ਹਨ। ਛੇ ਹਾਕੀ ਖਿਡਾਰੀ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਜੰਟ ਸਿੰਘ ਪਿਛਲੀ ਵਾਰ ਟੋਕੀਓ ਓਲੰਪਿਕ ਖੇਡਾਂ ਵਿੱਚ ਤਗ਼ਮਾ ਜਿੱਤ ਚੁੱਕੇ ਹਨ। ਖਿਡਾਰੀਆਂ ਦਾ ਵੇਰਵਾ ਇਉਂ ਹੈ:
ਹਰਮਨਪ੍ਰੀਤ ਸਿੰਘ: ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹੈ। ਉਹ ਆਪਣੀ ਤੀਜੀ ਓਲੰਪਿਕਸ ਖੇਡਣ ਜਾ ਰਿਹਾ ਹੈ। ਹਰਮਨਪ੍ਰੀਤ ਸਿੰਘ ਡਿਫੈਂਡਰ ਹੈ ਅਤੇ ਡਰੈਗ ਫਲਿੱਕਰ ਹੋਣ ਨਾਤੇ ਟੀਮ ਦੀ ਸਕੋਰਿੰਗ ਸ਼ਕਤੀ ਦਾ ਅਹਿਮ ਅੰਗ ਹੈ। 2021 ਵਿੱਚ ਟੋਕੀਓ ਓਲੰਪਿਕਸ ਵਿੱਚ ਭਾਰਤ ਨੇ ਹਾਕੀ ਵਿੱਚ 41 ਵਰ੍ਹਿਆਂ ਬਾਅਦ ਕੋਈ ਤਗ਼ਮਾ ਜਿੱਤਿਆ ਸੀ। ਹਰਮਨਪ੍ਰੀਤ ਸਿੰਘ ਛੇ ਗੋਲਾਂ ਨਾਲ ਭਾਰਤ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਸੀ। ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਮੋਵਾਲ ਪਿੰਡ ਦਾ ਵਸਨੀਕ ਹੈ।
ਹਾਰਦਿਕ ਸਿੰਘ: ਹਾਰਦਿਕ ਸਿੰਘ ਭਾਰਤੀ ਟੀਮ ਦਾ ਉਪ ਕਪਤਾਨ ਹੈ ਜੋ ਆਪਣੀ ਦੂਜੀ ਓਲੰਪਿਕਸ ਖੇਡਣ ਜਾ ਰਿਹਾ ਹੈ। ਉਹ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦਾ ਵਾਰਸ ਹੈ ਜਿਸ ਦੇ ਪਰਿਵਾਰ ਵਿੱਚ ਗੁਰਮੇਲ ਸਿੰਘ ਓਲੰਪਿਕਸ ਵਿੱਚ ਸੋਨ ਤਗ਼ਮਾ ਜੇਤੂ, ਰਾਜਬੀਰ ਕੌਰ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਅਤੇ ਜੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਹੈ। ਹਾਰਦਿਕ ਸਿੰਘ ਮਿਡਫੀਲਡ ਵਿੱਚ ਖੇਡਦਾ ਹੈ।
ਮਨਪ੍ਰੀਤ ਸਿੰਘ: ਭਾਰਤੀ ਹਾਕੀ ਟੀਮ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ ਚੌਥੀ ਓਲੰਪਿਕ ਖੇਡ ਰਿਹਾ ਹੈ। ਮਨਪ੍ਰੀਤ ਤੇ ਸ੍ਰੀਜੇਸ਼ ਸਣੇ ਭਾਰਤ ਵੱਲੋਂ ਚਾਰ ਓਲੰਪਿਕਸ ਖੇਡਣ ਵਾਲੇ ਸਿਰਫ਼ ਪੰਜ ਖਿਡਾਰੀ ਹੀ ਹਨ। ਮਿੱਠਾਪੁਰ ਪਿੰਡ ਦਾ ਵਸਨੀਕ ਮਨਪ੍ਰੀਤ ਸਿੰਘ ਟੋਕੀਓ ਓਲੰਪਿਕਸ ਵਿੱਚ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਸੀ। ਮਿੱਡਫੀਲਡ ਵਿੱਚ ਇਹ ਭਾਰਤੀ ਟੀਮ ਦੀ ਜਿੰਦ-ਜਾਨ ਹੈ ਜੋ ਡਿਫੈਂਸ ਤੇ ਅਟੈਕ ਵਿਚਕਾਰ ਤਾਲਮੇਲ ਦਾ ਕੰਮ ਕਰਦਾ ਹੈ। ਉਹ 350 ਤੋਂ ਵੱਧ ਮੈਚ ਖੇਡ ਚੁੱਕਿਆ ਹੈ।
ਮਨਦੀਪ ਸਿੰਘ: ਮਨਪ੍ਰੀਤ ਸਿੰਘ ਦਾ ਗਰਾਈਂ ਮਨਦੀਪ ਸਿੰਘ ਇਸ ਵਾਰ ਆਪਣੀ ਦੂਜੀ ਓਲੰਪਿਕਸ ਖੇਡ ਰਿਹਾ ਹੈ। ਭਾਰਤੀ ਫਾਰਵਰਡ ਲਾਈਨ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਮਨਦੀਪ ਸਿੰਘ 250 ਦੇ ਕਰੀਬ ਮੈਚਾਂ ਵਿੱਚ ਹੁਣ ਤੱਕ 100 ਤੋਂ ਵੱਧ ਗੋਲ ਕਰ ਚੁੱਕਾ ਹੈ।
ਗੁਰਜੰਟ ਸਿੰਘ: ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਲਿਹਾਰਾ ਦਾ ਵਸਨੀਕ ਗੁਰਜੰਟ ਸਿੰਘ ਲੈਫਟ ਵਿੰਗਰ ਹੈ ਜੋ ਕਿ ਆਪਣੀ ਤੇਜ਼ ਤੱਰਾਰ ਖੇਡ ਲਈ ਜਾਣਿਆ ਜਾਂਦਾ ਹੈ। ਹਾਲੈਂਡ ਖਿਲਾਫ਼ ਇੱਕ ਮੈਚ ਵਿੱਚ 13 ਸਕਿੰਟ ਵਿੱਚ ਗੋਲ ਕਰਕੇ ਸਭ ਤੋਂ ਤੇਜ਼ ਗੋਲ ਕਰਨ ਵਾਲਾ ਇਹ ਭਾਰਤੀ ਸਟਰਾਈਕਰ ਵੀ ਦੂਜੀ ਵਾਰ ਓਲੰਪਿਕ ਖੇਡ ਰਿਹਾ ਹੈ।
ਸ਼ਮਸ਼ੇਰ ਸਿੰਘ: ਸਰਹੱਦੀ ਪਿੰਡ ਅਟਾਰੀ ਦਾ ਵਸਨੀਕ ਸ਼ਮਸ਼ੇਰ ਸਿੰਘ ਪਿਛਲੀ ਵਾਰ ਟੋਕੀਓ ਓਲੰਪਿਕਸ ਵਿੱਚ ਸਭ ਤੋਂ ਘੱਟ ਤਜਰਬੇਕਾਰ ਖਿਡਾਰੀ ਸੀ। ਹੁਣ ਉਹ ਭਾਰਤੀ ਫਾਰਵਰਡ ਲਾਈਨ ਦੇ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਹੈ। ਉਹ ਟੀਮ ਖੇਡ ਦਾ ਅਹਿਮ ਹਿੱਸਾ ਹੈ ਜੋ ਖੇਡ ਮੈਦਾਨ ਵਿੱਚ ਸ਼ਾਂਤਚਿੱਤ ਸੁਭਾਅ ਲਈ ਜਾਣਿਆ ਜਾਂਦਾ ਹੈ।
ਜਰਮਨਪ੍ਰੀਤ ਸਿੰਘ ਬੱਲ: ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜ਼ਦਾਨ ਦਾ ਵਸਨੀਕ ਜਰਮਨਪ੍ਰੀਤ ਸਿੰਘ ਆਪਣੀ ਸਾਬਤ ਸੂਰਤ ਦਿੱਖ ਅਤੇ ਲੰਮੇ ਕੱਦ ਕਾਰਨ ਹਾਕੀ ਫੀਲਡ ਵਿੱਚ ਵੱਖਰੀ ਹੀ ਪਛਾਣ ਰੱਖਦਾ ਹੈ। ਭਾਰਤੀ ਡਿਫੈਂਸ ਲਾਈਨ ਵਿੱਚ ਖੇਡਦਾ ਇਹ ਖਿਡਾਰੀ ਆਪਣੇ ਲੰਬੇ ਸਲੈਪ ਸ਼ਾਟ ਕਰਕੇ ਫਾਰਵਰਡ ਲਾਈਨ ਲਈ ਫੀਡਰ ਦਾ ਕੰਮ ਵੀ ਕਰਦਾ ਹੈ।
ਸੁਖਜੀਤ ਸਿੰਘ: ਅੰਮ੍ਰਿਤਸਰ ਜ਼ਿਲ੍ਹੇ ਦੇ ਜੱਦੀ ਪਿਛੋਕੜ ਵਾਲਾ ਸੁਖਜੀਤ ਸਿੰਘ ਜਲੰਧਰ ਸ਼ਹਿਰ ਦਾ ਵਸਨੀਕ ਹੈ। ਭਾਰਤੀ ਫਾਰਵਰਡ ਲਾਈਨ ਵਿੱਚ ਸ਼ਾਮਲ ਨਵੇਂ ਖਿਡਾਰੀਆਂ ਵਿੱਚੋਂ ਇੱਕ ਸੁਖਜੀਤ ਸਿੰਘ ਹਾਲ ਹੀ ਵਿੱਚ ਏਸ਼ਿਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਸੋਨ ਤਗ਼ਮਾ ਜੇਤੂ ਖਿਡਾਰੀ ਹੈ। ਡੀ ਅੰਦਰ ਉਹ ਬਹੁਤ ਕਾਰਗਾਰ ਸਾਬਤ ਹੁੰਦਾ ਹੈ।
ਉਕਤ ਅੱਠ ਖਿਡਾਰੀਆਂ ਤੋਂ ਇਲਾਵਾ ਗੋਲਚੀ ਕ੍ਰਿਸ਼ਨ ਬਹਾਦਰ ਪਾਠਕ ਅਤੇ ਡਰੈਗ ਫਲਿੱਕਰ ਜੁਗਰਾਜ ਸਿੰਘ ਭਾਰਤੀ ਟੀਮ ਵਿੱਚ ਰਾਖਵੇਂ ਖਿਡਾਰੀ ਵਜੋਂ ਸ਼ਾਮਲ ਹਨ।
ਅੰਜੁਮ ਮੌਦਗਿਲ: ਸਾਬਕਾ ਵਿਸ਼ਵ ਨੰਬਰ ਇੱਕ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਇਸ ਵਾਰ ਆਪਣੀ ਦੂਜੀ ਓਲੰਪਿਕਸ ਖੇਡ ਰਹੀ ਹੈ। ਪੰਜਾਬ ਪੁਲੀਸ ਵਿੱਚ ਸਬ ਇੰਸਪੈਕਟਰ ਵਜੋਂ ਤਾਇਨਾਤ ਅੰਜੁਮ ਮੌਦਗਿਲ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਵਿੱਚ ਹਿੱਸਾ ਲੈ ਰਹੀ ਹੈ। ਅਰਜੁਨ ਐਵਾਰਡ ਜੇਤੂ ਅੰਜੁਮ ਪੈਰਿਸ ਵਿਖੇ ਹਿੱਸਾ ਲੈ ਰਹੇ ਸੱਤ ਪੰਜਾਬੀ ਨਿਸ਼ਾਨੇਬਾਜ਼ਾਂ ਵਿੱਚੋਂ ਸਭ ਤੋਂ ਵੱਧ ਤਜਰਬੇਕਾਰ ਹੈ।
ਸਿਫ਼ਤ ਕੌਰ ਸਮਰਾ: ਭਾਰਤ ਦੀ ਉੱਭਰਦੀ ਅਤੇ ਸੰਭਾਵਨਾਵਾਂ ਭਰਪੂਰ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਏਸ਼ਿਆਈ ਖੇਡਾਂ ਵਿੱਚ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਜਿੱਤ ਚੁੱਕੀ ਹੈ। ਫਰੀਦਕੋਟ ਸ਼ਹਿਰ ਦੀ ਸਿਫ਼ਤ ਨੇ ਆਪਣੀ ਖੇਡ ਵਾਸਤੇ ਡਾਕਟਰੀ ਦੀ ਪੜ੍ਹਾਈ ਛੱਡ ਦਿੱਤੀ ਸੀ। ਉਹ ਅੰਜੁਮ ਦੇ ਨਾਲ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਵਿੱਚ ਹਿੱਸਾ ਲੈ ਰਹੀ ਹੈ।
ਰਾਜੇਸ਼ਵਰੀ ਕੁਮਾਰੀ: ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਵਾਰਸ ਰਾਜੇਸ਼ਵਰੀ ਕੁਮਾਰੀ ਟਰੈਪ ਸ਼ੂਟਿੰਗ ਵਿੱਚ ਹਿੱਸਾ ਲੈ ਰਹੀ ਹੈ। ਉਸ ਦੇ ਪਿਤਾ ਰਾਜਾ ਰਣਧੀਰ ਸਿੰਘ ਛੇ ਓਲੰਪਿਕਸ ਖੇਡ ਚੁੱਕੇ ਹਨ। ਭਾਰਤ ਵਿੱਚ ਪਹਿਲੀ ਵਾਰ ਪਿਓ-ਧੀ ਦੀ ਜੋੜੀ ਓਲੰਪੀਅਨ ਬਣੇਗੀ। ਰਾਜੇਸ਼ਵਰੀ ਨੇ ਵਿਸ਼ਵ ਕੱਪ ਅਤੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ।
ਅਰਜੁਨ ਬਬੂਟਾ: ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਕਸਬੇ ਦਾ ਜੰਮਪਲ ਅਤੇ ਮੁਹਾਲੀ ਰਹਿੰਦਾ ਅਰਜੁਨ ਬਬੂਟਾ 10 ਮੀਟਰ ਏਅਰ ਰਾਈਫਲ ਦੇ ਪੁਰਸ਼ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਹੈ। ਐਵਾਰਡ ਜੇਤੂ ਲੇਖਿਕਾ ਦੀਪਤੀ ਬਬੂਟਾ ਦਾ ਬੇਟਾ ਅਰਜੁਨ ਵਿਸ਼ਵ ਕੱਪ ਵਿੱਚ ਦੂਹਰਾ ਸੋਨ ਤਗ਼ਮਾ ਜਿੱਤ ਚੁੱਕਾ ਹੈ।
ਅਰਜੁਨ ਸਿੰਘ ਚੀਮਾ: ਮੰਡੀ ਗੋਬਿੰਦਗੜ੍ਹ ਦਾ ਵਸਨੀਕ ਅਰਜੁਨ ਸਿੰਘ ਚੀਮਾ 10 ਮੀਟਰ ਏਅਰ ਪਿਸਟਲ ਈਵੈਂਟ ਦੇ ਪੁਰਸ਼ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਹੈ। ਅਰਜੁਨ ਸਿੰਘ ਚੀਮਾ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਿਆ ਸੀ।
ਵਿਜੈਵੀਰ ਸਿੱਧੂ: ਮਾਨਸਾ ਦਾ ਜੰਮਪਲ ਅਤੇ ਮੁਹਾਲੀ ਰਹਿੰਦਾ ਵਿਜੈਵੀਰ ਸਿੱਧੂ 25 ਮੀਟਰ ਰੈਪਿਡ ਫਾਇਰ ਪਿਸਟਲ ਈਵੈਂਟ ਵਿੱਚ ਹਿੱਸਾ ਲੈ ਰਿਹਾ ਹੈ। ਵਿਜੈਵੀਰ ਤੇ ਉਦੈਵੀਰ ਜੌੜੇ ਭਰਾ ਹਨ ਜੋ ਜੂਨੀਅਰ ਵਿਸ਼ਵ ਕੱਪ ਮੁਕਾਬਲਿਆਂ ਤੋਂ ਭਾਰਤ ਲਈ ਤਗ਼ਮੇ ਜਿੱਤ ਰਹੇ ਹਨ। ਵਿਜੈਵੀਰ ਨੇ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਸੰਦੀਪ ਸਿੰਘ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਦਾ ਵਸਨੀਕ ਸੰਦੀਪ ਸਿੰਘ 10 ਮੀਟਰ ਏਅਰ ਰਾਈਫਲ ਦੇ ਪੁਰਸ਼ ਟੀਮ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਹੈ। ਉਸ ਨੇ ਕਰਾਸ ਕੰਟਰੀ ਭੱਜਣ ਤੋਂ ਆਪਣਾ ਖੇਡ ਜੀਵਨ ਸ਼ੁਰੂ ਕੀਤਾ। ਪਿਛਲੇ ਇੱਕ ਸਾਲ ਤੋਂ ਉਸ ਨੇ ਆਪਣੀ ਖੇਡ ਨਾਲ ਬਹੁਤ ਪ੍ਰਭਾਵਿਤ ਕੀਤਾ ਅਤੇ ਓਲੰਪਿਕਸ ਲਈ ਕੁਆਲੀਫਾਈ ਹੋਇਆ।
ਤੇਜਿੰਦਰ ਪਾਲ ਸਿੰਘ ਤੂਰ: ਮੋਗਾ ਦਾ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਸ਼ਾਟਪੁੱਟ ਥਰੋਅ ਵਿੱਚ ਦੂਜੀ ਵਾਰ ਓਲੰਪਿਕ ਖੇਡਣ ਜਾ ਰਿਹਾ ਹੈ। ਏਸ਼ੀਅਨ ਰਿਕਾਰਡ ਹੋਲਡਰ ਤੇਜਿੰਦਰ ਪਾਲ ਸਿੰਘ ਤੂਰ ਦੋ ਵਾਰ ਏਸ਼ਿਆਈ ਖੇਡਾਂ ਅਤੇ ਤਿੰਨ ਵਾਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਚੁੱਕਾ ਹੈ। ਉਹ ਅਰਜੁਨ ਐਵਾਰਡ ਜੇਤੂ ਅਥਲੀਟ ਹੈ।
ਅਕਸ਼ਦੀਪ ਸਿੰਘ: ਵੀਹ ਕਿਲੋਮੀਟਰ ਪੈਦਲ ਤੋਰ ਵਿੱਚ ਨੈਸ਼ਨਲ ਰਿਕਾਰਡ ਹੋਲਡਰ ਅਕਸ਼ਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦਾ ਵਸਨੀਕ ਹੈ। ਅਕਸ਼ਦੀਪ ਸਿੰਘ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਓਲੰਪੀਅਨ ਹੋਵੇਗਾ। ਨੈਸ਼ਨਲ ਚੈਂਪੀਅਨਸ਼ਿਪ ਵਿੱਚ ਨਵਾਂ ਰਿਕਾਰਡ ਬਣਾਉਣ ਵਾਲਾ ਅਕਸ਼ਦੀਪ ਸਿੰਘ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲੈ ਚੁੱਕਾ ਹੈ।
ਗਗਨਜੀਤ ਸਿੰਘ ਭੁੱਲਰ: ਮਾਝੇ ਦਾ ਜੰਮਪਲ ਅਤੇ ਕਪੂਰਥਲਾ ਰਹਿੰਦਾ ਗਗਨਜੀਤ ਸਿੰਘ ਭੁੱਲਰ ਗੌਲਫ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। 2006 ਵਿੱਚ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਚੁੱਕਾ ਗਗਨਜੀਤ ਸਿੰਘ ਪੇਸ਼ੇਵਾਰ ਗੌਲਫਰ ਹੈ ਅਤੇ ਇਸ ਵਾਰ ਗੌਲਫ ਖੇਡ ਵਿੱਚ ਓਲੰਪਿਕਸ ਵਿੱਚ ਉਸ ਤੋਂ ਬਹੁਤ ਉਮੀਦਾਂ ਹਨ।

Advertisement

ਸੰਪਰਕ: 97800-36216

Advertisement
Author Image

sukhwinder singh

View all posts

Advertisement
Advertisement
×